ਬੇਲੋੜੇ ਟੈਟ ਤੇ ਐੱਨਪੀਐੱਸ ਦੇ ਵਿਰੋਧ ’ਚ ਫੂਕੀ ਪੰਜਾਬ ਸਰਕਾਰ ਦੀ ਅਰਥੀ
ਬੇਲੋੜੇ ਟੈਟ ਤੇ ਐਨਪੀਐਸ ਸਬੰਧੀ ਫੁੱਕੀ ਗਈ ਪੰਜਾਬ ਸਰਕਾਰ ਦੀ ਅਰਥੀ
Publish Date: Thu, 19 Feb 2026 07:54 PM (IST)
Updated Date: Thu, 19 Feb 2026 07:57 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋ ਫਗਵਾੜਾ ਵਿਖੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਸੈਂਕੜਿਆਂ ਦੀ ਤਾਦਾਦ ਵਿਚ ਅਧਿਆਪਕ ਤੇ ਕਰਮਚਾਰੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜਸਬੀਰ ਸੈਣੀ, ਹਰਸਿਮਰਨ ਸਿੰਘ, ਜਸਬੀਰ ਭੰਗੂ, ਸਤਵੰਤ ਟੂਰਾ, ਪਰਮਿੰਦਰ ਪਾਲ ਸਿੰਘ, ਗੁਰਮੁੱਖ ਲੋਕਪ੍ਰਮੀ, ਦਲਜੀਤ ਸੈਣੀ, ਮਨਜੀਤ ਲਾਲ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਨੂੰ ਲਾਗੂ ਕਰਨ ਵਿਚ ਨਾਕਾਮ ਰਹੀ ਹੈ, ਜਿਹੜਾ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਇਕ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਉਸ ਨੂੰ ਚਾਰ ਸਾਲ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਲਾਗੂ ਨਹੀਂ ਕਰ ਸਕੀ। ਇਸ ਦੇ ਰੋਸ ਵਜੋਂ ਆਗੂਆਂ ਨੇ ਐਲਾਨ ਕੀਤਾ ਕਿ ਹੁਣ ਸਰਕਾਰ ਦੀ ਲਗਾਤਾਰ ਚਾਰ ਸਾਲਾਂ ਤੋਂ ਪੈਨਸ਼ਨ ਬਹਾਲੀ ਲਈ ਧਾਰੀ ਸਾਜ਼ਿਸ਼ੀ ਚੁੱਪੀ ਵਿਰੁੱਧ ਜਬਰਦਸਤ ਰੋਹ ਭੜਕ ਗਿਆ ਹੈ, ਜਿਸ ਦੇ ਤਹਿਤ ਅੱਜ ਸੈਂਕੜੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਮੂਹ ਐੱਨਪੀਐੱਸ ਕਰਮਚਾਰੀ ਵਿਧਾਨ ਸਭਾ ਵੱਲ ਨੂੰ ਮਾਰਚ ਕਰਨਗੇ, ਜਿਸ ਦੇ ਸਬੰਧ ਵਿਚ ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਬਲਾਕ ਪੱਧਰ ’ਤੇ ਵਿਉਂਤਬੰਦੀ ਤੇ ਤਿਆਰੀ ਵਿੱਢ ਦਿੱਤੀ ਹੈ ਕਿਉਂਕਿ ਸਰਕਾਰ ਦੇ ਲਾਰਿਆਂ ਤੋਂ ਅੱਕੇ ਕਰਮਚਾਰੀ ਹੁਣ ਆਰ ਜਾਂ ਪਾਰ ਦੇ ਸੰਘਰਸ਼ ਕਰਨ ਦੇ ਰੌਂਅ ਵਿਚ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ ਕੀਤੇ ਵਾਅਦੇ ਚਾਰ ਸਾਲ ਬੀਤ ਜਾਣ ਬਾਅਦ ਵੀ ਪੂਰੇ ਨਹੀਂ ਕਰ ਸਕੀ ਸਗੋਂ ਪੁਰਾਣੀ ਪੈਨਸ਼ਨ ਬਹਾਲੀ ਅੰਦੋਲਨ ਤੋਂ ਧਿਆਨ ਭਟਕਾਉਣ ਲਈ ਸਰਕਾਰ ਨੇ ਬੜੀ ਚਲਾਕੀ ਨਾਲ ਅਧਿਆਪਕਾਂ ’ਤੇ ਟੈਟ ਦੀ ਸ਼ਰਤ ਨੂੰ ਥੋਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਟੈੱਟ ਦੀ ਬੇਲੋੜੀ ਸ਼ਰਤ ਨੂੰ ਵਿਧਾਨ ਸਭਾ ਵਿਚ ਆਰਡੀਨੈਂਸ ਪਾਸ ਕਰ ਵਾਪਸ ਲਵੇ ਨਹੀਂ ਤਾਂ ਇਨ੍ਹਾਂ ਦੋਵਾਂ ਮੁੱਦਿਆਂ ਨੂੰ ਲੈ ਕੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਇਸ ਮੌਕੇ ਅੰਮ੍ਰਿਤਪਾਲ ਸਿੰਘ, ਵਿਨੋਦ ਕੁਮਾਰ, ਰਾਮਪਾਲ, ਤੀਰਥ ਸਿੰਘ, ਮਨਜੀਤ ਗਾਠ, ਗੌਰਵ ਰਾਠੌਰ, ਰਵਿੰਦਰ ਕੁਮਾਰ, ਕੁਲਵਿੰਦਰ ਰਾਏ, ਬਿਕਰਮਜੀਤ ਸਿੰਘ, ਮੋਹਿਤ ਕੁਮਾਰ, ਰਮੇਸ਼ ਕੁਮਾਰ, ਅਸ਼ੋਕ ਕੁਮਾਰ, ਲਖਵਿੰਦਰ ਸਿੰਘ, ਕਮਲਜੀਤ ਕੌਰ, ਰੁਪਿੰਦਰ ਕੌਰ, ਅਮਰਜੀਤ ਕੌਰ, ਸ਼ੈਲੀ, ਰਜਨੀ, ਪਰਮਿੰਦਰ ਕੌਰ ਹਰਦੀਪ ਕੌਰ, ਜਸਦੀਪ ਕੌਰ, ਨੀਲਮ, ਮੋਨਿਕਾ, ਸੁਨੀਤਾ, ਜਸਵਿੰਦਰ ਕੌਰ, ਪਰਵੀਨ ਬਾਲਾ ਰਾਣੀ ਮੈਡਮ, ਗੁਰਵਿੰਦਰ ਕੌਰ, ਪ੍ਰਵੀਨ ਚੋਪੜਾ, ਮਧੂ ਬਾਲਾ, ਪਰਮਜੀਤ ਕੌਰ, ਸੁਸ਼ੀਲਾ ਦੇਵੀ, ਬਲਵਿੰਦਰ ਕੌਰ, ਸਰਬਜੀਤ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ।