ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨ ਨਾ ਦੇਣਾ ਨਿੰਦਣਯੋਗ : ਭੱਟੀ ਕੌੜਾ
ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨ ਨਾ ਦੇਣਾ ਅਤਿ ਨਿੰਦਣਯੋਗ:ਭੱਟੀ ਕੌੜਾ*
Publish Date: Mon, 04 May 2026 05:52 PM (IST)
Updated Date: Tue, 05 May 2026 04:08 AM (IST)
-ਅਪ੍ਰੈਲ ਮਹੀਨੇ ਦੀ ਪੈਨਸ਼ਨ ਖਾਤਿਆਂ ’ਚ ਤੁਰੰਤ ਪਾਉਣ ਦੀ ਮੰਗ
-ਪੰਜਾਬ ਸਰਕਾਰ ਵੱਲੋਂ ਹਾਈਕੋਰਟ ’ਚ ਐੱਲਪੀਏ ਦਾਖਲ ਕਰਨ ਦਾ ਵਿਰੋਧ
ਪੰਜਾਬੀ ਜਾਗਰਣ ਪ੍ਰਤੀਨਿਧ, ਫ਼ਗਵਾੜਾ : ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਜੀਐੱਸਟੀ ਦੀ ਆਮਦਨ ਅਤੇ ਟੈਕਸ ਚੋਰੀ ਨੂੰ ਨੱਥ ਪਾ ਕੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਦੀ ਬੱਲੇ-ਬੱਲੇ ਹੋਈ ਪਈ ਹੈ,ਜਦ ਕਿ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਅਪ੍ਰੈਲ ਮਹੀਨੇ ਦੀਆਂ ਤਨਖਾਹਾਂ ਅਤੇ ਪੈਨਸ਼ਨਰਾਂ ਨੂੰ ਅਪ੍ਰੈਲ ਮਹੀਨੇ ਦੀ ਪੈਂਨਸ਼ਨ 04 ਮਈ ਤੱਕ ਵੀ ਉਨ੍ਹਾਂ ਦੇ ਖਾਤਿਆਂ ਵਿੱਚ ਨਾ ਪਾਉਣਾ, ਪੰਜਾਬ ਸਰਕਾਰ ਦਾ ਘਟੀਆ ਵਰਤਾਰਾ ਅਤਿ ਨਿੰਦਣਯੋਗ ਹੈ। ਪੰਜਾਬ ਸਰਕਾਰ ਵੱਲੋਂ ਅੱਜ ਤੱਕ ਪੈਨਸ਼ਨਰਾਂ ਨੂੰ ਪੈਂਨਸ਼ਨ ਨਾ ਦੇਣ ਦੀ ਸਖ਼ਤ ਨਿਖੇਧੀ ਕਰਦੇ ਹੋਏ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ, ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ, ਜੁਆਇੰਟ ਸਕੱਤਰ ਸਤਪਾਲ ਸਿੰਘ ਖੱਟਕੜ ਆਦਿ ਨੇ ਜ਼ੋਰਦਾਰ ਢੰਗ ਨਾਲ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਪ੍ਰੈਲ ਮਹੀਨੇ ਦੀ ਪੈਂਨਸ਼ਨ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਤੁਰੰਤ ਪਾਈ ਜਾਵੇ ਕਿਉਂ ਕਿ ਪੈਨਸ਼ਨਰਾਂ ਵਲੋਂ ਪੈਂਨਸ਼ਨ ਦੇ ਪੈਸਿਆਂ ਨਾਲ ਹੀ ਆਪਣਾ ਇਲਾਜ ਅਤੇ ਹੋਰ ਜ਼ਰੂਰਤਾਂ ਦੀ ਪੂਰਤੀ ਕਰਨੀ ਹੁੰਦੀ ਹੈ। ਹਾਈਕੋਰਟ ਦੇ ਜੱਜ ਵਲੋਂ ਕਹੇ ਅਨੁਸਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 30 ਜੂਨ ਤੱਕ ਡੀ ਏ ਅਤੇ ਬਕਾਏ ਦੇਣ ਦੇ ਤੋਂ ਬਚਣ ਲਈ ਹਾਈਕੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਐੱਲਪੀਏ ਦਾਖਲ ਕਰਨ ਦੀ ਵੀ ਆਗੂਆਂ ਵਲੋਂ ਤਿੱਖੀ ਨਿਖੇਧੀ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਪੈਨਸ਼ਨ ਨਾ ਦੇਣ ਦੀ ਲਿਖਤ ਜਾਣਕਾਰੀ ਪ੍ਰੈੱਸ ਨੂੰ ਪ੍ਰੈਸ ਸਕੱਤਰ ਸੀਤਲ ਰਾਮ ਬੰਗਾ ਨੇ ਦਿੱਤੀ।