ਚੁਣੇ ਹੋਏ ਨੁਮਾਇੰਦਿਆਂ ਨੂੰ ਕੀਤਾ ਜਾ ਰਿਹਾ ਨਜ਼ਰਅੰਦਾਜ਼ : ਧੀਰ
ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿੱਚ ਕੌਂਸਲਰਾਂ ਦੀ ਪ੍ਰੈੱਸ ਕਾਨਫਰੰਸ, ਵਿਕਾਸ ਕੰਮਾਂ ਨੂੰ ਲੈ ਕੇ ਪ੍ਰਸ਼ਾਸਨ ’ਤੇ ਗੰਭੀਰ ਸਵਾਲ
Publish Date: Fri, 06 Mar 2026 09:23 PM (IST)
Updated Date: Fri, 06 Mar 2026 09:27 PM (IST)

ਸਮੀਖਿਆ “ਮੀਟਿੰਗਾਂ ’ਚ ਨਹੀਂ ਬੁਲਾਇਆ ਜਾਂਦਾ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਕੌਂਸਲਰਾਂ ਕੀਤੀ ਪ੍ਰੈੱਸ ਕਾਨਫਰੰਸ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਸ਼ਹਿਰ ਵਿਚ ਚੱਲ ਰਹੇ ਵਿਕਾਸ ਕੰਮਾਂ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਤੇ ਕੌਂਸਲਰਾਂ ਵੱਲੋਂ ਇਕ ਅਹਿਮ ਪ੍ਰੈੱਸ ਕਾਨਫਰੰਸ ਕਰਕੇ ਮੌਜੂਦਾ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਗੰਭੀਰ ਸਵਾਲ ਖੜੇ ਕੀਤੇ ਗਏ। ਕੌਂਸਲਰਾਂ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਮਹੱਤਵਪੂਰਨ ਮੀਟਿੰਗਾਂ ਵਿਚ ਚੁਣੇ ਹੋਏ ਨੁਮਾਇੰਦਿਆਂ ਨੂੰ ਨਾ ਤਾਂ ਸੱਦਾ ਦਿੱਤਾ ਜਾਂਦਾ ਹੈ ਤੇ ਨਾ ਹੀ ਉਨ੍ਹਾਂ ਦੀ ਕੋਈ ਰਾਇ ਲਈ ਜਾਂਦੀ ਹੈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕੱਲ੍ਹ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਇਕ ਅਹਿਮ ਪ੍ਰਸ਼ਾਸਨਿਕ ਮੀਟਿੰਗ ਹੋਈ ਸੀ, ਜਿਸ ਵਿਚ ਡਿਪਟੀ ਕਮਿਸ਼ਨਰ ਸਮੇਤ ਕਈ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਦੇ ਚੁਣੇ ਹੋਏ ਕੌਂਸਲਰਾਂ ਨੂੰ ਇਸ ਮੀਟਿੰਗ ਲਈ ਨਾ ਤਾਂ ਸੂਚਿਤ ਕੀਤਾ ਗਿਆ ਤੇ ਨਾ ਹੀ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਗਰਾਊਂਡ ਲੈਵਲ ‘ਤੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਸਭ ਤੋਂ ਵਧੀਆ ਜਾਣਕਾਰੀ ਕੌਂਸਲਰਾਂ ਨੂੰ ਹੁੰਦੀ ਹੈ, ਕਿਉਂਕਿ ਲੋਕ ਰੋਜ਼ਾਨਾ ਆਪਣੀਆਂ ਮੁਸ਼ਕਿਲਾਂ ਉਨ੍ਹਾਂ ਤੱਕ ਪਹੁੰਚਾਉਂਦੇ ਹਨ ਪਰ ਜਦੋਂ ਵਿਕਾਸ ਕੰਮਾਂ ਬਾਰੇ ਫੈਸਲੇ ਲਏ ਜਾਂਦੇ ਹਨ ਤਾਂ ਉਨ੍ਹਾਂ ਦੀ ਰਾਇ ਲੈਣੀ ਵੀ ਜ਼ਰੂਰੀ ਹੈ। ਪ੍ਰਧਾਨ ਨੇ ਸਟਰੋਮ ਵਾਟਰ ਪ੍ਰੋਜੈਕਟ ਬਾਰੇ ਵੀ ਗੰਭੀਰ ਚਿੰਤਾ ਜਤਾਈ। ਉਨ੍ਹਾਂ ਦੱਸਿਆ ਕਿ ਸਿੰਧ ਬੈਂਕ ਤੋਂ ਲੈ ਕੇ ਚੌਂਕ ਚੇਲਿਆਂ ਤੇ ਸਿੰਘ ਭਵਾਨੀ ਮੰਦਰ ਤੱਕ ਸਟਰੋਮ ਵਾਟਰ ਦੀ ਸੀਵਰੇਜ ਪਾਈਪ ਲਾਈਨ ਅਜੇ ਤੱਕ ਨਹੀਂ ਪਾਈ ਗਈ, ਜਦਕਿ ਇਹ ਇਲਾਕਾ ਸ਼ਹਿਰ ਦਾ ਮੁੱਖ ਬਾਜ਼ਾਰ ਹੈ। ਉਨ੍ਹਾਂ ਕਿਹਾ ਕਿ ਸਦਰ ਬਾਜ਼ਾਰ ਦੇ ਵੱਡੇ ਹਿੱਸੇ ਦਾ ਪਾਣੀ ਚੌਂਕ ਚੇਲਿਆਂ ਵਿਚ ਇਕੱਠਾ ਹੋ ਜਾਂਦਾ ਹੈ ਤੇ ਬਰਸਾਤ ਦੇ ਮੌਸਮ ਵਿਚ ਉੱਥੇ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਐਡਵੋਕੇਟ ਵਿਜੇ ਗੁਪਤਾ ਦੇ ਘਰ ਤੋਂ ਚੌਂਕ ਚੇਲਿਆਂ ਤੱਕ ਵੀ ਸਟਰੋਮ ਵਾਟਰ ਲਾਈਨ ਨਹੀਂ ਪਾਈ ਗਈ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਧਾਨ ਨੇ ਕਿਹਾ ਕਿ ਸ਼ਹਿਰ ਵਿਚ ਲਗਭਗ 13 ਕਰੋੜ ਰੁਪਏ ਦੇ ਸੜਕਾਂ ਦੇ ਪ੍ਰੋਜੈਕਟਾਂ ਦੇ ਟੈਂਡਰ ਹੋ ਚੁੱਕੇ ਹਨ ਅਤੇ ਕਈ ਥਾਵਾਂ ‘ਤੇ ਕੰਮ ਸ਼ੁਰੂ ਵੀ ਹੋ ਗਿਆ ਹੈ ਪਰ ਜੇਕਰ ਸੜਕਾਂ ਬਣਾਉਣ ਤੋਂ ਪਹਿਲਾਂ ਸੀਵਰੇਜ ਤੇ ਵਾਟਰ ਸਪਲਾਈ ਦੇ ਕੰਮ ਪੂਰੇ ਨਹੀਂ ਕੀਤੇ ਗਏ ਤਾਂ ਬਾਅਦ ਵਿਚ ਸੜਕਾਂ ਨੂੰ ਦੁਬਾਰਾ ਤੋੜਨਾ ਪਵੇਗਾ, ਜਿਸ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਹੋਵੇਗੀ ਤੇ ਲੋਕਾਂ ਨੂੰ ਵੀ ਦੁੱਗਣੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਸ਼ਹਿਰ ਦੀਆਂ ਕਈ ਗਲੀਆਂ ਵਿਚ ਅਜੇ ਤੱਕ ਵਾਟਰ ਸਪਲਾਈ ਜਾਂ ਸੀਵਰੇਜ ਦੀ ਲਾਈਨ ਨਹੀਂ ਪਈ। ਪੁਰੀਆਂ ਮਹੱਲਾਂ ਤੇ ਕਟੜਾ ਬਾਜ਼ਾਰ ਵਰਗੇ ਇਲਾਕਿਆਂ ਵਿਚ ਵੀ ਇਹ ਸਮੱਸਿਆ ਜਾਰੀ ਹੈ। ਜੇਕਰ ਪਹਿਲਾਂ ਇਹ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਏ ਬਿਨਾਂ ਸੜਕਾਂ ਬਣਾਈਆਂ ਗਈਆਂ ਤਾਂ ਬਾਅਦ ਵਿਚ ਲੋਕਾਂ ਨੂੰ ਮੁੜ ਖੁਦਾਈ ਕਰਨੀ ਪਵੇਗੀ। ਪ੍ਰਧਾਨ ਨੇ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਵੱਲੋਂ 11 ਦਸੰਬਰ 2025 ਤੇ 12 ਦਸੰਬਰ 2025 ਨੂੰ ਲਿਖਤੀ ਰੂਪ ਵਿਚ ਵੀ ਸਬੰਧਤ ਵਿਭਾਗਾਂ ਨੂੰ ਚਿੱਠੀਆਂ ਭੇਜੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚ ਸ਼ਹਿਰ ਦੀਆਂ ਕਈ ਛੋਟੀਆਂ ਪਰ ਮਹੱਤਵਪੂਰਨ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰ ਅਜੇ ਤੱਕ ਉਨ੍ਹਾਂ ‘ਤੇ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਨਜ਼ਰਅੰਦਾਜ਼ ਕਰਕੇ ਵਿਕਾਸ ਕੰਮਾਂ ਦੀ ਯੋਜਨਾ ਬਣਾਉਣਾ ਠੀਕ ਨਹੀਂ ਹੈ। ਕੌਂਸਲਰਾਂ ਨੇ ਮੰਗ ਕੀਤੀ ਕਿ ਭਵਿੱਖ ਵਿਚ ਸ਼ਹਿਰ ਨਾਲ ਜੁੜੀਆਂ ਮੀਟਿੰਗਾਂ ਵਿਚ ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਜੋ ਗਰਾਊਂਡ ਲੈਵਲ ਦੀਆਂ ਸਮੱਸਿਆਵਾਂ ਦਾ ਹੱਲ ਢੰਗ ਨਾਲ ਕੀਤਾ ਜਾ ਸਕੇ।