ਬਾਰਿਸ਼ ਤੇ ਤੇਜ ਹਵਾਵਾਂ ਨੇ ਕਣਕ ਦੀਆਂ ਜੜ੍ਹਾਂ ਹਿਲਾਈਆਂ
ਬਾਰਿਸ਼ ਤੇ ਤੇਜ ਹਵਾਵਾਂ ਨੇ ਕਣਕ ਦੀ ਫਸਲ ਦੀਆਂ ਜੜ੍ਹਾਂ ਹਿਲਾਈਆਂ
Publish Date: Mon, 16 Mar 2026 09:08 PM (IST)
Updated Date: Mon, 16 Mar 2026 09:13 PM (IST)

ਪੱਕਣ ਕਿਨਾਰੇ ਖੜੀ ਕਣਕ ਦੀ ਫਸਲ ਧਰਤੀ ਤੇ ਵਿੱਛੀ, ਝਾੜ ਘਟਣ ਦਾ ਖਦਸ਼ਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਦਿਨ ਤੋਂ ਹੋ ਰਹੀ ਬਾਰਿਸ਼ ਤੇ ਚੱਲੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਸੋਨੇ ਵਰਗੀ ਕਣਕ ਦੀ ਫਸਲ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਤੇ ਬਹੁਤ ਸਾਰੇ ਖੇਤਾਂ ਵਿਚ ਕਣਕ ਦੀ ਫਸਲ ਪੂਰੀ ਤਰ੍ਹਾਂ ਨਾਲ ਵਿਛ ਚੁੱਕੀ ਹੈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਿਚ ਹੋਰ ਵਾਧਾ ਹੋਇਆ ਹੈ। ਸਮੁੱਚੇ ਸੁਲਤਾਨਪੁਰ ਲੋਧੀ ਇਲਾਕੇ ਵਿਚ ਬੀਤੇ ਦਿਨ ਤੋਂ ਰੁਕ-ਰੁਕ ਕੇ ਹੋਈ ਬਾਰਿਸ਼ ਤੇ ਚੱਲੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਲਈ ਵੱਡੀ ਚਿੰਤਾ ਖੜੀ ਕਰ ਦਿੱਤੀ ਹੈ। ਕਈ ਪਿੰਡਾਂ ਵਿਚ ਪੱਕ ਕੇ ਤਿਆਰ ਹੋਈ ਕਣਕ ਦੀ ਫਸਲ ਜ਼ਮੀਨ ’ਤੇ ਪੂਰੀ ਤਰ੍ਹਾਂ ਨਾਲ ਵਿਛ ਗਈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਦਾ ਡਰ ਸਤਾਉਣ ਲੱਗਾ ਹੈ। ਬੇ-ਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਿਚ ਭਾਰੀ ਵਾਧਾ ਕੀਤਾ ਹੈ। ਲਗਾਤਾਰ ਹੋ ਰਹੀ ਬਾਰਸ਼ ਨੇ ਆਲੂ ਉਤਪਾਦਕ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਬੀਤੀ ਰਾਤ ਤੇ ਦਿਨ ਵੇਲੇ ਹੋਈ ਬਾਰਸ਼ ਕਾਰਨ ਆਲੂ ਵਾਲੇ ਖੇਤਾਂ ਵਿਚ ਆਲੂ ਦੀ ਪੁਟਾਈ ਦਾ ਕੰਮ ਰੁਕ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਜ਼ਿਆਦਾ ਬਾਰਿਸ਼ ਹੋ ਗਈ ਤਾਂ ਆਲੂ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚੇਗਾ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਕਾਫੀ ਨੁਕਸਾਨ ਹੋਵੇਗਾ। ਕਣਕ ਦੀ ਫਸਲ ਦੇ ਝਾੜ ’ਤੇ ਪਵੇਗਾ ਅਸਰ : ਧੰਜੂ ਬਲਾਕ ਖੇਤੀਬਾੜੀ ਦਫਤਰ ਦੇ ਖੇਤੀਬਾੜੀ ਅਧਿਕਾਰੀ ਜਸਪਾਲ ਸਿੰਘ ਧੰਜੂ ਨੇ ਕਿਹਾ ਕਿ ਬੀਤੀ ਰਾਤ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਤੇ ਹੋਈ ਬਾਰਿਸ਼ ਕਾਰਨ ਕੁਝ ਖੇਤਾਂ ਵਿਚ ਕਣਕ ਦੀ ਫਸਲ ਪੂਰੀ ਤਰ੍ਹਾਂ ਨਾਲ ਵਿਛ ਚੁੱਕੀ ਹੈ ਤੇ ਕਣਕ ਦੀ ਫਸਲ ਦੀਆਂ ਜੜਾਂ ਹਿਲਣ ਨਾਲ ਪੱਕਣ ਕਿਨਾਰੇ ਖੜ੍ਹੀ ਕਣਕ ਦੇ ਝਾੜ ’ਤੇ ਅਸਰ ਪਵੇਗਾ। ਬਾਰਿਸ਼ ਹੋਣ ਨਾਲ ਮੱਕੀ ਦੀ ਬਿਜਾਈ ਵੀ ਲੇਟ ਹੋ ਜਾਵੇਗੀ। ਹਲਕਾ ਸੁਲਤਾਨਪੁਰ ਲੋਧੀ ਦੇ ਕੁਝ ਪਿੰਡਾਂ ਵਿਚ ਗੜੇਮਾਰੀ ਵੀ ਹੋਈ ਹੈ, ਜਿਸ ਨਾਲ ਠੰਢ ਦਾ ਅਸਰ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਤੋਂ ਹੋ ਰਹੀ ਬਾਰਸ਼ ਨਾਲ ਹਾਲ ਦੀ ਘੜੀ ਫ਼ਸਲਾਂ ਖਾਸ ਕਰਕੇ ਆਲੂ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਅਤੇ ਜੇਕਰ ਜ਼ਿਆਦਾ ਬਾਰਸ਼ ਕਾਰਨ ਖੇਤਾਂ ਵਿਚ ਵਾਧੂ ਪਾਣੀ ਖੜ੍ਹਾ ਹੁੰਦਾ ਹੈ ਤਾਂ ਉਸ ਨੂੰ ਕੱਢਣ ਦਾ ਤੁਰੰਤ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਆਲੂ ਦੀ ਫਸਲ ਨੂੰ ਨੁਕਸਾਨ ਨਾ ਹੋਵੇ।