ਸੰਤ ਬਾਬਾ ਬੀਰ ਸਿੰਘ ਦੇ ਸ਼ਹੀਦੀ ਜੋੜ ਮੇਲਾ ਸਤਾਈਆਂ ਦੀਆਂ ਤਿਆਰੀਆਂ ਜ਼ੋਰਾਂ ’ਤੇ
ਸੰਤ ਬਾਬਾ ਬੀਰ ਸਿੰਘ ਦੇ ਸ਼ਹੀਦੀ ਜੋੜ ਮੇਲਾ ਸਤਾਈਆਂ ਦੀਆਂ ਤਿਆਰੀਆਂ ਜ਼ੋਰਾਂ ਤੇ
Publish Date: Sat, 02 May 2026 09:57 PM (IST)
Updated Date: Sat, 02 May 2026 09:59 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਹਾਨ ਤਪੱਸਵੀ ਪਰਉਪਕਾਰੀ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਨਿੱਘੀ ਯਾਦ ਵਿਚ 182ਵਾਂ ਸਲਾਨਾ ਸ਼ਹੀਦੀ ਜੋੜ ਮੇਲਾ ਸਤਾਈਆਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ ਤੇ ਗੁਰੂ ਘਰ ਵਿਖੇ ਸੇਵਾਦਾਰਾਂ ਤੇ ਸੰਗਤਾਂ ਵੱਲੋਂ ਨਿਰੰਤਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਸਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਧੰਨ ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਸਾਲਾਨਾ ਸਤਾਈਆਂ ਦਾ ਸ਼ਹੀਦੀ ਜੋੜ ਮੇਲਾ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦੀ ਜੋੜ ਮੇਲੇ ਮੌਕੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ 6 ਮਈ ਦਿਨ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਆਰੰਭ ਹੋਣਗੀਆਂ ਜੋ ਕਿ 12 ਮਈ ਤੱਕ ਨਿਰੰਤਰ ਚਲਣਗੀਆਂ। ਉਨ੍ਹਾਂ ਦੱਸਿਆ ਕਿ 8,9 ਤੇ 10 ਮਈ ਨੂੰ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿਚ ਸੰਤ ਮਹਾਪੁਰਸ਼, ਕੀਰਤਨੀ, ਕਵੀਸ਼ਰੀ, ਢਾਡੀ ਤੇ ਕਥਾਵਾਚਕ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸੇ ਤਰ੍ਹਾਂ ਮਿਤੀ 9 ਮਈ 2026 ਦਿਨ ਸ਼ਨੀਵਾਰ ਨੂੰ ਰਾਤ ਦੇ ਦੀਵਾਨ ਸਜਣਗੇ, ਜਿਸ ਵਿਚ ਸ਼ਾਮ 7 ਵਜੇ ਤੋਂ ਰਾਤ 10.30 ਵਜੇ ਤੱਕ ਭਾਈ ਕੁਲਵੰਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ, ਭਾਈ ਅਵਤਾਰ ਸਿੰਘ ਦੂਲੋਵਾਲ ਦਾ ਪੰਥਕ ਕਵੀਸ਼ਰੀ ਜਥਾ, ਬੀਬੀ ਤਜਿੰਦਰ ਕੌਰ ਜੋਸ਼ਨ ਦਾ ਢਾਡੀ ਜਥਾ ਗੁਰੂ ਜਸ਼ ਸੁਣਾ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਮਿਤੀ 10 ਮਈ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 9 ਵਜੇ ਪਾਏ ਜਾਣਗੇ ਤੇ ਉਪਰੰਤ ਦੀਵਾਨ ਹਾਲ ਵਿਖੇ ਸੁੰਦਰ ਦੀਵਾਨ ਸੱਜਣਗੇ ਜਿਸ ਵਿਚ ਭਾਈ ਕੁਲਵੰਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ, ਭਾਈ ਸੁਖਵਿੰਦਰ ਸਿੰਘ ਅਨਮੋਲ ਢਾਡੀ ਜਥਾ, ਭਾਈ ਗੁਰਦਿਆਲ ਸਿੰਘ ਢਿਲਵਾਂ ਕਵੀਸ਼ਰੀ ਜੱਥਾ, ਭਾਈ ਗੁਰਦੇਵ ਸਿੰਘ ਕਥਾ ਵਾਚਕ ਦੰਦੂਪੁਰ ਵਾਲੇ ਦਾ ਰਾਗੀ ਜਥਾ ਤੇ ਹੋਰ ਜਥੇ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕਰਨਗੇ। ਸ਼ਹੀਦੀ ਜੋੜ ਮੇਲੇ ਦੇ ਇਨਾਂ ਸਮਾਗਮਾਂ ਵਿਚ ਸੂਬੇ ਭਰ ਤੋਂ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼, ਧਾਰਮਿਕ ਸ਼ਖਸ਼ੀਅਤਾਂ ਸ਼ਿਰਕਤ ਕਰਨਗੀਆਂ। ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਸ਼ਹੀਦੀ ਜੋੜ ਮੇਲੇ ਸਤਾਈਆਂ ਮੌਕੇ ਸਮਾਗਮਾਂ ਦੌਰਾਨ ਦਿਨ ਰਾਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਸੰਤ ਬਾਬਾ ਹਰਜੀਤ ਸਿੰਘ ਵੱਲੋਂ ਸਮੁੱਚੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦੀ ਜੋੜ ਮੇਲੇ ਦੇ ਸਮਾਗਮਾਂ ਦੌਰਾਨ ਵੱਡੀ ਗਿਣਤੀ ਵਿਚ ਹਾਜ਼ਰੀਆਂ ਭਰ ਕੇ ਗੁਰੂ ਘਰ ਵਿਖੇ ਨਿਸ਼ਕਾਮ ਸੇਵਾ ਕਰਦਿਆਂ ਗੁਰੂ ਘਰ ਤੋਂ ਲਾਹਾ ਪ੍ਰਾਪਤ ਕਰਨ।