ਬੇਜ਼ੁਬਾਨ ਜਾਨਵਰਾਂ ਦੇ ਹੱਕ ’ਚ ਕੀਤਾ ਰੋਸ ਪ੍ਰਦਰਸ਼ਨ
ਸਟ੍ਰੀਟ ਡੌਗਸ ਪ੍ਰਤੀ ਵਧ ਰਹੀ ਅਣਮਨੁੱਖੀ ਸੋਚ ਅਤੇ ਸਰਕਾਰੀ ਆਦੇਸ਼ਾਂ ਖ਼ਿਲਾਫ਼ ਫਗਵਾੜਾ ਵਿਖੇ ਰੋਸ ਪ੍ਰਦਰਸ਼ਨ
Publish Date: Sun, 31 May 2026 08:39 PM (IST)
Updated Date: Sun, 31 May 2026 08:41 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸਟ੍ਰੀਟ ਡੌਗਸ (ਅਵਾਰਾ ਕੁੱਤਿਆਂ) ਤੇ ਹੋਰ ਬੇਜ਼ੁਬਾਨ ਜਾਨਵਰਾਂ ਪ੍ਰਤੀ ਵਧ ਰਹੀ ਅਣਮਨੁੱਖੀ ਸੋਚ, ਪਸ਼ੂ ਕਰੂਰਤਾ ਦੀਆਂ ਘਟਨਾਵਾਂ ਤੇ ਹਾਲ ਹੀ ਵਿਚ ਜਾਰੀ ਕੀਤੇ ਗਏ ਸਰਕਾਰੀ ਆਦੇਸ਼ਾਂ ਦੇ ਵਿਰੋਧ ਵਿਚ ਗੋਲ ਚੌਂਕ, ਫਗਵਾੜਾ ਵਿਖੇ ਇਕ ਸ਼ਾਂਤੀਪੂਰਨ ਤੇ ਲੋਕਤੰਤਰਿਕ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿਚ ਫਗਵਾੜਾ, ਜਲੰਧਰ ਤੇ ਹੁਸ਼ਿਆਰਪੁਰ ਸਮੇਤ ਵੱਖ-ਵੱਖ ਇਲਾਕਿਆਂ ਤੋਂ ਪਸ਼ੂ ਪ੍ਰੇਮੀ, ਸਮਾਜਿਕ ਕਾਰਕੁੰਨ ਤੇ ਜਾਗਰੂਕ ਨਾਗਰਿਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਪਸ਼ੂ ਅਧਿਕਾਰ ਕਾਰਕੁੰਨ ਪੀਯੂਸ਼ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਹਾਲੀਆ ਆਦੇਸ਼ ਬੇਜ਼ੁਬਾਨ ਜਾਨਵਰਾਂ ਦੇ ਹਿੱਤ ਵਿਚ ਨਹੀਂ ਹਨ, ਸਗੋਂ ਇਹ ਉਨ੍ਹਾਂ ਪ੍ਰਤੀ ਕਰੂਰਤਾ ਨੂੰ ਬੜਾਵਾ ਦੇਣ ਵਾਲੇ ਪ੍ਰਤੀਤ ਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਆਦੇਸ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਵੇ ਤੇ ਪਸ਼ੂਆਂ ਪ੍ਰਤੀ ਸੰਵੇਦਨਸ਼ੀਲ ਤੇ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਇਆ ਜਾਵੇ। ਉਨ੍ਹਾਂ ਸੋਸ਼ਲ ਮੀਡੀਆ ਤੇ ਦਿੱਤੇ ਜਾ ਰਹੇ ਭੜਕਾਊ ਤੇ ਨਕਾਰਾਤਮਕ ਜਨਤਕ ਬਿਆਨਾਂ ਦੀ ਵੀ ਸਖ਼ਤ ਨਿਖੇਧੀ ਕੀਤੀ। ਸੋਨੀ ਨੇ ਕਿਹਾ ਕਿ ਅਜਿਹੇ ਬਿਆਨਾਂ ਨਾਲ ਸਮਾਜ ਵਿਚ ਜਾਨਵਰਾਂ ਪ੍ਰਤੀ ਨਫ਼ਰਤ ਵਧਦੀ ਹੈ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਹਿੰਸਾ ਤੇ ਅੱਤਿਆਚਾਰ ਹੁੰਦੇ ਹਨ। ਉਨ੍ਹਾਂ ਜਨ ਪ੍ਰਤੀਨਿਧਾਂ ਤੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਭਵਿੱਖ ਵਿਚ ਅਜਿਹੇ ਬਿਆਨ ਦੇਣ ਤੋਂ ਬਚਣ ਦੀ ਅਪੀਲ ਕੀਤੀ। ਪੀਯੂਸ਼ ਸੋਨੀ ਨੇ ਸਰਕਾਰ ਦੀ ਪਸ਼ੂ ਜਨਮ ਨਿਯੰਤਰਣ ਨੀਤੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਕਈ ਥਾਵਾਂ ਤੇ ਇਹ ਪ੍ਰੋਗਰਾਮ ਨਿਗਰਾਨੀ ਦੀ ਕਮੀ, ਸਾਧਨਾਂ ਦੀ ਘਾਟ ਤੇ ਭ੍ਰਿਸ਼ਟਾਚਾਰ ਕਾਰਨ ਅਸਫਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਨਸਬੰਦੀ ਪ੍ਰਕਿਰਿਆਵਾਂ, ਜੋ ਕਿ ਪਸ਼ੂਆਂ ਨੂੰ ਬੇਲੋੜੀ ਪੀੜ ਦਿੰਦੀਆਂ ਹਨ, ਦੀ ਬਜਾਏ ਸਰਕਾਰ ਨੂੰ ਵਧੇਰੇ ਸੁਰੱਖਿਅਤ, ਆਧੁਨਿਕ ਤੇ ਮਨੁੱਖੀ ਬਦਲਾਂ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਪੰਜਾਬ ਦੇ ਗੁਰੂਆਂ ਦੀ ਪਾਵਨ ਧਰਤੀ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਕੀਰਤਪੁਰ ਸਾਹਿਬ ਤੇ ਨੌਲਖਾ ਬਾਗ ਦੀਆਂ ਉਦਾਹਰਨਾਂ ਦਿੱਤੀਆਂ, ਜਿਥੇ ਹਮੇਸ਼ਾ ਜੀਵਾਂ ਪ੍ਰਤੀ ਪ੍ਰੇਮ ਤੇ ਦਇਆ ਦਾ ਸੰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪਸ਼ੂਆਂ ਨਾਲ ਕਰੂਰਤਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਹੁਸ਼ਿਆਰਪੁਰ ਤੋਂ ਪਹੁੰਚੇ ਪਸ਼ੂ ਭਲਾਈ ਕਾਰਕੁੰਨ ਤੇ ਐਨੀਮਲ ਵੈੱਲਫੇਅਰ ਐੱਨਜੀਓ ਦੇ ਮੈਂਬਰ ਸ਼ਕਤੀ ਨੇ ਕਿਹਾ ਕਿ ਜਾਨਵਰਾਂ ਪ੍ਰਤੀ ਅਸਹਿਣਸ਼ੀਲਤਾ ਲਗਾਤਾਰ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਸਾਲਾਂ ਤੋਂ ਨਿਸਵਾਰਥ ਭਾਵ ਨਾਲ ਜ਼ਖਮੀ, ਬੀਮਾਰ ਤੇ ਬੇਸਹਾਰਾ ਗਾਵਾਂ ਤੇ ਕੁੱਤਿਆਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀਆਂ ਸਮੱਸਿਆਵਾਂ ਦਾ ਹੱਲ ਆਲੋਚਨਾ ਨਾਲ ਨਹੀਂ, ਸਗੋਂ ਸਮੂਹਿਕ ਸਹਿਯੋਗ ਨਾਲ ਸੰਭਵ ਹੈ। ਇਸੇ ਦੌਰਾਨ ਅਪਰਾ ਤੋਂ ਪਹੁੰਚੀ ਪਸ਼ੂ ਅਧਿਕਾਰ ਕਾਰਕੁੰਨ ਬੇਨੀ ਨੇ ਸਮਾਜਿਕ ਚੁਣੌਤੀਆਂ ਤੇ ਗੱਲ ਕਰਦਿਆਂ ਕਿਹਾ ਕਿ ਜਾਨਵਰਾਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਸਮਾਜ ਵਿਚ ਔਰਤਾਂ ਤੇ ਬੱਚਿਆਂ ਖ਼ਿਲਾਫ਼ ਵਧ ਰਹੇ ਅਪਰਾਧਾਂ ਤੇ ਨਸ਼ਾ ਤਸਕਰੀ ਵਰਗੀਆਂ ਗੰਭੀਰ ਸਮੱਸਿਆਵਾਂ ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹਿਲ ਅਸਲ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦੀ ਹੋਣੀ ਚਾਹੀਦੀ ਹੈ, ਨਾ ਕਿ ਬੇਜ਼ੁਬਾਨ ਜਾਨਵਰਾਂ ਤੇ ਅੱਤਿਆਚਾਰ ਕਰਨ ਦੀ। ਇਸ ਪ੍ਰਦਰਸ਼ਨ ਵਿਚ ਬੇਜ਼ੁਬਾਨ ਜਾਨਵਰਾਂ ਦੇ ਹੱਕਾਂ ਦੀ ਰੱਖਿਆ ਲਈ ਇੱਕਜੁਟਤਾ ਦਿਖਾਉਂਦੇ ਹੋਏ ਵਿਪਿਨ ਗਾਬਾ, ਪੰਡਿਤ ਰਵਿਕਾਂਤ, ਮਨਦੀਪ, ਦੀਪਕ, ਧਰੁਵ, ਰਿੰਕੂ, ਸਿਮਰਨ ਕੌਰ, ਮਨਜਿੰਦਰ ਕੌਰ, ਪਰਮ ਕੌਰ, ਰਿਤੂ, ਕੋਮਲ ਸਮੇਤ ਵੱਡੀ ਗਿਣਤੀ ਵਿਚ ਪਸ਼ੂ ਪ੍ਰੇਮੀ ਤੇ ਸਮਾਜ ਸੇਵੀ ਮੌਜੂਦ ਸਨ।