ਜੀਬੀ ਮਲਟੀਸਪੈਸ਼ਲਟੀ ਹਸਪਤਾਲ ਨੇ ਤਿੰਨ ਅੰਡਰਵੇਟ ਬੱਚਿਆਂ ਦੀ ਕਰਵਾਈ ਡਿਲੀਵਰੀ
ਜੀ ਬੀ ਮਲਟੀਸਪੈਸ਼ਲਟੀ ਹਸਪਤਾਲ, ਫਗਵਾੜਾ ਵਿੱਚ ਮਾਣ ਵਾਲਾ ਪਲ
Publish Date: Fri, 06 Mar 2026 08:22 PM (IST)
Updated Date: Fri, 06 Mar 2026 08:24 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੀਬੀ ਮਲਟੀਸਪੈਸ਼ਲਟੀ ਹਸਪਤਾਲ ਫਗਵਾੜਾ ਦੇ ਡਾਕਟਰ ਜੀਬੀ ਸਿੰਘ ਨੇ ਦਸਿਆ ਕਿ ਸਾਡੇ ਲਈ ਇਹ ਇਕ ਮਾਣ ਵਾਲੀ ਉਪਲਬਧੀ ਹੈ। ਸਾਡੀ ਮਾਹਰ ਗਾਇਨਾਕੋਲੋਜੀ ਤੇ ਨਿਓਨੇਟੋਲੋਜੀ ਟੀਮ ਨੇ ਡਾ. ਦਵਿੰਦਰ ਸਿੰਘ ਦੀ ਅਗਵਾਈ ਹੇਠ ਤੇ ਡਾ. ਪਰਸਦੀਪ ਕੌਰ (ਚੀਫ ਪੀਡੀਐਟ੍ਰੀਸ਼ਨ ਤੇ ਨਿਓਨੇਟੋਲੋਜਿਸਟ) ਦੇ ਸਹਿਯੋਗ ਨਾਲ, ਪ੍ਰੀ-ਮੈਚਿਓਰ ਤੇ ਬਹੁਤ ਘੱਟ ਵਜ਼ਨ ਵਾਲੇ ਤਿੰਨ ਬੱਚਿਆਂ (ਟ੍ਰਿਪਲਟਸ) ਦੀ ਡਿਲਿਵਰੀ ਨੂੰ ਸਫਲਤਾਪੂਰਵਕ ਸੰਭਾਲਿਆ। ਇਨ੍ਹਾਂ ਨਵਜਨਮੇ ਬੱਚਿਆਂ ਦਾ ਵਜ਼ਨ 1.2 ਕਿਲੋ, 1.3 ਕਿਲੋ ਤੇ 1.4 ਕਿਲੋ ਸੀ। ਜਨਮ ਤੋਂ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ (ਰੈਸਪਾਇਰੇਟਰੀ ਡਿਸਟ੍ਰੈਸ) ਹੋਣ ਲੱਗੀ। ਉਨ੍ਹਾਂ ਨੂੰ ਤੁਰੰਤ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ ਵਿਚ ਸ਼ਿਫਟ ਕੀਤਾ ਗਿਆ, ਜਿਥੇ ਉਨ੍ਹਾਂ ਦਾ ਇਲਾਜ ਕੰਟਿਨਿਊਸ ਪਾਜ਼ੇਟਿਵ ਏਅਰਵੇ ਪ੍ਰੈਸ਼ਰ ਤੇ ਸਮੇਂ ਸਿਰ ਦਿੱਤੀ ਗਈ ਸਰਫੈਕਟੈਂਟ ਥੈਰੇਪੀ ਨਾਲ ਕੀਤਾ ਗਿਆ। ਤੁਰੰਤ ਮੈਡੀਕਲ ਦਖਲ, ਆਧੁਨਿਕ ਨਿਓਨੇਟਲ ਸਹੂਲਤਾਂ ਤੇ ਲਗਾਤਾਰ ਨਿਗਰਾਨੀ ਦੇ ਨਾਲ ਤਿੰਨੇ ਬੱਚੇ ਇਸ ਵੇਲੇ ਸਥਿਰ ਹਨ ਤੇ ਸਾਡੇ ਏਆਈਸੀਯੂ ਵਿਚ ਉਨ੍ਹਾਂ ਨੂੰ ਸਭ ਤੋਂ ਵਧੀਆ ਦੇਖਭਾਲ ਦਿੱਤੀ ਜਾ ਰਹੀ ਹੈ। ਡਾ. ਜੀਬੀ ਸਿੰਘ ਨੇ ਦਸਿਆ ਕਿ ਇਹ ਉਪਲਬਧੀ ਸਾਡੇ ਮੈਡੀਕਲ ਸਟਾਫ ਦੀ ਮਿਹਨਤ, ਮੁਹਾਰਤ ਤੇ ਟੀਮ ਵਰਕ ਨੂੰ ਦਰਸਾਉਂਦੀ ਹੈ ਤੇ ਜੀਬੀ ਮਲਟੀਸਪੈਸ਼ਲਟੀ ਹਸਪਤਾਲ ਵੱਲੋਂ ਉੱਚ ਗੁਣਵੱਤਾ ਵਾਲੀ ਸਿਹਤ ਸੇਵਾ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ।