ਰਾਣਾ ਨੇ ਰਣ ਕੀਤਾ ਫਤਿਹ, ਨਿਗਮ ਤੇ ਕਾਂਗਰਸ ਦਾ ਸ਼ਾਨਦਾਰ ਕਬਜਾ

-ਲੋਕਾਂ ਨਾਲ ਸਿੱਧੇ ਰਾਬਤੇ ਨੇ ਰਾਣਾ ਨੂੰ ਦਿੱਤੀ ਵੱਡੀ ਤਾਕਤ, ਆਪ ਨੇ ਵੀ ਸ਼ਹਿਰ ’ਚ ਦਰਜ ਕਰਵਾਈ ਮਜ਼ਬੂਤ ਹਾਜ਼ਰੀ
ਹਰਨੇਕ ਸਿੰਘ ਜੈਨਪੁਰੀ ਪੰਜਾਬੀ ਜਾਗਰਣ
ਕਪੂਰਥਲਾ : ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਨੇ 31 ਸੀਟਾਂ ‘ਤੇ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਨਿਗਮ ‘ਤੇ ਆਪਣਾ ਸਪੱਸ਼ਟ ਕਬਜ਼ਾ ਕਾਇਮ ਕਰ ਲਿਆ ਹੈ। ਆਮ ਆਦਮੀ ਪਾਰਟੀ 11 ਸੀਟਾਂ ਨਾਲ ਦੂਜੇ ਨੰਬਰ ‘ਤੇ ਰਹੀ, ਜਦੋਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ 3-3 ਸੀਟਾਂ ਹੀ ਮਿਲੀਆਂ ਹਨ। ਇਸ ਤੋਂ ਇਲਾਵਾ 2 ਅਜ਼ਾਦ ਉਮੀਦਵਾਰ ਵੀ ਜੇਤੂ ਰਹੇ ਹਨ।
ਇਨ੍ਹਾਂ ਨਤੀਜਿਆਂ ਨਾਲ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਾ ਸਿਰਫ਼ ਆਪਣਾ ਸਿਆਸੀ ਵੱਕਾਰ ਤੇ ਪ੍ਰਭਾਵ ਬਰਕਰਾਰ ਰੱਖਿਆ ਹੈ, ਸਗੋਂ ਕਪੂਰਥਲਾ ਦੀ ਸਿਆਸਤ ਵਿਚ ਆਪਣਾ ਜਨ ਆਧਾਰ ਪਹਿਲਾਂ ਨਾਲੋਂ ਹੋਰ ਮਜ਼ਬੂਤ ਕਰ ਲਿਆ ਹੈ। ਸਿਆਸੀ ਮਾਹਿਰਾਂ ਮੁਤਾਬਿਕ ਇਹ ਜਿੱਤ ਕੇਵਲ ਕਾਂਗਰਸ ਦੀ ਨਹੀਂ, ਸਗੋਂ ਰਾਣਾ ਗੁਰਜੀਤ ਸਿੰਘ ਦੀ ਨਿੱਜੀ ਲੋਕਪ੍ਰਿਯਤਾ ਤੇ ਲੋਕਾਂ ਨਾਲ ਮਜ਼ਬੂਤ ਜੁੜਾਅ ’ਤੇ ਵੀ ਵੱਡੀ ਮੋਹਰ ਹੈ। ਇਸਨੇ ਇਹ ਸਾਬਿਤ ਕੀਤਾ ਹੈ ਕਿ ਕਪੂਰਥਲਾ ਦੀ ਸਿਆਸਤ ਵਿਚ ਅਜੇ ਵੀ ਰਾਣਾ ਗੁਰਜੀਤ ਸਿੰਘ ਦਾ ਦਬਦਬਾ ਕਾਇਮ ਹੈ। ਚੋਣ ਨਤੀਜਿਆਂ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਰਾਣਾ ਗੁਰਜੀਤ ਸਿੰਘ ਦੀ ਆਮ ਲੋਕਾਂ ਨਾਲ ਸਿੱਧੀ ਪਹੁੰਚ, ਹਰ ਦੁੱਖ-ਸੁੱਖ ਵਿਚ ਸ਼ਾਮਲ ਹੋਣ ਵਾਲੀ ਆਦਤ ਤੇ ਲੋਕ ਮੁੱਦਿਆਂ ‘ਤੇ ਤੁਰੰਤ ਹਾਜ਼ਰੀ ਨੇ ਵੋਟਰਾਂ ਦੇ ਮਨ ‘ਤੇ ਡੂੰਘਾ ਪ੍ਰਭਾਵ ਛੱਡਿਆ ਹੈ। ਹਲਕੇ ਦੇ ਸਮਾਜਿਕ, ਧਾਰਮਿਕ ਤੇ ਪਰਿਵਾਰਕ ਸਮਾਗਮਾਂ ਵਿਚ ਉਨ੍ਹਾਂ ਦੀ ਨਿਰੰਤਰ ਮੌਜੂਦਗੀ ਨੇ ਲੋਕਾਂ ਵਿਚ ਇਕ ਭਰੋਸੇਮੰਦ ਨੇਤਾ ਦੀ ਛਵੀ ਬਣਾਈ ਹੋਈ ਹੈ, ਜਿਸਦਾ ਲਾਭ ਕਾਂਗਰਸ ਨੂੰ ਚੋਣ ਨਤੀਜਿਆਂ ਵਿਚ ਖੁੱਲ੍ਹ ਕੇ ਮਿਲਿਆ। ਸਿਆਸੀ ਮਾਹਿਰਾਂ ਮੁਤਾਬਿਕ ਇਹ ਨਤੀਜੇ ਰਾਣਾ ਗੁਰਜੀਤ ਸਿੰਘ ਲਈ ਵੱਡੀ ਰਾਜਨੀਤਿਕ ਰਾਹਤ ਤੇ ਤਾਕਤ ਵਜੋਂ ਦੇਖੇ ਜਾ ਰਹੇ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ 11 ਸੀਟਾਂ ਜਿੱਤ ਕੇ ਨਿਗਮ ਦੀ ਸਿਆਸਤ ਵਿਚ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ ਹੈ। ਇਹ ਨਤੀਜੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਲਈ ਸਿਆਸੀ ਤੌਰ ‘ਤੇ ਵੱਡਾ ਸਹਾਰਾ ਮੰਨੇ ਜਾ ਰਹੇ ਹਨ। ਪਾਰਟੀ ਨੇ ਕਈ ਵਾਰਡਾਂ ਵਿਚ ਕਾਂਗਰਸ ਨੂੰ ਸਖ਼ਤ ਟੱਕਰ ਦਿੱਤੀ, ਜਿਸ ਨਾਲ ਆਉਣ ਵਾਲੀ ਸਿਆਸਤ ਵਿਚ ਆਪ ਨੂੰ ਨਜ਼ਰਅੰਦਾਜ਼ ਕਰਨਾ ਆਸਾਨ ਨਹੀਂ ਹੋਵੇਗਾ। ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਦੀ ਅਗਵਾਈ ਹੇਠ ਪਾਰਟੀ ਨੇ ਕਈ ਵਾਰਡਾਂ ਵਿਚ ਸਖ਼ਤ ਮੁਕਾਬਲਾ ਦਿੱਤਾ, ਜਿਸ ਨਾਲ ਆਪ ਦਾ ਸਿਆਸੀ ਆਧਾਰ ਮਜ਼ਬੂਤ ਹੋਣ ਦੇ ਸੰਕੇਤ ਮਿਲੇ ਹਨ। ਭਾਵੇਂ ਪਾਰਟੀ ਬਹੁਮਤ ਤੋਂ ਦੂਰ ਰਹੀ, ਪਰ ਨਤੀਜਿਆਂ ਨੇ ਇਹ ਜ਼ਰੂਰ ਦਰਸਾਇਆ ਕਿ ਸ਼ਹਿਰੀ ਖੇਤਰਾਂ ਵਿਚ ਆਪ ਦੀ ਪਕੜ ਪਹਿਲਾਂ ਨਾਲੋਂ ਵਧੀ ਹੈ। ਇਹ ਨਤੀਜੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਲਈ ਵੀ ਸਿਆਸੀ ਤੌਰ ‘ਤੇ ਅਹਿਮ ਮੰਨੇ ਜਾ ਰਹੇ ਹਨ, ਜਿਸਨੇ ਇਹ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਇਕ ਮਜ਼ਬੂਤ ਵਿਰੋਧੀ ਧਿਰ ਵਜੋਂ ਉਭਰ ਸਕਦੀ ਹੈ।
ਉੱਧਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਨਤੀਜੇ ਕਾਫੀ ਨਿਰਾਸ਼ਾਜਨਕ ਸਾਬਤ ਹੋਏ ਹਨ। ਦੋਵੇਂ ਪਾਰਟੀਆਂ ਸਿਰਫ਼ 3-3 ਸੀਟਾਂ ਤੱਕ ਹੀ ਸੀਮਿਤ ਰਹੀਆਂ। ਚੋਣਾਂ ਦੌਰਾਨ ਵੱਡੇ ਦਾਅਵੇ ਕਰਨ ਵਾਲੀਆਂ ਇਹ ਪਾਰਟੀਆਂ ਜਨਤਾ ਵਿਚ ਆਪਣਾ ਪ੍ਰਭਾਵ ਬਣਾਉਣ ਵਿਚ ਨਾਕਾਮ ਦਿਖਾਈ ਦਿੱਤੀਆਂ, ਜਿਸਦੀ ਉਮੀਦ ਕੀਤੀ ਜਾ ਰਹੀ ਸੀ। ਭਾਜਪਾ ਦੀ ਕਮਜ਼ੋਰ ਕਾਰਗੁਜ਼ਾਰੀ ਨਾਲ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਲਈ ਆਉਣ ਵਾਲਾ ਸਮਾਂ ਹੋਰ ਚੁਣੌਤੀਪੂਰਨ ਬਣ ਸਕਦਾ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਲਈ ਵੀ ਇਹ ਨਤੀਜੇ ਵੱਡਾ ਸਿਆਸੀ ਝਟਕਾ ਮੰਨੇ ਜਾ ਰਹੇ ਹਨ।
ਸਿਆਸੀ ਗਲਿਆਰਿਆਂ ਵਿਚ ਹੁਣ ਦੋਵੇਂ ਪਾਰਟੀਆਂ ਦੀ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਸਿਆਸੀ ਵਿਸ਼ਲੇਸ਼ਕਾਂ ਮੁਤਾਬਿਕ ਇਹ ਨਤੀਜੇ ਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਵਾਲੀਆ ਲਈ ਭਵਿੱਖ ਵਿਚ ਹੋਰ ਮਜ਼ਬੂਤ ਸੰਗਠਨਾਤਮਕ ਰਣਨੀਤੀ ਬਣਾਉਣ ਦੀ ਲੋੜ ਵੱਲ ਇਸ਼ਾਰਾ ਕਰਦੇ ਹਨ। ਸਿਆਸੀ ਗਲਿਆਰਿਆਂ ਵਿਚ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਆਖਿਰ ਦੋਵੇਂ ਰਵਾਇਤੀ ਪਾਰਟੀਆਂ ਸ਼ਹਿਰੀ ਵੋਟਰਾਂ ਦਾ ਭਰੋਸਾ ਜਿੱਤਣ ਵਿਚ ਨਾਕਾਮ ਕਿਉਂ ਰਹੀਆਂ।
ਕੁੱਲ ਮਿਲਾ ਕੇ ਨਗਰ ਨਿਗਮ ਕਪੂਰਥਲਾ ਦੇ ਨਤੀਜਿਆਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਸ਼ਹਿਰ ਦੀ ਸਿਆਸਤ ਵਿਚ ਅਜੇ ਵੀ ਰਾਣਾ ਗੁਰਜੀਤ ਸਿੰਘ ਦਾ ਪ੍ਰਭਾਵ ਤੇ ਲੋਕਾਂ ਨਾਲ ਉਨ੍ਹਾਂ ਦੀ ਨਜ਼ਦੀਕੀ ਸਭ ਤੋਂ ਵੱਡੀ ਸਿਆਸੀ ਤਾਕਤ ਬਣੀ ਹੋਈ ਹੈ। ਦੋ ਅਜ਼ਾਦ ਉਮੀਦਵਾਰਾਂ ਦੀ ਜਿੱਤ ਨੇ ਵੀ ਇਹ ਦਰਸਾਇਆ ਹੈ ਕਿ ਸਥਾਨਕ ਪੱਧਰ ‘ਤੇ ਨਿੱਜੀ ਅਕਸ ਤੇ ਲੋਕਲ ਮੁੱਦੇ ਅਜੇ ਵੀ ਚੋਣਾਂ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਨਿਗਮ ਚੋਣਾਂ ਦੇ ਇਹ ਨਤੀਜੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਲਈ ਵੀ ਵੱਡਾ ਸੰਕੇਤ ਮੰਨੇ ਜਾ ਰਹੇ ਹਨ, ਜਿਥੇ ਕਾਂਗਰਸ ਨੇ ਆਪਣੀ ਮਜ਼ਬੂਤ ਪਕੜ ਦਰਸਾਈ ਹੈ ਤੇ ਆਪ ਨੇ ਆਪਣੀ ਹਾਜ਼ਰੀ ਮਹਿਸੂਸ ਕਰਵਾਈ ਹੈ, ਉੱਧਰ ਭਾਜਪਾ-ਅਕਾਲੀ ਦਲ ਲਈ ਚਿੰਤਾ ਦੀ ਘੰਟੀ ਵੱਜਦੀ ਨਜ਼ਰ ਆ ਰਹੀ ਹੈ।