ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਨੇ ਕੀਤਾ ਅਚਨਚੇਤ ਦੌਰਾ
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਨੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਅਚਨਚੇਤ ਕੀਤਾ ਦੌਰਾ
Publish Date: Thu, 07 May 2026 10:12 PM (IST)
Updated Date: Thu, 07 May 2026 10:14 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਕਪੂਰਥਲਾ ਦੇ ਬਲਾਕ ਨਡਾਲਾ ਅਧੀਨ ਪਿੰਡ ਮਿਆਣੀ ਬਾਕਰਪੁਰ ਤੇ ਪਿੰਡ ਧਾਲੀਵਾਲ ਬੇਟ ਦੇ ਵੱਖ-ਵੱਖ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਦਾ ਅਚਨਚੇਤ ਨਿਰੀਖਣ ਕਰਕੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਨੂੰ ਜ਼ਮੀਨੀ ਪੱਧਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵੱਲੋਂ ਮਿਡ-ਡੇਅ ਮੀਲ ਪ੍ਰਬੰਧਾਂ, ਸਫਾਈ, ਬੱਚਿਆਂ ਨੂੰ ਦਿੱਤੇ ਜਾ ਰਹੇ ਭੋਜਨ ਦੀ ਗੁਣਵੱਤਾ ਤੇ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿਚ ਵੱਖ-ਵੱਖ ਸਰਕਾਰੀ ਭਲਾਈ ਯੋਜਨਾਵਾਂ ਦੇ ਲਾਗੂਕਰਨ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੇ ਸਟਾਫ ਨੂੰ ਐੱਨਐੱਫਐੱਸਏ ਐਕਟ 2013 ਅਧੀਨ ਪ੍ਰਬੰਧਾਂ ਨੂੰ ਪਾਰਦਰਸ਼ੀ ਤੇ ਜ਼ਿੰਮੇਵਾਰ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਪੌਸ਼ਟਿਕ ਤੇ ਗੁਣਵੱਤਾ ਵਾਲਾ ਭੋਜਨ ਹਰ ਬੱਚੇ ਤੱਕ ਪਹੁੰਚੇ। ਵਿਜੇ ਦੱਤ ਨੇ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿਚ ‘ਰਸੋਈ ਗਾਰਡਨ’ ਸਥਾਪਤ ਕਰਨ ਲਈ ਵੀ ਉਤਸ਼ਾਹਿਤ ਕੀਤਾ ਤਾਂ ਜੋ ਬੱਚਿਆਂ ਨੂੰ ਤਾਜ਼ੀਆਂ ਤੇ ਪੌਸ਼ਟਿਕ ਸਬਜ਼ੀਆਂ ਮਿਲ ਸਕਣ। ਉਨ੍ਹਾਂ ਨੇ ਮਿਡ-ਡੇ ਮੀਲ ਕੁੱਕ ਸਟਾਫ ਨੂੰ ਸਾਰੇ ਨਿਰਧਾਰਤ ਨਿਯਮਾਂ ਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਦੌਰੇ ਦੌਰਾਨ ਉਨ੍ਹਾਂ ਨੇ ਸਕੂਲਾਂ ਵਿਚ ਐੱਲਪੀਜੀ ਸਿਲੰਡਰਾਂ ਨਾਲ ਸਬੰਧਤ ਮੁੱਦਾ ਉਠਾਇਆ ਤੇ ਤੁਰੰਤ ਮਿਡ-ਡੇ ਮੀਲ ਪੰਜਾਬ ਦੇ ਜੀਐੱਮ ਵਰਿੰਦਰ ਬਰਾੜ ਨਾਲ ਗੱਲ ਕੀਤੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੱਚਿਆਂ ਲਈ ਭੋਜਨ ਤਿਆਰ ਕਰਨ ਵਿਚ ਕੋਈ ਵਿਘਨ ਨਾ ਪਵੇ। ਵਿਜੇ ਦੱਤ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਅਤੇ ਉਨ੍ਹਾਂ ਨਾਲ ਖਾਣਾ ਵੀ ਸਾਂਝਾ ਕੀਤਾ। ਵਿਜੇ ਦੱਤ ਨੇ ਕਿਹਾ ਕਿ ਪੰਜਾਬ ਰਾਜ ਖੁਰਾਕ ਕਮਿਸ਼ਨ ਬੱਚਿਆਂ ਲਈ ਸੁਰੱਖਿਅਤ, ਸਾਫ਼ ਤੇ ਪੌਸ਼ਟਿਕ ਭੋਜਨ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐੱਨਐੱਫਐੱਸਏ) 2013 ਜਾਂ ਸਬੰਧਤ ਸਕੀਮਾਂ ਬਾਰੇ ਕੋਈ ਸ਼ਿਕਾਇਤ ਹੈ ਤਾਂ ਉਹ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।