ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵੱਲੋਂ ਵਪਾਰੀਆਂ ਨਾਲ ਮੀਟਿੰਗ ਅੱਜ : ਕੰਵਰ
ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵੱਲੋਂ ਵਪਾਰੀਆਂ ਨਾਲ ਮੀਟਿੰਗ ਅੱਜ : ਕੰਵਰ ਇਕਬਾਲ ਸਿੰਘ
Publish Date: Tue, 17 Feb 2026 08:54 PM (IST)
Updated Date: Tue, 17 Feb 2026 08:57 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਵਪਾਰ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ ਬਣਾਏ ਗਏ ਤੇ ਸਰਕਾਰ ਦੀ ਹੀ ਯੋਗ ਅਗਵਾਈ ਹੇਠ ਚੱਲ ਰਹੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ, ਪੰਜਾਬ ਵੱਲੋਂ ਅੱਜ 18 ਫ਼ਰਵਰੀ ਦਿਨ ਬੁੱਧਵਾਰ ਨੂੰ ਦੁਪਹਿਰ 2 ਵਜੇ ਤੋਂ 3 ਵਜੇ ਤੱਕ ਸਦਰ ਬਾਜ਼ਾਰ ਕਪੂਰਥਲਾ ਵਿਚ ਸਥਿਤ ਖਾਲਸਾ ਬੇਕਰੀ ਦੇ ਨੇੜੇ ਵਪਾਰੀਆਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਸਬੰਧ ਵਿਚ ਹੀ ਡਿਸਟ੍ਰਿਕਟ ਟ੍ਰੇਡਰਜ਼ ਕਮਿਸ਼ਨ ਕਪੂਰਥਲਾ ਦੇ ਜ਼ਿਲ੍ਹਾ ਚੇਅਰਮੈਨ ਕੰਵਰ ਇਕਬਾਲ ਸਿੰਘ, ਹਲਕਾ ਫਗਵਾੜਾ ਤੋਂ ਚੇਅਰਮੈਨ ਸੁਸ਼ੀਲ ਕੁਮਾਰ ਬੌਬੀ ਚੰਮ, ਭੁਲੱਥ ਤੋਂ ਚੇਅਰਮੈਨ ਲਕਸ਼ ਚੌਧਰੀ, ਸੁਲਤਾਨਪੁਰ ਤੋਂ ਚੇਅਰਮੈਨ ਜਰਨੈਲ ਸਿੰਘ ਮਰਵਾਹਾ ਤੇ ਰਮਨ ਮਲਹੋਤਰਾ ਹਲਕਾ ਕੋਆਰਡੀਨੇਟਰ ਟ੍ਰੇਡ ਵਿੰਗ ਕਪੂਰਥਲਾ ਦੀ ਇਕ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਤੇ ਜੀਐੱਸਟੀ ਵਿਭਾਗ ਦੇ ਅਧਿਕਾਰੀਆਂ ਵਿਚ ਸ਼ਾਮਲ ਸ੍ਰੀਮਤੀ ਮਨਿੰਦਰ ਕੌਰ ਵਿਰਦੀ ਏਸੀਐੱਸਟੀ, ਇੰਸਪੈਕਟਰ ਭੁਪਿੰਦਰ ਸਿੰਘ ਐੱਸਟੀਓ, ਇੰਸਪੈਕਟਰ ਸੁਖਵਿੰਦਰ ਸਿੰਘ ਏਐੱਸਟੀਓ, ਗੁਰਜੀਤ ਸਿੰਘ ਸਟੈਨੋ ਆਦਿ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹੋਈ। ਇਸ ਮੀਟਿੰਗ ਦੌਰਾਨ ਕੀਤੇ ਗਏ ਵਿਚਾਰ ਵਟਾਂਦਰੇ ਉਪਰੰਤ ਚੇਅਰਮੈਨ ਕੰਵਰ ਇਕਬਾਲ ਸਿੰਘ ਸਿੰਘ ਨੇ ਦੱਸਿਆ ਕਿ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ, ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ, ਏਡੀਸੀ ਜਨਰਲ ਮੈਡਮ ਨਵਨੀਤ ਕੌਰ ਬੱਲ ਤੇ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਵਪਾਰੀਆਂ ਦੇ ਰੂ-ਬ-ਰੂ ਹੋਣਗੇ। ਵਪਾਰੀ ਵਰਗ ਜਿਸ-ਜਿਸ ਵਿਭਾਗ ਵੱਲੋਂ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕਰੇਗਾ, ਉਸ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਜਾਂ ਸਮਾਂ ਬੱਧ ਸੀਮਾ ਤਹਿਤ ਉਨ੍ਹਾਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ ਹੋਣਗੇ। ਵਪਾਰੀਆਂ ਵਿਚੋਂ ਯੋਗ ਵਿਅਕਤੀ ਨੂੰ ਹੀ ਵਪਾਰੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤੇ ਜਾਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਾਬ ਸਰਕਾਰ ਵਪਾਰ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ ਕਿੰਨੀ ਫਿਕਰਮੰਦ ਹੈ।