ਰਮਨ ਨਹਿਰਾ ਜ਼ਿਲ੍ਹਾ ਕੋਰ ਕਮੇਟੀ ਦੇ ਮੈਂਬਰ ਬਣੇ
ਫਗਵਾੜਾ ਤੋਂ ਪ੍ਰਸਿੱਧ ਸਮਾਜ ਸੇਵਕ ਰਮਨ ਨਹਿਰਾ ਮਨੁੱਖੀ ਅਧਿਕਾਰ ਕਮਿਸ਼ਨ ਦੀ ਜ਼ਿਲ੍ਹਾ ਕੋਰ ਕਮੇਟੀ ਦੇ ਮੈਂਬਰ ਬਣੇ
Publish Date: Mon, 06 Apr 2026 08:22 PM (IST)
Updated Date: Mon, 06 Apr 2026 08:25 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਤੇ ਚੰਡੀਗੜ੍ਹ (ਯੂਟੀ) ਮਨੁੱਖੀ ਅਧਿਕਾਰ ਕਮਿਸ਼ਨ ਨੇ ਕਪੂਰਥਲਾ ਜ਼ਿਲ੍ਹੇ ਲਈ ਕੋਰ ਕਮੇਟੀ ਦਾ ਗਠਨ ਕੀਤਾ ਹੈ। ਫਗਵਾੜਾ ਤੋਂ ਪ੍ਰਸਿੱਧ ਸਮਾਜ ਸੇਵਕ ਰਮਨ ਨਹਿਰਾ ਨੂੰ ਇਸ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਹ ਨਿਯੁਕਤੀਆਂ ਕਮਿਸ਼ਨ ਦੇ ਚੇਅਰਮੈਨ ਜਸਟਿਸ ਸੰਤ ਪ੍ਰਕਾਸ਼, ਮੈਂਬਰ ਜਸਟਿਸ ਗੁਰਬੀਰ ਸਿੰਘ ਤੇ ਪ੍ਰਸਿੱਧ ਸਮਾਜ ਸੇਵਕ ਜਤਿੰਦਰ ਸਿੰਘ ਸ਼ੰਟੀ ਨੇ ਕੀਤੀਆਂ। ਇਸ ਸਮਾਗਮ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੇ ਜਸਟਿਸ ਹਰਕੇਸ਼ ਮਨੂਜਾ ਤੇ ਜਸਟਿਸ ਨਮਿਤ ਕੁਮਾਰ ਮੁੱਖ ਮਹਿਮਾਨ ਸਨ। ਪੁਲਿਸ ਪ੍ਰਸ਼ਾਸਨ ਵੱਲੋਂ ਡੀਜੀਪੀ ਪੰਜਾਬ ਗੌਰਵ ਯਾਦਵ, ਡੀਜੀਪੀ ਚੰਡੀਗੜ੍ਹ ਡਾ. ਸਾਗਰ ਪ੍ਰੀਤ ਹੁੱਡਾ ਤੇ ਡੀਜੀਪੀ ਸਪੈਸ਼ਲ ਹਿਊਮਨ ਰਾਈਟਸ ਪੰਜਾਬ ਡਾ. ਨਰੇਸ਼ ਅਰੋੜਾ ਨੇ ਸ਼ਿਰਕਤ ਕੀਤੀ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਉਪ ਚੇਅਰਪਰਸਨ ਗੁਰਜੀਤ ਰੁਚੀ ਬਾਵਾ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਵੀ ਸ਼ਾਮਲ ਹੋਏ। ਇਸ ਮੌਕੇ ਸਮਾਜ ਸੇਵਕ ਰਮਨ ਨਹਿਰਾ ਤੋਂ ਇਲਾਵਾ, ਐਡਵੋਕੇਟ ਚੰਦਨ ਪੁਰੀ, ਸੁਨੀਲ ਕੁਮਾਰ, ਸਲੀਮ ਮਸੀਹ, ਸੰਜੇ ਸੈਣੀ, ਹਰਪ੍ਰੀਤ ਸਿੰਘ, ਨੰਦ ਸੋਨੀ, ਪੀਯੂਸ਼ ਸੋਨੀ, ਰਾਜਮਨੀ ਤੇ ਗੁਰਜੋਤ ਸਿੰਘ ਨੂੰ ਵੀ ਕਪੂਰਥਲਾ ਜ਼ਿਲ੍ਹੇ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਰਮਨ ਨਹਿਰਾ, ਹਿਊਮਨ ਰਾਈਟਸ ਕੌਂਸਲ ਇੰਡੀਆ (ਐਂਟੀ ਕੁਰਪੱਸ਼ਨ ਸੈੱਲ) ਦੇ ਪੰਜਾਬ ਪ੍ਰਧਾਨ ਵੀ ਹਨ। ਇਸ ਤੋਂ ਇਲਾਵਾ ਰਮਨ ਨਹਿਰਾ ਖੱਤਰੀ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ, ਭਾਜਪਾ ਐੱਨਜੀਓ ਸੈੱਲ ਪੰਜਾਬ ਦੇ ਕਾਰਜਕਾਰੀ ਮੈਂਬਰ, ਵਿਸ਼ਵ ਹਿੰਦੂ ਸੰਘ ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ, ਪੰਜਾਬ ਸਰਕਾਰ ਦੇ ਖੱਤਰੀ ਅਰੋੜਾ ਭਲਾਈ ਬੋਰਡ ਦੇ ਸਾਬਕਾ ਮੈਂਬਰ ਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਫਗਵਾੜਾ ਸ਼ਹਿਰੀ ਪ੍ਰਧਾਨ ਹਨ। ਫਗਵਾੜਾ ਦੇ ਇਕ ਪ੍ਰਸਿੱਧ ਸਮਾਜ ਸੇਵਕ ਰਮਨ ਨਹਿਰਾ ਲੰਬੇ ਸਮੇਂ ਤੋਂ ਸਮਾਜ ਸੇਵਾ ਵਿਚ ਸਰਗਰਮੀ ਨਾਲ ਸ਼ਾਮਲ ਰਹੇ ਹਨ, ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਗਠਨਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਨਿਯੁਕਤੀ ਫਗਵਾੜਾ ਦੇ ਨਾਲ-ਨਾਲ ਕਪੂਰਥਲਾ ਜ਼ਿਲ੍ਹੇ ਲਈ ਇਕ ਮਾਣ ਵਾਲੀ ਪ੍ਰਾਪਤੀ ਮੰਨੀ ਜਾਂਦੀ ਹੈ। ਆਪਣੀ ਨਿਯੁਕਤੀ ਤੇ ਖੁਸ਼ੀ ਪ੍ਰਗਟ ਕਰਦੇ ਹੋਏ, ਸਮਾਜ ਸੇਵਕ ਰਮਨ ਨਹਿਰਾ ਨੇ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਤੇ ਫਗਵਾੜਾ ਦੇ ਪਤਵੰਤਿਆਂ, ਪੰਜਾਬ ਤੇ ਚੰਡੀਗੜ੍ਹ (ਯੂਟੀ) ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਰੇ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਸ਼ੁਭਕਾਮਨਾਵਾਂ ਦਿੱਤੀਆਂ।