ਮਣੀਪੁਰ ’ਚ ਤਿੰਨ ਪਾਦਰੀਆਂ ਦੀ ਹੱਤਿਆ ਦੇ ਵਿਰੋਧ ’ਚ ਜੰਤਰ-ਮੰਤਰ ’ਚ ਕੀਤਾ ਰੋਸ ਪ੍ਰਦਰਸ਼ਨ
ਮਣੀਪੁਰ ’ਚ ਤਿੰਨ ਪਾਦਰੀਆਂ ਦੀ ਹੱਤਿਆ ਦੇ ਵਿਰੋਧ ’ਚ ਜੰਤਰ-ਮੰਤਰ ਵਿਖੇ ਕੀਤਾ ਪ੍ਰਦਰਸ਼ਨ
Publish Date: Sun, 17 May 2026 07:16 PM (IST)
Updated Date: Sun, 17 May 2026 07:18 PM (IST)
- ਪਦਰੀਆਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ : ਸੰਜੇ ਮੈਕਗੀ
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਮਣੀਪੁਰ ਵਿੱਚ ਤਿੰਨ ਪਾਦਰੀਆਂ ਦੀ ਹੱਤਿਆ ਦੇ ਵਿਰੋਧ ਅਤੇ ਕੁਕੀ-ਜ਼ੋ ਭਾਈਚਾਰੇ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਦੇ ਸਮਰਥਨ ਨਾਲ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰੋਗਰਾਮ ਦੁਪਹਿਰ 2 ਵਜੇ ਤੋਂ ਸ਼ੁਰੂ ਹੋਇਆ, ਜਿਸ ਵਿੱਚ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ। ਇਹ ਪ੍ਰੋਗਰਾਮ ਕੁਕੀ ਸਟੂਡੈਂਟਸ ਆਰਗੇਨਾਈਜ਼ੇਸ਼ਨ ਦਿੱਲੀ ਅਤੇ ਐੱਨਸੀਆਰ ਵੱਲੋਂ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਤੰਗਖੁਲ ਅਗਵਾਈ ਵਾਲੇ ਐੱਨਐੱਸਸੀਐੱਨ-ਆਈਐੱਮ ਅਤੇ ਪ੍ਰਾਕਸੀ ਹਿੰਸਾ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ ਅਤੇ ਮਾਰੇ ਗਏ ਪਾਦਰੀਆਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਨੇਇਖੋਕਿਮ ਅਤੇ ਸੇਇਜ਼ਾਕਾਈ ਵੱਲੋਂ ਮੇਜ਼ਬਾਨੀ ਅਤੇ ਅਰਦਾਸ ਨਾਲ ਕੀਤੀ। ਇਸ ਤੋਂ ਬਾਅਦ ਕੁਕੀ ਇਨਪੀ ਦਿੱਲੀ ਵੱਲੋਂ ਉਦਘਾਟਨੀ ਟਿੱਪਣੀ ਪੇਸ਼ ਕੀਤੀ ਗਈ। ਪ੍ਰੋਗਰਾਮ ਵਿੱਚ ਰੈਵ. ਥੋਂਗੰਗਮ ਸਹਾਇਕ ਪਾਦਰੀ ਕੇਡਬਲਯੂਐੱਸ ਦਿੱਲੀ, ਨੂੰ ਮਾਰਲਿਨ ਕਨਵੀਨਰ ਕੁਕੀ-ਜ਼ੋ ਮਹਿਲਾ ਮੰਚ ਦਿੱਲੀ, ਸੰਜੇ ਮੈਕਗੀ ਪ੍ਰਧਾਨ ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ, ਡਾ. ਗ੍ਰੇਸ ਗੁਇਟੇ ਵਾਲਟੇ, ਰੈਵ. ਜੋਤੀ ਐਸ ਸਿੰਘ ਕਾਰਜਕਾਰੀ ਸਕੱਤਰ ਐੱਨਸੀਸੀਆਈ ਅਤੇ ਮਣੀਪੁਰ ਟ੍ਰਾਈਬਲ ਫੋਰਮ ਦਿੱਲੀ ਦੇ ਨੇ ਨੁਮਾਇੰਦੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਵੱਲੋਂ ਡਾ. ਜੌਨ ਦਯਾਲ, ਡਾ. ਸਲਾਮਤ ਮਸੀਹ, ਵੀਨਾ ਮੈਸੀ, ਡਾ. ਮਨਜੀਤ ਕੌਰ ਅਤੇ ਕੈਪਟਨ ਪ੍ਰਦੀਪ ਸਿੰਘ ਨੇ ਸੰਬੋਧਨ ਕੀਤਾ। ਪ੍ਰੋਗਰਾਮ ਦੌਰਾਨ ਨਾਰੇਬਾਜ਼ੀ, ਖੁੱਲ੍ਹਾ ਸੈਸ਼ਨ ਅਤੇ ਸਮੂਹਿਕ ਅਰਦਾਸ ਵੀ ਕੀਤੀ। ਕਨਵੀਨਰਾਂ ਨੇ ਕਿਹਾ ਕਿ ਇਹ ਪ੍ਰਦਰਸ਼ਨ ਮਣੀਪੁਰ ਵਿੱਚ ਜਾਰੀ ਹਿੰਸਾ ਦੇ ਵਿਰੋਧ, ਇਨਸਾਫ਼, ਅਮਨ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੀਤਾ ਜਾ ਰਿਹਾ ਹੈ।