ਅਧਿਆਪਕਾਂ ਦੇ ਅਪਮਾਨ ਵਿਰੁੱਧ ਪੰਜਾਬ ਸਰਕਾਰ ਦੀ ਅਰਥੀ ਫੂਕੀ
ਅਧਿਆਪਕਾਂ ਦੀ ਸੇਵਾ ਸੁਰੱਖਿਆ ਦੀ ਬਜਾਏ ਪੁਲਸੀਆ ਤਸ਼ੱਦਦ ਵਿਰੁੱਧ ਪੰਜਾਬ ਸਰਕਾਰ ਦੀ ਅਰਥੀ ਫੂਕੀ
Publish Date: Tue, 17 Mar 2026 08:07 PM (IST)
Updated Date: Tue, 17 Mar 2026 08:10 PM (IST)

ਫਗਵਾੜਾ : ਸਾਂਝਾ ਅਧਿਆਪਕ ਮੋਰਚਾ ਤੇ ਅਧਿਆਪਕ ਜਥੇਬੰਦੀਆਂ ਦੇ ਆਗੂ ਜਸਬੀਰ ਸੈਣੀ, ਸਤਵੰਤ ਟੂਰਾ, ਜਸਬੀਰ ਭੰਗੂ, ਸਤਨਾਮ ਰੰਧਾਵਾ, ਗੁਰਮੁਖ ਸਿੰਘ, ਗਣੇਸ਼ ਭਗਤ, ਦਲਜੀਤ ਸੈਣੀ, ਅਜੇ ਕੁਮਾਰ, ਸਤਨਾਮ ਪਰਮਾਰ ਦੀ ਅਗਵਾਈ ਵਿਚ ਗੋਲ ਚੌਕ ਵਿਖੇ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਸੁਪਰੀਮ ਕੋਰਟ ਰਾਹੀਂ ਟੈੱਟ ਦੀ ਬਿਲਕੁਲ ਬੇਲੋੜੀ, ਗੈਰ-ਵਿਧਾਨਿਕ ਸ਼ਰਤ ਜਬਰੀ ਥੋਪਣ, ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਦੌਰਾਨ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਬਿੱਲ ਨਾ ਲਿਆਉਣ, ਸੁਪਰੀਮ ਕੋਰਟ ਵਿਚ ਰੀਵਿਊ ਪਟੀਸ਼ਨ ਦਾਖਲ ਨਾ ਕਰਨ, ਸਿੱਖਿਆ ਵਿਭਾਗ ਵੱਲੋਂ ਕੁਝ ਵਰਗਾਂ ਨੂੰ ਟੈੱਟ ਤੋਂ ਛੋਟ ਦੇਣ ਦਾ ਪੱਤਰ ਰੱਦ ਕਰਨ, ਸੰਘਰਸ਼ ਦੌਰਾਨ ਜਲ ਤੋਪਾਂ, ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਅਧਿਆਪਕਾਂ ਨੂੰ ਜ਼ਖ਼ਮੀ ਕਰਕੇ ਰਾਸ਼ਟਰ ਨਿਰਮਾਤਾ ਅਧਿਆਪਕਾਂ ਦੇ ਮਾਨ-ਸਨਮਾਨ ਨੂੰ ਸੱਟ ਮਾਰਨ ਦੇ ਵਿਰੋਧ ਵਿਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿਚ ਅਧਿਆਪਕਾਂ ਦੀ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਅਧਿਆਪਕਾਂ ’ਤੇ ਪੁਲਸੀਆ ਤਸ਼ੱਦਦ ਹੀ ਕੀਤਾ ਹੈ। ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ, ਤਨਖਾਹ ਦੁਹਰਾਈ ਦੇ ਬਕਾਏ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਤੇ ਜਾਰੀ ਕੀਤੀਆਂ ਕਿਸ਼ਤਾਂ ਦੇ ਬਕਾਏ ਨਾ ਦੇਣ, ਸੋਧਣ ਦੇ ਨਾਂ ’ਤੇ ਬੰਦ ਕੀਤੇ ਭੱਤੇ ਬਹਾਲ ਨਹੀਂ ਕੀਤੇ ਜਾ ਰਹੇ, ਤਨਖਾਹ ਕਮਿਸ਼ਨ ਦੀ ਪੂਰੀ ਰਿਪੋਰਟ ਵੀ ਜਾਰੀ ਨਹੀਂ ਕੀਤੀ ਗਈ, ਸਕੂਲਾਂ ਵਿਚ ਅਧਿਆਪਕਾਂ ਦੀਆਂ ਤੇ ਸਕੂਲ ਮੁਖੀਆਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਸੇਵਾ ਨਿਭਾ ਰਹੇ ਅਧਿਆਪਕਾਂ ਦੇ ਸਿਰ ’ਤੇ ਛਾਂਟੀ ਦੀ ਤਲਵਾਰ ਲਟਕਾਈ ਗਈ ਹੈ। ਇਸ ਪ੍ਰਦਰਸ਼ਨ ਵਿਚ ਅੰਮ੍ਰਿਤਪਾਲ ਸਿੰਘ, ਗੌਰਵ ਰਾਠੌਰ, ਤੀਰਥ ਸਿੰਘ, ਪਰਮਜੀਤ ਸਿੰਘ, ਮਨਜੀਤ ਗਾਠ, ਰਵਿੰਦਰ ਕੁਮਾਰ, ਵਿਕਰਮਜੀਤ, ਅਕਬਰ ਖਾਨ, ਗੁਰਮੀਤ, ਸੁਖਦੇਵ ਸਿੰਘ, ਸਰਬਜੀਤ ਕੁਮਾਰ, ਸੁਖਦੇਵ ਸਿੰਘ, ਮੋਹਿਤ, ਰੁਪਿੰਦਰ ਸਿੰਘ, ਕੁਲਵਿੰਦਰ, ਅਸ਼ੋਕ ਕੁਮਾਰ, ਰਾਣੀ, ਰਾਧਿਕਾ, ਰਾਧਿਕਾ ਸਿੱਕਾ ਅਮਰਜੀਤ ਕੌਰ ਪਰਮਿੰਦਰ ਕੌਰ ਸੀਮਾ ਸੈਣੀ, ਉਰਮਿਲਾ, ਕੁਲਵਿੰਦਰ ਕੌਰ, ਸੁਰਜੀਤ ਕੌਰ, ਰਜਨੀ, ਸੋਨੀਆ, ਅਨੀਤਾ, ਹਰਪ੍ਰੀਤ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ।