ਸ਼ਹੀਦੀ ਦਿਹਾੜਾ ਮਨਾਉਣ ਲਈ ਤਿਆਰੀਆਂ ਜ਼ੋਰਾਂ ’ਤੇ
ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ ਪਿੰਡ ਬੂਲਪੁਰ ਵਿਖੇ ਸ਼ਹੀਦੀ ਦਿਹਾੜਾ ਮਨਾਉਣ ਲਈ ਸੰਗਤਾਂ ਵੱਲੋਂ ਤਿਆਰੀਆਂ ਜ਼ੋਰਾਂ ’ਤੇ
Publish Date: Mon, 11 May 2026 09:43 PM (IST)
Updated Date: Mon, 11 May 2026 09:45 PM (IST)

17 ਮਈ ਨੂੰ ਸਜਣਗੇ ਸੁੰਦਰ ਦੀਵਾਨ, ਸੰਗਤਾਂ ’ਚ ਭਾਰੀ ਉਤਸ਼ਾਹ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਲਗਾਏਗੀ ਖੂਨਦਾਨ ਕੈਂਪ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਹਾਨ ਤਪੱਸਵੀ ਪਰਉਪਕਾਰੀ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਨਿੱਘੀ ਯਾਦ ਵਿਚ 182ਵਾਂ ਸਲਾਨਾ ਸ਼ਹੀਦੀ ਜੋੜ ਮੇਲਾ ਸਤਾਈਆਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਬੂਲਪੁਰ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਦੀ ਅਗਵਾਈ ਹੇਠ ਦੇਸ਼-ਵਿਦੇਸ਼ ਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ ਅਤੇ ਗੁਰੂ ਘਰ ਵਿਖੇ ਸੇਵਾਦਾਰਾਂ ਤੇ ਸੰਗਤਾਂ ਵੱਲੋਂ ਨਿਰੰਤਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਸਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਧੰਨ ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਸਾਲਾਨਾ ਸਤਾਈਆਂ ਦਾ ਸ਼ਹੀਦੀ ਜੋੜ ਮੇਲਾ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦੀ ਜੋੜ ਮੇਲੇ ਮੌਕੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਬੂਲਪਰ ਵਿਖੇ 13 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ ਆਰੰਭ ਹੋਵੇਗੀ, ਜਿਸ ਦੇ ਭੋਗ 15 ਮਈ ਨੂੰ ਪਾਏ ਜਾਣਗੇ। ਇਸੇ ਪ੍ਰਕਾਰ ਸ੍ਰੀ ਅਖੰਡ ਪਾਠ ਸਾਹਿਬ ਦੀ ਦੂਜੀ ਲੜੀ 15 ਮਈ ਦਿਨ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗੀ, ਜਿਸ ਦੇ ਭੋਗ 17 ਮਈ ਦਿਨ ਐਤਵਾਰ ਨੂੰ ਪਾਏ ਜਾਣਗੇ। ਇਸ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪ੍ਰਸਿੱਧ ਕਥਾਵਾਚਕ ਭਾਈ ਗੁਰਦੇਵ ਸਿੰਘ ਦੰਦੂਪੁਰ ਵਾਲੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ, ਉੱਥੇ ਹੀ ਪੰਥ ਪ੍ਰਸਿੱਧ ਭਾਈ ਮੇਜਰ ਸਿੰਘ ਖਾਲਸਾ ਦਾ ਢਾਡੀ ਜਥਾ ਬਾਬਾ ਬੀਰ ਸਿੰਘ ਜੀ ਦੀਆਂ ਵਾਰਾਂ ਤੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੇਗਾ। ਇਸ ਦੌਰਾਨ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੋਸਾਇਟੀ ਕਪੂਰਥਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਸ਼ਹੀਦੀ ਜੋੜ ਮੇਲੇ ਦਾ ਸਿੱਧਾ ਪ੍ਰਸਾਰਨ ਸਵੇਰੇ 10 ਵਜੇ ਤੋਂ ਲਾਈਵ ਵੀ ਕੀਤਾ ਜਾਵੇਗਾ।