16 ਫ਼ੀਸਦੀ ਡੀਏ ਤੁਰੰਤ ਜਾਰੀ ਕਰੇ ਸੂਬਾ ਸਰਕਾਰ : ਪੈਨਸ਼ਨਰਜ਼ ਆਗੂ
ਹਾਈਕੋਰਟ ਵਲੋਂ ਦਿੱਤੇ ਫੈਸਲੇ ਅਨੁਸਾਰ 16 ਪ੍ਰਤੀਸ਼ਤ ਡੀ ਏ ਤੁਰੰਤ ਜਾਰੀ ਕਰੇ ਪੰਜਾਬ ਸਰਕਾਰ :ਪੈਨਸ਼ਨਰ ਆਗੂ*
Publish Date: Tue, 14 Apr 2026 08:11 PM (IST)
Updated Date: Tue, 14 Apr 2026 08:15 PM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੇ ਸ਼ੁਰੂ ਵਿੱਚ ਹਾਜ਼ਰ ਮੈਂਬਰਾਂ ਨੇ ਸਾਂਝੇ ਤੌਰ ’ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਕਿ ਸੂਬਾ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 30 ਜੂਨ ਤੱਕ 16 ਫ਼ੀਸਦੀ ਡੀਏ ਅਤੇ ਬਕਾਏ ਹਰ ਹਾਲ ਵਿੱਚ ਦੇਵੇ, ਦਾ ਸਵਾਗਤ ਕਰਦੇ ਹੋਏ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਹਾਈ ਕੋਰਟ ਵਲੋਂ ਦਿੱਤੇ ਗਏ ਫੈਸਲੇ ਅਨੁਸਾਰ 16 ਫ਼ੀਸਦੀ ਡੀਏ ਤੁਰੰਤ ਜਾਰੀ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵਧੀ ਹੋਈ ਮਹਿੰਗਾਈ ਤੋਂ ਰਾਹਤ ਦੇਵੇ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ 75 ਸਾਲਾਂ ਤੋਂ ਹੇਠਲੇ ਪੈਨਸ਼ਨਰਾਂ ਨੂੰ ਅਪ੍ਰੈਲ 2026 ਤੋਂ ਮਿਲਣ ਵਾਲੇ ਛੇਵੇਂ ਪੇ ਕਮਿਸ਼ਨ ਦਾ ਬਕਾਇਆ 36 ਕਿਸ਼ਤਾਂ ਵਿੱਚ ਦੇਣ ਦੀ ਬਜਾਏ ਸਿਰਫ਼ ਦੋ ਕਿਸ਼ਤਾਂ ਵਿੱਚ ਹੀ ਦਿੱਤਾ ਜਾਵੇ। ਮੀਟਿੰਗ ਦੀ ਸਮੁੱਚੀ ਕਾਰਵਾਈ ਨੂੰ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਚਲਾਇਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਨੇ ਦੱਸਿਆ ਕਿ ਮੀਟਿੰਗ ਦੇ ਸ਼ੁਰੂ ਵਿੱਚ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰ ਸਾਧੂ ਰਾਮ ਜੱਖੂ, ਪ੍ਰਧਾਨ ਮੋਹਣ ਸਿੰਘ ਭੱਟੀ ਦੇ ਭਤੀਜੇ ਬਲਜਿੰਦਰ ਸਿੰਘ, ਉੱਘੀ ਗਾਇਕਾ ਆਸ਼ਾ ਭੌਂਸਲੇ ਅਤੇ ਇਜ਼ਰਾਈਲ ਵਲੋਂ ਲਿਬਲਾਨ ’ਤੇ ਕੀਤੇ ਹਮਲੇ ਵਿਚ ਮਾਰੇ ਗਏ ਨਾਗਰਿਕਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਐਸੋਸੀਏਸ਼ਨ ਦੇ ਜਿਹਨਾਂ ਮੈਂਬਰਾਂ ਦਾ ਜਨਮ ਦਿਨ ਅਪ੍ਰੈਲ ਮਹੀਨੇ ਵਿੱਚ ਆਉਂਦਾ ਹੈ, ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਉਹਨਾਂ ਦੀ ਤੰਦਰੁਸਤੀ ਅਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਬਣਾਈ ਸਬ-ਕਮੇਟੀ ਸਿਰਫ਼ ਤੇ ਸਿਰਫ਼ ਮੰਗਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਦਾ ਚੋਣ ਜ਼ਾਬਤਾ ਲੱਗਣ ਤੱਕ ਲਟਕਾਉਣ ਲਈ ਹੀ ਬਣਾਈ ਗਈ ਹੈ ਕਿਉਂਕਿ ਉਹ ਕਮੇਟੀ ਕਿੰਨੇ ਸਮੇਂ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਲਾਗੂ ਕਰਨ ਦੀ ਸਿਫਾਰਸ਼ ਕਰੇਗੀ, ਇਸ ਲਈ ਕੋਈ ਵੀ ਸਮਾਂ ਸੀਮਾ ਨਿਸ਼ਚਿਤ ਨਹੀਂ ਕੀਤੀ ਗਈ। ਐਸੋਸੀਏਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਸੰਧੂ ਦੇ ਪੋਤੇ ਗੁਰਅੰਸ਼ ਸਿੰਘ ਸੰਧੂ ਦਾ ਦਿਲ ਦਾ ਸਫ਼ਲ ਆਪ੍ਰੇਸ਼ਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਉਸ ਦੀ ਤੰਦਰੁਸਤੀ, ਕਾਮਯਾਬੀ ਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਆਗੂਆਂ ਨੇ ਮੰਗਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੇ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਪੈਨਸ਼ਨਰਾਂ ਨੂੰ ਪੈਨਸ਼ਨ ਰੀਵਾਈਜ਼ ਲਈ 2.59 ਦਾ ਗੁਣਾਂਕ ਲਾਗੂ ਕਰਨ, ਚੋਣ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਮੁਲਾਜ਼ਮਾਂ ਨੂੰ ਪੂਰੇ ਪੂਰੇ ਗਰੇਡਾਂ ਵਿੱਚ ਰੈਗੂਲਰ ਕਰਨ, ਮਾਣ ਭੱਤਾ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕਰਨ, ਮੈਡੀਕਲ ਭੱਤਾ 2000 ਰੁਪਏ ਕਰਨ, ਕੈਸ਼ ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ ਆਦਿ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਲਈ ਸਾਂਝਾ ਫਰੰਟ ਦੇ ਆਗੂਆਂ ਨਾਲ ਦੋ ਧਿਰੀ ਗੱਲਬਾਤ ਕਰਦੇ ਹੋਏ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਇੱਕ ਵੱਖਰਾ ਮਤਾ ਪਾਸ ਕਰਕੇ ਅਮਰੀਕਾ-ਇਜ਼ਰਾਇਲ ਵਲੋਂ ਈਰਾਨ ਨਾਲ ਸ਼ੁਰੂ ਕੀਤੀ ਜੰਗ ਨੂੰ ਪੰਦਰਾਂ ਦਿਨਾਂ ਲਈ ਬੰਦ ਕਰਨ ਦੇ ਕੀਤੇ ਐਲਾਨ ਦਾ ਸਵਾਗਤ ਕਰਦੇ ਹੋਏ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਅਮਰੀਕਾ-ਇਜ਼ਰਾਈਲ ਭਵਿੱਖ ਵਿੱਚ ਆਪਣੀਆਂ ਨਜਾਇਜ਼ ਜੰਗੀ ਕਾਰਵਾਈਆਂ ਨੂੰ ਪੱਕੇ ਤੌਰ ’ਤੇ ਤੁਰੰਤ ਬੰਦ ਕਰੇ ਤਾਂ ਜੋ ਦੁਨੀਆਂ ਭਰ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਰਹਿ ਸਕੇ। ਪਿਛਲੇ ਸਮੇਂ ਵਿੱਚ ਕੀਤੇ ਗਏ ਸੰਘਰਸ਼ਾਂ ਵਿੱਚ ਐਸੋਸੀਏਸ਼ਨ ਵਲੋਂ ਕੀਤੀ ਗਈ ਸ਼ਮੂਲੀਅਤ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ ਵਲੋਂ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨਾਲ ਐਸੋਸੀਏਸ਼ਨ ਦੀ ਆਮਦਨ ਅਤੇ ਖਰਚ ਦੇ ਵੇਰਵੇ ਸਾਂਝੇ ਕੀਤੇ ਅਤੇ ਕੀਤੇ ਗਏ ਖਰਚਿਆਂ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਵਿੱਤ ਸਕੱਤਰ ਵਲੋਂ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਸਾਲ 2026 ਦਾ ਸੰਘਰਸ਼ ਫੰਡ ਜਲਦੀ ਤੋਂ ਜਲਦੀ ਜਮ੍ਹਾਂ ਕਰਵਾਉਣ ਦਾ ਉਪਰਾਲਾ ਜ਼ਰੂਰ ਕਰਨ। ਆਖ਼ਰ ਵਿੱਚ ਪ੍ਰਧਾਨ ਮੋਹਣ ਸਿੰਘ ਭੱਟੀ ਅਤੇ ਸਰਪ੍ਰਸਤ ਕਰਨੈਲ ਸਿੰਘ ਸੰਧੂ ਨੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਐਸੋਸੀਏਸ਼ਨ ਦੇ ਘਰਾਂ ਵਿੱਚ ਬੈਠੇ ਮੈਂਬਰਾਂ ਨੂੰ ਵੀ ਮਾਸਿਕ ਮੀਟਿੰਗਾਂ ਵਿੱਚ ਆਪਣੀ ਹਾਜ਼ਰੀ ਵਧਾਉਣ ਅਤੇ ਮੰਗਾਂ ਦੀ ਪ੍ਰਾਪਤੀ ਕਰਨ ਲਈ ਐਕਸ਼ਨਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ, ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ, ਜੁਆਇੰਟ ਸਕੱਤਰ ਸਤਪਾਲ ਸਿੰਘ ਖੱਟਕੜ, ਹੈੱਡਮਾਸਟਰ ਪਿਆਰਾ ਸਿੰਘ ਗੰਭੀਰ, ਪ੍ਰਿੰਸੀਪਲ ਤਰਸੇਮ ਸਿੰਘ,ਐਡੀਟਰ ਕ੍ਰਿਸ਼ਨ ਗੋਪਾਲ ਚੋਪੜਾ, ਬਲਬੀਰ ਸਿੰਘ ਕੂਨਰ, ਵਿਜੇ ਕੁਮਾਰ ਕਟਾਰੀਆ, ਭੁਪਿੰਦਰ ਸਿੰਘ ਧਨੀ, ਰਵਿੰਦਰ ਪਾਲ ਕੌਰ ਸੰਧੂ ਆਦਿ ਪੈਨਸ਼ਨਰ ਸਾਥੀ ਹਾਜ਼ਰ ਸਨ।