ਐੱਮਪੀ ਚੱਬੇਵਾਲ ਨੂੰ ਸੌਂਪਿਆ ਮੰਗ ਪੱਤਰ
ਜਨਗਣਨਾ ਰਜਿਸਟਰ ਵਿੱਚ ਰਵਿਦਾਸੀਆ ਧਰਮ ਨੂੰ ਵੱਖਰੇ ਰੂਪ ‘ਚ ਮਾਨਤਾ ਦਿੱਤੀ ਜਾਵੇ - ਡਾ. ਸਤੀਸ਼ ਸੁਮਨ
Publish Date: Sun, 17 May 2026 06:50 PM (IST)
Updated Date: Sun, 17 May 2026 06:51 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਡੇਰਾ ਸਚਖੰਡ ਬੱਲਾਂ ਦੇ ਟਰੱਸਟੀ ਮੈਂਬਰਾਂ ਵੱਲੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਸਮੇਤ ਦੇਸ਼ ਭਰ ਵਿੱਚ ਚੱਲ ਰਹੀ ਜਨਗਣਨਾ 2027 ਸਬੰਧੀ ਫਾਰਮਾਂ ਵਿੱਚ ‘ਰਵਿਦਾਸੀਆ ਧਰਮ’ ਨੂੰ ਵੱਖਰੇ ਧਾਰਮਿਕ ਕਾਲਮ ਵਜੋਂ ਸ਼ਾਮਲ ਕੀਤਾ ਜਾਵੇ। ਇਸ ਮੌਕੇ ਟਰੱਸਟੀ ਮੈਂਬਰ ਡਾ. ਸਤੀਸ਼ ਸੁਮਨ, ਨਿਰੰਜਨ ਚੀਮਾ ਅਤੇ ਸੇਠ ਦੇਸਰਾਜ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਮਨੁੱਖਤਾ, ਸਮਾਨਤਾ, ਬਰਾਬਰੀ, ਜਾਤ-ਪਾਤ ਰਹਿਤ ਸਮਾਜ ਅਤੇ ਆਧਿਆਤਮਿਕ ਆਜ਼ਾਦੀ ਦੇ ਮਹਾਨ ਪ੍ਰਚਾਰਕ ਸਨ। ਉਨ੍ਹਾਂ ਦੀ ਬਾਣੀ ਅਤੇ ਉਪਦੇਸ਼ ਅੱਜ ਵੀ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਹਨ। ਭਾਰਤ ਸਮੇਤ ਸੰਸਾਰ ਦੇ ਕਈ ਦੇਸ਼ਾਂ ਵਿੱਚ ਰਵਿਦਾਸੀਆ ਸਮਾਜ ਆਪਣੀ ਵੱਖਰੀ ਧਾਰਮਿਕ ਪਛਾਣ, ਪਰੰਪਰਾਵਾਂ, ਧਾਰਮਿਕ ਸਥਾਨਾਂ, ਨਿਸ਼ਾਨਾਂ ਅਤੇ ਆਸਥਾ ਪ੍ਰਣਾਲੀ ਨਾਲ ਮੌਜੂਦ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਹਰ ਨਾਗਰਿਕ ਨੂੰ ਆਪਣੀ ਆਸਥਾ ਮੁਤਾਬਿਕ ਧਰਮ ਨੂੰ ਮੰਨਣ, ਪ੍ਰਚਾਰ ਕਰਨ ਅਤੇ ਆਪਣੀ ਧਾਰਮਿਕ ਪਛਾਣ ਪ੍ਰਗਟ ਕਰਨ ਦਾ ਪੂਰਾ ਅਧਿਕਾਰ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਰਵਿਦਾਸੀਆ ਸਮਾਜ ਦੇ ਲੱਖਾਂ ਲੋਕ ਪਿਛਲੇ ਕਈ ਸਾਲਾਂ ਤੋਂ ਆਪਣੀ ਧਾਰਮਿਕ ਪਛਾਣ ਰਵਿਦਾਸੀਆ ਵਜੋਂ ਦਰਜ ਕਰਵਾਉਂਦੇ ਆ ਰਹੇ ਹਨ। ਦੇਸ਼ ਅਤੇ ਵਿਦੇਸ਼ ਵਿੱਚ ਰਵਿਦਾਸੀਆ ਧਾਰਮਿਕ ਸੰਸਥਾਵਾਂ, ਗੁਰੂ ਘਰ, ਸਭਾਵਾਂ ਅਤੇ ਸਮਾਜਿਕ ਸੰਗਠਨ ਸਰਗਰਮ ਤੌਰ ’ਤੇ ਕੰਮ ਕਰ ਰਹੇ ਹਨ। ਇਸ ਲਈ ਜਨਗਣਨਾ 2027 ਵਿੱਚ ਰਵਿਦਾਸੀਆ ਧਰਮ ਲਈ ਵੱਖਰਾ ਕਾਲਮ ਦੇਣਾ ਸੰਵਿਧਾਨਕ ਅਤੇ ਲੋਕਤਾਂਤ੍ਰਿਕ ਅਧਿਕਾਰਾਂ ਦੇ ਮੁਤਾਬਿਕ ਨਿਆਂ ਹੋਵੇਗਾ। ਉਨ੍ਹਾਂ ਦੱਸਿਆ ਕਿ ਮੰਗ ਪੱਤਰ ਵਿੱਚ ਇਹ ਮੰਗ ਵੀ ਕੀਤੀ ਗਈ ਹੈ ਕਿ ਰਵਿਦਾਸੀਆ ਸਮਾਜ ਦੇ ਪ੍ਰਤੀਨਿਧੀਆਂ ਨਾਲ ਸਰਕਾਰੀ ਪੱਧਰ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇ। ਰਵਿਦਾਸੀਆ ਸਮਾਜ ਦੀ ਧਾਰਮਿਕ ਪਛਾਣ ਅਤੇ ਅਧਿਕਾਰਾਂ ਦੀ ਸੰਵਿਧਾਨਕ ਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਭਰੋਸਾ ਜਤਾਇਆ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਇਸ ਮੌਕੇ ਰਾਜ ਕੁਮਾਰ ਫਿਲੌਰ, ਡਾ. ਕਮਲ ਸਾਂਪਲਾ, ਸੁਰਿੰਦਰ ਰਵਿਦਾਸੀਆ, ਜੋਗਿੰਦਰ ਖਲਵਾੜਾ, ਬਾਬਾ ਟੇਕ ਚੰਦ ਆਦਿ ਹਾਜ਼ਰ ਸਨ।