ਕਪੂਰਥਲਾ ਦੇ ਤਰਬੂਜ਼ ਮੇਲੇ ‘ਚ ਛਾਈ ਪੰਜਾਬ ਮਿਠਾਸ
ਕਪੂਰਥਲਾ ਦੇ ਤਰਬੂਜ਼ ਮੇਲੇ ‘ਚ ਛਾਈ ਪੰਜਾਬ ਮਿਠਾਸ
Publish Date: Sat, 30 May 2026 08:17 PM (IST)
Updated Date: Sat, 30 May 2026 08:20 PM (IST)

-ਕੇਵੀਕੇ ਕਪੂਰਥਲਾ ਵੱਲੋਂ ਕਰਵਾਏ ਮੇਲੇ ’ਚ ਘੱਟ ਲਾਗਤ ਵਾਲੀ ਕਿਸਮ ਨੂੰ ਮਿਲੀ ਭਰਪੂਰ ਸ਼ਲਾਘਾ ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ ਅਧੀਨ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਕਪੂਰਥਲਾ ਵੱਲੋਂ ਪਿੰਡ ਬਿਹਾਰੀਪੁਰ ਵਿਖੇ ਕਿਸਾਨ ਨਿਰਮਲ ਸਿੰਘ ਦੇ ਖੇਤ ਵਿਚ “ਤਰਬੂਜ਼ ਮੇਲਾ” ਕਰਵਾਇਆ ਗਿਆ, ਜਿਸ ਦੌਰਾਨ “ਪੰਜਾਬ ਮਿਠਾਸ” ਕਿਸਮ ਨੇ ਖਾਸ ਖਿੱਚ ਦਾ ਕੇਂਦਰ ਬਣ ਕੇ ਖੂਬ ਵਾਹ-ਵਾਹ ਲੁੱਟੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਕਪੂਰਥਲਾ ਤਰਬੂਜ਼ ਦੀ ਖੇਤੀ ਲਈ ਦੇਸ਼ ਭਰ ’ਚ ਪ੍ਰਸਿੱਧ ਹੈ, ਜਿਥੇ ਕਿਸਾਨ ਜੰਨਤ, ਮੰਨਤ ਤੇ ਸੈਂਚੁਰੀ ਵਰਗੇ ਮਹਿੰਗੇ ਪ੍ਰਾਈਵੇਟ ਹਾਈਬ੍ਰਿਡ ਬੀਜ ਵੱਡੇ ਪੱਧਰ ‘ਤੇ ਵਰਤਦੇ ਹਨ। ਇਨ੍ਹਾਂ ਬੀਜਾਂ ਦੀ ਉੱਚੀ ਕੀਮਤ ਨੂੰ ਦੇਖਦੇ ਹੋਏ ਕੇਵੀਕੇ ਕਪੂਰਥਲਾ ਵੱਲੋਂ “ਪੰਜਾਬ ਮਿਠਾਸ” ਕਿਸਮ ਦੀਆਂ ਕਿਸਾਨਾਂ ਦੇ ਖੇਤਾਂ ਵਿਚ 10 ਪ੍ਰਦਰਸ਼ਨੀਆਂ ਲਗਾਈਆਂ ਗਈਆਂ ਤਾਂਕਿ ਕਿਸਾਨਾਂ ਨੂੰ ਘੱਟ ਲਾਗਤ ਵਾਲਾ ਬਿਹਤਰ ਬਦਲ ਉਪਲਬਧ ਕਰਵਾਇਆ ਜਾ ਸਕੇ। ਇਹ ਕਿਸਮਾਂ ਕਿਸਾਨਾਂ ’ਚ ਕਾਫੀ ਲੋਕਪ੍ਰਿਆ ਹੋ ਰਹੀਆਂ ਹਨ। ਇਸ ਪ੍ਰੋਗਰਾਮ ਦੌਰਾਨ ਡਾ. ਅਮਨਦੀਪ ਕੌਰ, ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ “ਪੰਜਾਬ ਮਿਠਾਸ” ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੇ ਫਲ ਅੰਡਾਕਾਰ ਹੁੰਦੇ ਹਨ ਤੇ ਇਸ ਵਿਚ 10.0° ਬ੍ਰਿਕਸ ਟੀਐੱਸਐੱਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪੈਦਾਵਾਰ ਸਮਰੱਥਾ 179 ਕੁਇੰਟਲ ਪ੍ਰਤੀ ਏਕੜ ਹੈ ਤੇ ਇਸ ਦੇ ਬੀਜ ਦੀ ਕੀਮਤ ਕੇਵਲ 8 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜੋ ਪ੍ਰਾਈਵੇਟ ਹਾਈਬ੍ਰਿਡ ਬੀਜਾਂ ਨਾਲੋਂ ਕਾਫੀ ਘੱਟ ਹੈ। ਡਾ. ਹਰਿੰਦਰ ਸਿੰਘ, ਇੰਚਾਰਜ ਕੇਵੀਕੇ ਕਪੂਰਥਲਾ ਨੇ ਕਿਹਾ ਕਿ ਅਜਿਹੇ ਮੇਲੇ ਕਿਸਾਨਾਂ ਵਿਚ ਨਵੀਂ ਤਕਨੀਕ ਤੇ ਘੱਟ ਲਾਗਤ ਵਾਲੀਆਂ ਕਿਸਮਾਂ ਨੂੰ ਪ੍ਰਚਾਰਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਵੱਧ ਪੈਦਾਵਾਰ ਲਈ ਨਰਸਰੀ ਰਾਹੀਂ ਬਿਜਾਈ ਦੀ ਵਿਧੀ ਵੀ ਅਪਣਾਈ ਜਾ ਸਕਦੀ ਹੈ। ਡਾ. ਸੁਮਨ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਕਿਸਾਨਾਂ ਨੂੰ ਕੀੜੇ-ਮਕੌੜਿਆਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਤੇ ਇਕਸਾਰ ਕੀਟ ਪ੍ਰਬੰਧਨ ਤਕਨੀਕਾਂ ਅਪਣਾਉਣ ਦੀ ਸਲਾਹ ਦਿੱਤੀ। ਇਸ ਮੌਕੇ ਪ੍ਰਗਤੀਸ਼ੀਲ ਕਿਸਾਨ ਹਰਮਨਦੀਪ ਸਿੰਘ ਨੇ ਕੇਵੀਕੇ ਕਪੂਰਥਲਾ ਵੱਲੋਂ ਘੱਟ ਲਾਗਤ ਤੇ ਵੱਧ ਉਤਪਾਦਨ ਵਾਲੀਆਂ ਕਿਸਮਾਂ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਵਿਗਿਆਨੀਆਂ ਵਿਚਕਾਰ ਅਜਿਹੀਆਂ ਗੱਲਬਾਤਾਂ ਖੇਤੀਬਾੜੀ ਤਕਨੀਕਾਂ ਦੇ ਤੇਜ਼ੀ ਨਾਲ ਪ੍ਰਸਾਰ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ। ਤਰਬੂਜ਼ ਮੇਲੇ ਦੌਰਾਨ ਹਾਜ਼ਰੀਨਾਂ ਨੇ “ਪੰਜਾਬ ਮਿਠਾਸ” ਦੇ ਸੁਆਦ ਦਾ ਵੀ ਅਨੰਦ ਮਾਣਿਆ। ਪ੍ਰੋਗਰਾਮ ਦੇ ਅੰਤ ਵਿਚ ਸ੍ਰੀਮਤੀ ਅਵਨੀਤ ਕੌਰ ਅਹੂਜਾ, ਸਹਿਯੋਗੀ ਪ੍ਰੋਫੈਸਰ (ਗ੍ਰਿਹ ਵਿਗਿਆਨ) ਨੇ ਸਾਰੇ ਮਹਿਮਾਨਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ।