ਮਾਂ ਬੋਲੀ ਤੋਂ ਦੂਰ ਹੋ ਰਹੇ ਪੰਜਾਬੀ, ਸੱਭਿਆਚਾਰ ਲਈ ਵੱਡੀ ਚੇਤਾਵਨੀ
ਮਾਂ ਬੋਲੀ ਪੰਜਾਬੀ ਤੋਂ ਦੂਰ ਹੁੰਦੇ ਪੰਜਾਬੀ—ਪਛਾਣ ਤੇ ਸੱਭਿਆਚਾਰ ਲਈ ਵੱਡੀ ਚੇਤਾਵਨੀ : ਵਿਦਵਾਨਾਂ ਨੇ ਜਤਾਈ ਚਿੰਤਾ
Publish Date: Sun, 10 May 2026 08:08 PM (IST)
Updated Date: Sun, 10 May 2026 08:09 PM (IST)

ਕਵੀ ਧਨੀ ਰਾਮ ਚਾਤ੍ਰਿਕ ਦੀ ਕਵਿਤਾ ‘ਤ੍ਰੈ ਮਾਵਾਂ’ ਦਾ ਸੰਦੇਸ਼ ਅੱਜ ਵੀ ਪ੍ਰਸੰਗਿਕ, ਮਾਂ ਬੋਲੀ ਨੂੰ ਬਚਾਉਣ ਲਈ ਸਾਂਝੀ ਜ਼ਿੰਮੇਵਾਰੀ ਦੀ ਲੋੜ : ਸੋਨੀਆ, ਖੈੜਾ, ਰਾਣਾ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਅੱਜ ਦੇ ਆਧੁਨਿਕ ਤੇ ਤਕਨੀਕੀ ਯੁੱਗ ਵਿਚ ਜਿਥੇ ਲੋਕ ਤਰੱਕੀ ਦੇ ਨਾਂ ‘ਤੇ ਨਵੀਆਂ ਭਾਸ਼ਾਵਾਂ ਤੇ ਸਭਿਆਚਾਰਾਂ ਵੱਲ ਤੇਜ਼ੀ ਨਾਲ ਵੱਧ ਰਹੇ ਹਨ, ਉਥੇ ਹੀ ਆਪਣੀ ਮਾਂ ਬੋਲੀ ਪੰਜਾਬੀ ਤੋਂ ਦੂਰੀ ਵੀ ਚਿੰਤਾਜਨਕ ਢੰਗ ਨਾਲ ਵਧ ਰਹੀ ਹੈ। ਪੰਜਾਬੀ ਭਾਸ਼ਾ, ਜੋ ਸਾਡੀ ਪਛਾਣ, ਸੱਭਿਆਚਾਰ ਤੇ ਵਿਰਾਸਤ ਦੀ ਅਟੁੱਟ ਨਿਸ਼ਾਨੀ ਹੈ, ਅੱਜ ਆਪਣੇ ਹੀ ਘਰਾਂ ਵਿਚ ਅਣਦੇਖੀ ਦਾ ਸ਼ਿਕਾਰ ਬਣਦੀ ਨਜ਼ਰ ਆ ਰਹੀ ਹੈ। ਇਤਿਹਾਸਕਾਰਾਂ ਅਨੁਸਾਰ ਪੰਜਾਬੀ ਭਾਸ਼ਾ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਤੇ ਇਸ ਦੀਆਂ ਜੜਾਂ ਪ੍ਰਾਚੀਨ ਸਮੇਂ ਤੱਕ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਰਾਜਾ ਪੋਰਸ ਦੇ ਸਮੇਂ ਵੀ ਬਿਆਸ ਦਰਿਆ ਦੇ ਆਲੇ-ਦੁਆਲੇ ਪੰਜਾਬੀ ਬੋਲੀ ਜਾਂਦੀ ਸੀ। ਅੱਜ ਇਹ ਭਾਸ਼ਾ ਭਾਰਤ ਤੇ ਪਾਕਿਸਤਾਨ ਦੇ ਪੰਜਾਬੀ ਖੇਤਰਾਂ ਵਿਚ ਵਿਆਪਕ ਤੌਰ ‘ਤੇ ਬੋਲੀ ਜਾਂਦੀ ਹੈ, ਪਰ ਇਸਦੀ ਅਸਲ ਕਦਰ ਤੇ ਵਰਤੋਂ ਘਟਦੀ ਜਾ ਰਹੀ ਹੈ। ਸਮਾਜ ਵਿਚ ਅਕਸਰ ਪੰਜਾਬੀ ਭਾਸ਼ਾ ਨੂੰ ਧਰਮ ਨਾਲ ਜੋੜ ਕੇ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਇਸਦੀ ਏਕਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਹਾਲਾਂਕਿ ਪੰਜਾਬੀ ਕਿਸੇ ਇਕ ਧਰਮ ਦੀ ਨਹੀਂ, ਸਗੋਂ ਹਰ ਉਸ ਵਿਅਕਤੀ ਦੀ ਭਾਸ਼ਾ ਹੈ ਜੋ ਆਪਣੇ ਆਪ ਨੂੰ ਪੰਜਾਬੀ ਮੰਨਦਾ ਹੈ। ਇਸ ਸੰਦਰਭ ਵਿਚ ਕਵੀ ਧਨੀ ਰਾਮ ਚਾਤ੍ਰਿਕ ਦੀ ਪ੍ਰਸਿੱਧ ਕਵਿਤਾ ‘ਤ੍ਰੈ ਮਾਵਾਂ’ ਅੱਜ ਵੀ ਲੋਕਾਂ ਨੂੰ ਜਾਗਰੂਕ ਕਰਦੀ ਹੈ। ਇਸ ਕਵਿਤਾ ਵਿਚ ਉਹ ਤਿੰਨ ਮਾਵਾਂ ਜਨਮ ਦੇਣ ਵਾਲੀ ਮਾਂ, ਧਰਤੀ ਮਾਤਾ ਤੇ ਮਾਂ ਬੋਲੀ ਪੰਜਾਬੀ ਦਾ ਜ਼ਿਕਰ ਕਰਦੇ ਹਨ। ਅਫਸੋਸ ਦੀ ਗੱਲ ਹੈ ਕਿ ਅੱਜ ਸਭ ਤੋਂ ਵੱਧ ਅਣਦੇਖੀ ਇਸ ਤੀਜੀ ਮਾਂ ਦੀ ਹੋ ਰਹੀ ਹੈ। ਪੰਜਾਬੀ ਭਾਸ਼ਾ ਨੇ ਸਾਡੇ ਸੱਭਿਆਚਾਰ ਨੂੰ ਜਿਊਂਦਾ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਗੁਰਬਾਣੀ, ਸੂਫੀ ਕਲਾਮ, ਕਿੱਸੇ, ਲੋਕ-ਗਾਥਾਵਾਂ ਤੇ ਹੋਰ ਸ਼ਾਹਕਾਰ ਰਚਨਾਵਾਂ ਇਸਦੀ ਮਹਾਨਤਾ ਦਾ ਪ੍ਰਮਾਣ ਹਨ। ਇਹ ਸਿਰਫ ਇਕ ਭਾਸ਼ਾ ਨਹੀਂ, ਸਗੋਂ ਸਾਡੀ ਵਿਰਾਸਤ ਤੇ ਜਜ਼ਬਾਤਾਂ ਦਾ ਪ੍ਰਗਟਾਵਾ ਹੈ। ਵਿਦਵਾਨਾਂ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਭਾਵੇਂ ਉਹ ਸਿੱਖ, ਹਿੰਦੂ, ਮੁਸਲਮਾਨ ਜਾਂ ਇਸਾਈ ਹੋਵ ਪਰ ਆਪਣੇ-ਆਪ ਨੂੰ ਪੰਜਾਬੀ ਮੰਨਦਾ ਹੈ, ਉਹ ਮਾਂ ਬੋਲੀ ਪੰਜਾਬੀ ਨੂੰ ਬੋਲਣ, ਪੜ੍ਹਨ ਤੇ ਲਿਖਣ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਏ, ਤਾਂ ਜੋ ਇਹ ਅਨਮੋਲ ਧਰੋਹਰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰਹੇ। ---------- ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੀ ਮਾਂ ਬੋਲੀ ਤੋਂ ਦੂਰ ਹੋ ਗਏ ਤਾਂ ਅਸੀਂ ਆਪਣੀ ਅਸਲੀ ਪਛਾਣ ਵੀ ਗੁਆ ਬੈਠਾਂਗੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਘਰਾਂ, ਸਕੂਲਾਂ ਤੇ ਸਮਾਜਿਕ ਜੀਵਨ ਵਿਚ ਪਹਿਲ ਦੇਣ ਦੀ ਲੋੜ ਹੈ ਤਾਂ ਜੋ ਨਵੀਂ ਪੀੜ੍ਹੀ ਆਪਣੀਆਂ ਜੜਾਂ ਨਾਲ ਜੁੜੀ ਰਹੇ। ------------- ਉੱਘੇ ਸ਼ਾਸ਼ਤਰੀ ਵਿਦਵਾਨ ਤੇ ਸਟੇਟ ਐਵਾਰਡੀ ਰੌਸ਼ਨ ਖੈੜਾ ਨੇ ਕਿਹਾ ਕਿ ਕੋਈ ਵੀ ਕੌਮ ਆਪਣੀ ਮਾਂ ਬੋਲੀ ਤੋਂ ਬਿਨਾਂ ਲੰਮਾ ਸਮਾਂ ਆਪਣੀ ਸੱਭਿਆਚਾਰਕ ਪਛਾਣ ਕਾਇਮ ਨਹੀਂ ਰੱਖ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬੀ ਸਿਰਫ ਬੋਲਚਾਲ ਦੀ ਭਾਸ਼ਾ ਨਹੀਂ, ਸਗੋਂ ਸਾਡੀ ਰੂਹ ਤੇ ਇਤਿਹਾਸ ਨਾਲ ਜੁੜੀ ਹੋਈ ਵਿਰਾਸਤ ਹੈ। ------------ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਸਵਰਨ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਗੁਰੂਆਂ, ਸੂਫੀਆਂ ਤੇ ਲੋਕ ਕਵੀਆਂ ਦੀ ਬੋਲੀ ਹੈ। ਇਸ ਨੂੰ ਬਚਾਉਣ ਲਈ ਸਾਂਝੇ ਉਪਰਾਲਿਆਂ ਦੀ ਲੋੜ ਹੈ ਤੇ ਹਰ ਪੰਜਾਬੀ ਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਤੇ ਲਿਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ------------ ਮੁੱਖ ਸਲਾਹਕਾਰ ਐਡਵੋਕੇਟ ਰਾਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਧਰਮ ਜਾਂ ਵਰਗਾਂ ਵਿਚ ਵੰਡਣਾ ਬਹੁਤ ਹੀ ਦੁੱਖਦਾਈ ਗੱਲ ਹੈ। ਪੰਜਾਬੀ ਹਰ ਉਸ ਵਿਅਕਤੀ ਦੀ ਭਾਸ਼ਾ ਹੈ ਜੋ ਪੰਜਾਬ ਦੀ ਮਿੱਟੀ ਤੇ ਸਭਿਆਚਾਰ ਨਾਲ ਪਿਆਰ ਕਰਦਾ ਹੈ। ------------- ਸਾਹਿਤ ਸਭਾ ਦੇ ਸਕੱਤਰ ਮੁਖ਼ਤਾਰ ਸਿੰਘ ਚੰਦੀ ਨੇ ਕਿਹਾ ਕਿ ਮਾਂ ਬੋਲੀ ਨੂੰ ਬਚਾਉਣ ਲਈ ਸਿਰਫ ਸਰਕਾਰਾਂ ਨਹੀਂ, ਸਗੋਂ ਹਰ ਪਰਿਵਾਰ ਤੇ ਸਮਾਜਿਕ ਸੰਸਥਾ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਜੇ ਅਸੀਂ ਰੋਜ਼ਾਨਾ ਜੀਵਨ ਵਿਚ ਪੰਜਾਬੀ ਨੂੰ ਤਰਜੀਹ ਦੇਵਾਂਗੇ ਤਾਂ ਇਹ ਭਾਸ਼ਾ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਮਜ਼ਬੂਤੀ ਨਾਲ ਕਾਇਮ ਰਹੇਗੀ।