ਪ੍ਰਾਈਵੇਟ ਸਕੂਲਾਂ ’ਚ ਹੋ ਰਹੀ ਮਾਪਿਆਂ ਦੀ ਲੁੱਟ : ਮਾ. ਸ਼ਰਮਾ
ਪ੍ਰਾਈਵੇਟ ਸਕੂਲਾਂ ’ਚ ਕਿਤਾਬਾਂ ਨੂੰ ਲੈ ਕੇ ਮਾਪਿਆਂ ਦੀ ਲੁੱਟ, ਕਿਤਾਬਾਂ ਦੇ ਨਾਲ ਨਾਲ ਫ਼ੀਸਾਂ ਦੇ ਰੇਟ ਵੀ ਵਧਾਏ
Publish Date: Tue, 24 Mar 2026 09:19 PM (IST)
Updated Date: Tue, 24 Mar 2026 09:22 PM (IST)

ਕਿਤਾਬਾਂ ਦੇ ਨਾਲ-ਨਾਲ ਫ਼ੀਸਾਂ ਦੇ ਰੇਟ ਵੀ ਵਧਾਏ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਹੁੰਦੇ ਹੀ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ’ਤੇ ਆਰਥਿਕ ਬੋਝ ਵਧਾਉਣ ਦੇ ਦੋਸ਼ ਲੱਗ ਰਹੇ ਹਨ। ਜਾਣਕਾਰੀ ਅਨੁਸਾਰ ਪਹਿਲੀ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਕਿਤਾਬਾਂ ਦੇ ਸੈੱਟ 4,000 ਤੋਂ 8,000 ਰੁਪਏ ਤੱਕ ਵੇਚੇ ਜਾ ਰਹੇ ਹਨ, ਜਿਸ ਨਾਲ ਆਮ ਪਰਿਵਾਰਾਂ ਲਈ ਬੱਚਿਆਂ ਦੀ ਪੜ੍ਹਾਈ ਮਹਿੰਗੀ ਹੋ ਰਹੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਹਰ ਸਾਲ ਸਕੂਲਾਂ ਵੱਲੋਂ ਨਵੀਆਂ ਕਿਤਾਬਾਂ ਲਗਾਈਆਂ ਜਾਂਦੀਆਂ ਹਨ ਤੇ ਪੁਰਾਣੀਆਂ ਕਿਤਾਬਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਇਸ ਕਾਰਨ ਉਨ੍ਹਾਂ ਨੂੰ ਹਰ ਸਾਲ ਮਹਿੰਗੀਆਂ ਕਿਤਾਬਾਂ ਖਰੀਦਣ ਲਈ ਮਜਬੂਰ ਹੋਣਾ ਪੈਂਦਾ ਹੈ। ਕਈ ਮਾਪਿਆਂ ਨੇ ਤਾਂ ਇਥੋਂ ਤੱਕ ਵੀ ਦੋਸ਼ ਲਾਇਆ ਕਿ ਕੁਝ ਪ੍ਰਾਈਵੇਟ ਸਕੂਲਾਂ ਵੱਲੋਂ ਖਾਸ ਦੁਕਾਨਾਂ ਤੋਂ ਹੀ ਕਿਤਾਬਾਂ ਖਰੀਦਣ ਲਈ ਕਿਹਾ ਜਾਂਦਾ ਹੈ, ਜਿਥੇ ਕਿਤਾਬਾਂ ਦੇ ਰੇਟ ਆਮ ਮਾਰਕੀਟ ਨਾਲੋਂ ਕਾਫ਼ੀ ਵੱਧ ਹੁੰਦੇ ਹਨ। ਦੂਜੇ ਪਾਸੇ, ਵਾਤਾਵਰਨ ਪ੍ਰੇਮੀ ਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਐੱਮਪੀ ਦੇ ਸੇਵਾਦਾਰ ਮਾਸਟਰ ਮਨੋਜ ਸ਼ਰਮਾ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਕਿਤਾਬਾਂ ਤੇ ਫੀਸਾਂ ਦੇ ਨਾਮ ’ਤੇ ਮਾਪਿਆਂ ਦੀ ਕੀਤੀ ਜਾ ਰਹੀ ਭਾਰੀ ਲੁੱਟ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਐੱਮਪੀ ਵੱਲੋਂ ਪਿਛਲੇ ਦਿਨੀਂ ਸੰਸਦ ਵਿਚ ਵੀ ਉਠਾਇਆ ਗਿਆ ਸੀ, ਜਿਥੇ ਉਨ੍ਹਾਂ ਵੱਲੋਂ ਇਸ ਮਸਲੇ ‘ਤੇ ਡੂੰਘੀ ਚਿੰਤਾ ਜਤਾਈ ਗਈ ਸੀ ਤੇ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਸੀ ਕਿ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਇਆ ਜਾਵੇ। ਮਾਸਟਰ ਮਨੋਜ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਆਪਣੇ ਦੋਵੇਂ ਬੱਚਿਆਂ ਨੂੰ ਵੀ ਸਰਕਾਰੀ ਸਕੂਲਾਂ ਵਿਚ ਹੀ ਪੜ੍ਹਾਇਆ ਹੈ। ਇਸ ਮਾਮਲੇ ‘ਤੇ ਸਿੱਖਿਆ ਵਿਭਾਗ ਵੱਲੋਂ ਵੀ ਨਿਗਰਾਨੀ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਤਾਂ ਜੋ ਮਾਪਿਆਂ ਨੂੰ ਬੇਵਜ੍ਹਾ ਆਰਥਿਕ ਬੋਝ ਤੋਂ ਬਚਾਇਆ ਜਾ ਸਕੇ। ਮਾਪਿਆਂ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਕਿਤਾਬਾਂ ਦੇ ਰੇਟ ਨਿਰਧਾਰਤ ਕੀਤੇ ਜਾਣ ਤੇ ਸਕੂਲਾਂ ਵੱਲੋਂ ਕਿਸੇ ਇਕ ਵਿਸ਼ੇਸ਼ ਦੁਕਾਨ ਤੋਂ ਖਰੀਦ ਦੀ ਜ਼ਬਰਦਸਤੀ ’ਤੇ ਰੋਕ ਲਗਾਈ ਜਾਵੇ। ਇਸ ਸਾਰੇ ਮਾਮਲੇ ਸਬੰਧੀ ਸ਼ਹਿਰ ਸੁਲਤਾਨਪੁਰ ਲੋਧੀ ਦੀ ਇਕ ਮਸ਼ਹੂਰ ਅਕੈਡਮੀ ਦੇ ਐੱਮਡੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਸਬੰਧੀ ਰਾਜੇਸ਼ ਕੁਮਾਰ ਜੀ ਸਟੇਟ ਐਵਾਰਡੀ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀਨਿਅਰ ਸੈਕੰਡਰੀ ਸਕੂਲ) ਕਪੂਰਥਲਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੀਆਂ ਕਿਤਾਬਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਧਿਕਾਰਕ ਵੈੱਬਸਾਈਟਾਂ www.pseb.ac.in ਤੇ www.epunjabschool.gov.in ਰਾਹੀਂ ਵਿਦਿਆਰਥੀ ਤੇ ਅਧਿਆਪਕ ਆਪਣੀ ਲੋੜ ਅਨੁਸਾਰ ਕਲਾਸ ਵਾਈਜ਼ ਕਿਤਾਬਾਂ ਮੁਫ਼ਤ ਡਾਊਨਲੋਡ ਜਾਂ ਖ਼ਰੀਦ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪ੍ਰਾਈਵੇਟ ਸਕੂਲ ਵੱਲੋਂ ਵੱਧ ਫੀਸ ਜਾਂ ਕਿਤਾਬਾਂ ਦੇ ਜ਼ਿਆਦਾ ਰੇਟ ਵਸੂਲ ਕਰਨ ਦੀ ਸ਼ਿਕਾਇਤ ਪਾਈ ਗਈ ਜਾਂ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸ਼ਰਤਾਂ ’ਤੇ ਪੂਰਾ ਨਾ ਉਤਰਿਆ ਤਾਂ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।