ਹੜਤਾਲੀ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੇ ਸਰਕਾਰ : ਵਿਜੇ ਸਾਂਪਲਾ
ਭੱਖਦੀ ਗਰਮੀ ‘ਚ ਧਰਨੇ ਲਈ ਮਜਬੂਰ ਨਿਗਮ ਕ੍ਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨੇ ਪੰਜਾਬ ਸਰਕਾਰ : ਵਿਜੇ ਸਾਂਪਲਾ
Publish Date: Mon, 18 May 2026 09:34 PM (IST)
Updated Date: Mon, 18 May 2026 09:36 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਨਗਰ ਨਿਗਮ ਫਗਵਾੜਾ ਦੇ ਕਰਮਚਾਰੀਆਂ ਤੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਾਰਪੋਰੇਸ਼ਨ ਦਫਤਰ ਅੱਗੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਆ ਜਦੋਂ ਸਾਬਕਾ ਕੇਂਦਰੀ ਮੰਤਰੀ ਤੇ ਘੱਟ ਗਿਣਤੀ ਕਮਿਸ਼ਨ ਭਾਰਤ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਨੇ ਆਪਣੇ ਸਾਥੀਆਂ ਸਮੇਤ ਧਰਨੇ ਵਿਚ ਸ਼ਮੂਲੀਅਤ ਕਰਦੇ ਹੋਏ ਹੜਤਾਲੀ ਕਰਮਚਾਰੀਆਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਵਿਜੇ ਸਾਂਪਲਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਤੇ ਨਿੰਦਣਯੋਗ ਗੱਲ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਾਰਪੋਰੇਸ਼ਨ ਦੇ ਹੜਤਾਲੀ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਭਖਦੀ ਗਰਮੀ ਵਿਚ ਕਰਮਚਾਰੀ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਲਈ ਸੰਘਰਸ਼ ਕਰਨ ਨੂੰ ਮਜਬੂਰ ਹਨ, ਪਰ ਸਰਕਾਰ ਵੱਲੋਂ ਕੋਈ ਸੰਵੇਦਨਸ਼ੀਲ ਰਵੱਈਆ ਨਹੀਂ ਅਪਣਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਅੱਜ ਆਮ ਆਦਮੀ ਹੀ ਸਭ ਤੋਂ ਵੱਧ ਪ੍ਰੇਸ਼ਾਨ ਹੋ ਰਿਹਾ ਹੈ। ਉਨ੍ਹਾਂ ਹੜਤਾਲੀ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਸੂਬੇ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੀ ਸਰਕਾਰ ਬਣਨ ‘ਤੇ ਕਾਰਪੋਰੇਸ਼ਨ ਕਰਮਚਾਰੀਆਂ ਦੀ ਹਰ ਜਾਇਜ਼ ਮੰਗ ਨੂੰ ਪਹਿਲ ਦੇ ਅਧਾਰ ‘ਤੇ ਪ੍ਰਵਾਣ ਕੀਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਆਗੂ ਆਸ਼ੂ ਸਾਂਪਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਰਮਚਾਰੀ ਵਿਰੋਧੀ ਨੀਤੀਆਂ ਕਾਰਨ ਸੂਬੇ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸੜਕਾਂ ’ਤੇ ਉਤਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਟਕਰਾਅ ਦੀ ਰਾਜਨੀਤੀ ਛੱਡ ਕੇ ਕਰਮਚਾਰੀਆਂ ਨਾਲ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਭਾਜਪਾ ਦੇ ਨਗਰ ਕੌਂਸਲਰ ਅਨੁਰਾਗ ਮਨਖੰਡ ਨੇ ਵੀ ਹੜਤਾਲੀ ਕਰਮਚਾਰੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਿਗਮ ਕਰਮਚਾਰੀਆਂ ਦੀਆਂ ਮੰਗਾਂ ਜਾਇਜ਼ ਹਨ ਤੇ ਸਰਕਾਰ ਨੂੰ ਤੁਰੰਤ ਇਨ੍ਹਾਂ ’ਤੇ ਸਕਾਰਾਤਮਕ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਦੀ ਸਫ਼ਾਈ ਪ੍ਰਬੰਧ ਪ੍ਰਭਾਵਿਤ ਨਾ ਹੋਵੇ। ਇਸ ਮੌਕੇ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਬਕਾ ਚੇਅਰਮੈਨ ਤੇਜਸਵੀ ਭਾਰਦਵਾਜ, ਸਾਬਕਾ ਚੇਅਰਮੈਨ ਸੁਨੀਲ ਚਮ, ਸੀਨੀਅਰ ਆਗੂ ਰਮੇਸ਼ ਸਚਦੇਵਾ, ਬਲਵਿੰਦਰ ਠਾਕੁਰ, ਪ੍ਰਮੋਦ ਮਿਸ਼ਰਾ, ਆਸ਼ੂ ਪੁਰੀ, ਸੁਰਿੰਦਰ ਦੁੱਗਲ, ਮਹਿੰਦਰ ਥਾਪਰ, ਰਜਨੀਸ਼ ਥਾਪਰ, ਰਮਨ ਨਹਿਰਾ, ਦੀਪਕ ਮਲਹੋਤਰਾ, ਲੋਕੇਸ਼ ਬਾਲੀ, ਸਿਧਾਰਥ ਰਾਜ, ਸੁਰਿੰਦਰ ਜੋਰਡਨ, ਰਾਜਕੁਮਾਰ ਰਾਣਾ, ਰਾਜਿੰਦਰ ਸੌਂਧੀ ਸਮੇਤ ਹੋਰ ਭਾਜਪਾ ਆਗੂ, ਵਰਕਰ ਤੇ ਸਮਰਥਕ ਵੀ ਹਾਜ਼ਰ ਸਨ।