ਪੁਲਿਸ ਵੱਲੋਂ ਪਿੰਡ ਲਾਟੀਆਂਵਾਲ ਵਿੱਚ ਮੇਗਾ ਕਾਸੋ ਓਪਰੇਸ਼ਨ ਚਲਾਇਆ

ਨਸ਼ਾ ਵੇਚਣ ਵਾਲਿਆਂ ’ਤੇ ਕੋਈ ਰਹਿਮ ਨਹੀਂ : ਐੱਸਐੱਸਪੀ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੰਜਾਬ ਵਿਚ ਨਸ਼ੇ ਦੇ ਖ਼ਿਲਾਫ਼ ਛਿੜੀ ਜੰਗ ਹੁਣ ਫ਼ੈਸਲਾਕੁੰਨ ਮੋੜ ‘ਤੇ ਪਹੁੰਚਦੀ ਨਜ਼ਰ ਆ ਰਹੀ ਹੈ। ਜ਼ਿਲ੍ਹਾ ਕਪੂਰਥਲਾ ਪੁਲਿਸ ਵੱਲੋਂ ਸੁਲਤਾਨਪੁਰ ਲੋਧੀ ਦੇ ਪਿੰਡ ਲਾਟਿਆਂਵਾਲ ਵਿਚ ਮੇਗਾ ਕਾਸੋ ਆਪ੍ਰੇਸ਼ਨ ਚਲਾ ਕੇ ਨਸ਼ਾ ਤਸਕਰਾਂ ‘ਤੇ ਵੱਡਾ ’ਤੇ ਸਿੱਧਾ ਵਾਰ ਕੀਤਾ ਗਿਆ ਹੈ। ਐੱਸਐੱਸਪੀ ਗੌਰਵ ਤੂਰਾ (ਆਈਪੀਐੱਸ) ਦੀ ਅਗਵਾਈ ਹੇਠ ਹੋਈ ਇਸ ਕਾਰਵਾਈ ਨਾਲ ਤਸਕਰਾਂ ਵਿਚ ਹੜਕੰਪ ਮਚ ਗਿਆ। ਇਸ ਵੱਡੇ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਜ਼ਿਲ੍ਹੇ ਭਰ ਵਿਚੋਂ 10 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ ਚੋਰੀਸ਼ੁਦਾ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਨਸ਼ੇ ਦੀ ਲਪੇਟ ਵਿਚ ਆਏ 3500 ਨੌਜਵਾਨਾਂ ਨੂੰ ਡੀ-ਐਡੀਕਸ਼ਨ ਸੈਂਟਰਾਂ ਵਿਚ ਦਾਖ਼ਲ ਕਰਵਾਇਆ ਗਿਆ, ਜੋ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਵੱਲ ਲਿਜਾਣ ਵਾਸਤੇ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਗੌਰਵ ਤੂਰਾ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ “ਨਸ਼ਾ ਹੌਲੀ-ਹੌਲੀ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ ਤੇ ਪੂਰੇ ਪਰਿਵਾਰ ਨੂੰ ਤਬਾਹੀ ਦੇ ਕਿਨਾਰੇ ‘ਤੇ ਲਿਆ ਖੜ੍ਹਾ ਕਰਦਾ ਹੈ।” ਉਨ੍ਹਾਂ ਨੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਉਹ ਆਪਣੇ ਬੱਚਿਆਂ ‘ਤੇ ਨਿਗਰਾਨੀ ਰੱਖਣ ਕਿਉਂਕਿ ਲਾਪਰਵਾਹੀ ਦੀ ਕੀਮਤ ਬਹੁਤ ਮਹਿੰਗੀ ਪੈਂਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ, ਉਹ ਬਿਨਾਂ ਕਿਸੇ ਡਰ ਜਾਂ ਝਿਜਕ ਤੋਂ ਅੱਗੇ ਆਉਣ। ਪੁਲਿਸ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਤੁਰੰਤ ਡੀ-ਐਡੀਕਸ਼ਨ ਸੈਂਟਰ ਵਿਚ ਦਾਖ਼ਲ ਕਰਵਾ ਕੇ ਇਲਾਜ ਤੇ ਪੁਨਰਵਾਸ ਯਕੀਨੀ ਬਣਾਏਗਾ। ਐੱਸਐੱਸਪੀ ਨੇ ਇਹ ਵੀ ਕਿਹਾ ਕਿ ਇਸ ਜੰਗ ਨੂੰ ਜਿੱਤਣ ਲਈ ਆਮ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ। “ਜੇ ਸਮਾਜ ਸਾਥ ਦੇਵੇ, ਤਾਂ ਨਸ਼ੇ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ,” ਉਨ੍ਹਾਂ ਨੇ ਕਿਹਾ ਪੁਲਿਸ ਵੱਲੋਂ ਪਿੰਡ ਲਾਟਿਆਂਵਾਲ ਵਿਚ ਨਸ਼ਾ ਤਸਕਰਾਂ ਦੀ ਕਰੋੜਾਂ ਰੁਪਏ ਦੀ ਸੰਪਤੀ ਫ੍ਰੀਜ਼ ਕੀਤੀ ਗਈ ਹੈ, ਜਿਸ ਨਾਲ ਸਾਫ਼ ਸੰਦੇਸ਼ ਗਿਆ ਹੈ ਕਿ ਹੁਣ ਤਸਕਰਾਂ ਨੂੰ ਸਿਰਫ਼ ਜੇਲ੍ਹ ਹੀ ਨਹੀਂ, ਸਗੋਂ ਆਰਥਿਕ ਤੌਰ ‘ਤੇ ਵੀ ਵੱਡਾ ਝਟਕਾ ਲੱਗੇਗਾ। ਉਨ੍ਹਾਂ ਨੇ ਦੋਹਰਾਇਆ ਕਿ ਕਪੂਰਥਲਾ ਪੁਲਿਸ ਦਾ ਸਾਫ਼ ਸੰਦੇਸ਼ ਹੈ ਨਸ਼ਾ ਵੇਚਣ ਵਾਲਿਆਂ ਲਈ ਕੋਈ ਰਹਿਮ ਨਹੀਂ, ਤੇ ਨੌਜਵਾਨਾਂ ਨੂੰ ਬਚਾਉਣ ਲਈ ਹਰ ਮੋਰਚੇ ‘ਤੇ ਸਖ਼ਤ ਜੰਗ ਜਾਰੀ ਰਹੇਗੀ। ਆਪ੍ਰੇਸ਼ਨ ਦੌਰਾਨ ਪੁਲਿਸ ਨੇ ਨਸ਼ਾ ਤਸਕਰਾਂ ਦੀਆਂ ਆਲੀਸ਼ਾਨ ਕੋਠੀਆਂ ਵਿਚ ਸਰਚ ਮੁਹਿੰਮ ਚਲਾਈ। ਘਰ-ਘਰ ਤਲਾਸ਼ੀ ਲੈ ਕੇ ਹਰ ਕੋਨੇ ਨੂੰ ਖੰਗਾਲਿਆ ਗਿਆ, ਜਿਸ ਨਾਲ ਤਸਕਰਾਂ ਵਿਚ ਦਹਿਸ਼ਤ ਫੈਲ ਗਈ ਤੇ ਇਲਾਕੇ ਵਿਚ ਹੜਕੰਪ ਮਚ ਗਿਆ। ਇਸ ਮੌਕੇ ਐੱਸਪੀ ਹਰਿੰਦਰ ਸਿੰਘ ਗਿੱਲ, ਏਐੱਸਪੀ ਧੀਰੇਂਦਰ ਵਰਮਾ (ਆਈਪੀਐੱਸ), ਸੁਲਤਾਨਪੁਰ ਲੋਧੀ ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ, ਥਾਣਾ ਮੁਖੀ ਤਲਵੰਡੀ ਚੌਧਰੀਆਂ ਇੰਸਪੈਕਟਰ ਸੋਨਮਦੀਪ ਕੌਰ, ਇੰਸਪੈਕਟਰ ਨਿਰਮਲ ਸਿੰਘ, ਚੌਕੀ ਮੋਠਾਂਵਾਲ ਦੇ ਇੰਚਾਰਜ ਸੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਮੌਜੂਦ ਸੀ।