ਧਮਾਕਿਆਂ ਤੋਂ ਬਾਅਦ ਪੁਲਿਸ ਅਲਰਟ, ਕਾਲਾ ਸੰਘਿਆ ਵਿਖੇ ਕੀਤੀ ਵਿਸ਼ੇਸ਼ ਚੈਕਿੰਗ
ਜਲੰਧਰ -ਅੰਮ੍ਰਿਤਸਰ ਧਮਾਕਿਆਂ ਤੋਂ ਬਾਅਦ ਪੁਲਿਸ ਅਲਰਟ, ਕਾਲ਼ਾ ਸੰਘਿਆਂ ਵਿਖੇ ਵਿਸ਼ੇਸ਼ ਚੈਕਿੰਗ
Publish Date: Sat, 09 May 2026 09:19 PM (IST)
Updated Date: Sat, 09 May 2026 09:21 PM (IST)

--ਬਿਨਾਂ ਨੰਬਰ ਪਲੇਟ ਵਾਹਨਾਂ ’ਤੇ ਹੋਵੇਗੀ ਸਖ਼ਤ ਕਾਰਵਾਈ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆ : ਬੀਤੇ ਦਿਨੀਂ ਜਲੰਧਰ ਤੇ ਅੰਮ੍ਰਿਤਸਰ ਵਿਖੇ ਹੋਏ ਧਮਾਕਿਆਂ ਤੇ ਪੰਜਾਬ ਦੇ ਵੱਖ-ਵੱਖ ਸਕੂਲਾਂ ਨੂੰ ਮਿਲ ਰਹੀਆਂ ਨਿੱਤ ਦਿਨ ਧਮਕੀਆਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਅਲਰਟ ਮੋਡ ਵਿਚ ਵਿਖਾਈ ਦੇ ਰਹੀ ਹੈ। ਇਸ ਸਬੰਧੀ ਕਪੂਰਥਲਾ ਪੁਲਿਸ ਦੇ ਥਾਣਾ ਸਦਰ ਅਧੀਨ ਪੈਂਦੀ ਪੁਲਿਸ ਚੌਂਕੀ ਕਾਲਾ ਸੰਘਿਆ ਦੇ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਦੀ ਅਗਵਾਈ ਹੇਠ ਨਾਕਾਬੰਦੀ ਕਰ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਚੌਂਕੀ ਇੰਚਾਰਜ ਅਮਰਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪੁਲਸ ਮੁਖੀ ਗੌਰਵ ਤੂਰਾ ਤੇ ਡੀਐੱਸਪੀ ਸਬ-ਡਿਵੀਜ਼ਨ ਸ਼ੀਤਲ ਸਿੰਘ ਤੇ ਥਾਣਾ ਸਦਰ ਕਪੂਰਥਲਾ ਮੁਖੀ ਰਣਜੀਤ ਸਿੰਘ ਹੀਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਲਾਕੇ ਦੇ ਸੰਵੇਦਨਸ਼ੀਲ ਤੇ ਭੀੜ ਵਾਲੇ ਹਿੱਸਿਆਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਇਲਾਕੇ ਦੇ ਵੱਖ ਵੱਖ ਥਾਵਾਂ ’ਤੇ ਨਾਕੇਬੰਦੀ ਕਰ ਕੇ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਵਾਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਹਨ। ਚੌਂਕੀ ਇੰਚਾਰਜ਼ ਨੇ ਦੱਸਿਆ ਕਿ ਸ਼ੱਕੀ ਵਾਹਨ ਜਿਨ੍ਹਾਂ ਦੀ ਨੰਬਰ ਪਲੇਟ ਨਹੀਂ ਜਾਂ ਵਾਹਨ ਨੰਬਰ ਨਾ ਪੜ੍ਹਿਆ ਜਾ ਰਿਹਾ ਹੋਵੇ ਉਨ੍ਹਾਂ ਤੋਂ ਸਖ਼ਤੀ ਨਾਲ਼ ਪੁਛਗਿੱਛ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਚੌਂਕੀ ਇੰਚਾਰਜ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਕੂਲਾਂ, ਧਾਰਮਿਕ ਸਥਾਨਾਂ ਤੇ ਹੋਰ ਜਨਤਕ ਥਾਵਾਂ ’ਤੇ ਵੀ ਨਿਗਰਾਨੀ ਵਧਾ ਦਿੱਤੀ ਗਈ ਹੈ। ਉਨਾਂ ਲੋਕਾਂ ਤੋਂ ਸਹਿਯੋਗ ਦੀ ਆਸ ਦੀ ਗੱਲ ਕਰਦਿਆਂ ਸ਼ੱਕੀਆਂ ਦੀ ਜਾਣਕਾਰੀ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ।