ਨਗਰ ਨਿਗਮ ਕਰਮਚਾਰੀ ਯੂਨੀਅਨ ਫਗਵਾੜਾ ਦੀ ਹੜਤਾਲ 11 ਤੋਂ
ਫਗਵਾੜਾ ਨਗਰ ਨਿਗਮ ਦੀ ਕ੍ਰਮਚਾਰੀ ਯੂਨੀਅਨ ਵਲੋਂ 11 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
Publish Date: Sat, 09 May 2026 06:47 PM (IST)
Updated Date: Sat, 09 May 2026 06:48 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਨਗਰ ਨਿਗਮ ਕਰਮਚਾਰੀ ਯੂਨੀਅਨ, ਫਗਵਾੜਾ (ਰਜਿ.) ਵੱਲੋਂ ਪੂਰੇ ਪੰਜਾਬ ਦੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਵਿਚ ਚੱਲ ਰਹੀਆਂ ਹੜਤਾਲਾਂ ਦੇ ਸਮਰਥਨ ਵਿਚ 11 ਮਈ ਤੋਂ ਅਣਮਿਥੇਂ ਸਮੇਂ ਲਈ ਹੜਤਾਲ ’ਤੇ ਜਾਣ ਸਬੰਧੀ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਦਫਤਰ, ਮੇਅਰ ਦਫ਼ਤਰ ਤੇ ਡਿਪਟੀ ਮੇਅਰ ਨੂੰ ਲਿਖਤੀ ਨੋਟਿਸ ਦਿੱਤੇ ਹਨ। ਯੂਨੀਅਨ ਆਗੂਆਂ ਅਨੁਸਾਰ ਕਰਮਚਾਰੀਆਂ ਵੱਲੋਂ ਆਪਣੀ ਮੰਗਾਂ ਪੂਰੀਆਂ ਨਾ ਹੋਣ ਕਾਰਣ ਅਣਮਿਥੇ ਸਮੇਂ ਦੀ ਹੜਤਾਲ ਦਾ ਫਗਵਾੜਾ ਕਾਰਪੋਰੇਸ਼ਨ ਨੂੰ ਨੋਟਿਸ ਦਿੱਤਾ ਗਿਆ ਹੈ। ਇਸ ਮੌਕੇ ਯੂਨੀਅਨ ਦੇ ਚੇਅਰਮੈਨ ਦੀਪਕ ਸਹਿਜਪਾਲ ਤੇ ਪ੍ਰਧਾਨ ਮਨਜੀਤ ਕੁਮਾਰ ਨੇ ਦੱਸਿਆ ਕਿ ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਤੇ ਨਗਰ ਪਾਲਿਕ ਸੰਗਠਨ ਪੰਜਾਬ ਵੱਲੋਂ 6 ਮਈ ਤੋਂ ਕੱਚੇ ਮੁਲਾਜ਼ਮ ਪੱਕੇ ਕਰਵਾਉਣ, ਪੁਰਾਣੀ ਪੈਂਸ਼ਨ ਬਹਾਲ ਕਰਨ ਲਈ, ਠੇਕੇਦਾਰੀ ਪ੍ਰਥਾ ਖਤਮ ਕਰਨ ਲਈ ਤੇ ਤਨਖਾਹਾਂ ਵਧਾਉਣ ਵਾਸਤੇ ਪੂਰੇ ਪੰਜਾਬ ਦੀਆਂ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਵਿਚ ਅਣਮਿਥੇ ਸਮੇਂ ਲਈ ਹੜਤਾਲ ਰੱਖੀ ਗਈ ਹੈ। ਨਗਰ ਨਿਗਮ ਕਰਮਚਾਰੀ ਯੂਨੀਅਨ, ਫਗਵਾੜਾ (ਰਜਿ.) ਤੇ ਸਫਾਈ ਕਰਮਚਾਰੀ ਯੂਨੀਅਨ, ਫਗਵਾੜਾ ਵੱਲੋਂ ਇਸ ਦੇ ਸਮਰਥਨ ਵਿਚ 11 ਮਈ ਤੋਂ ਅਣਮਿਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਦੀਆਂ ਮੁੱਖ ਮੰਗਾਂ ਵਿਚ ਆਊਟਸੋਰਸ ਤੇ ਠੇਕਾ ਪ੍ਰਣਾਲੀ ਨੂੰ ਬੰਦ ਕਰਕੇ, ਨਗਰ ਨਿਗਮ, ਫਗਵਾੜਾ ਵਿਚ ਕੰਮ ਕਰ ਰਹੇ ਕੰਪਿਊਟਰ ਆਪਰੇਟਰ, ਡਰਾਇਵਰ, ਫਾਇਰਮੈਨ, ਸੇਵਾਦਾਰ, ਮਾਲੀ-ਕਮ-ਚੌਂਕੀਦਾਰ, ਇਲੈਕਟਰੀਸ਼ਨਾਂ ਤੇ ਸਫਾਈ ਸੇਵਕਾਂ ਨੂੰ ਰੈਗੂਲਰ ਕਰਨਾ, ਦਰਜਾ-3 ਤੇ ਦਰਜਾ-4 ਕਰਮਚਾਰੀਆਂ ਦੀਆਂ ਬਣਦੀਆਂ ਪਦਉੱਨਤੀਆਂ ਲਾਗੂ ਕਰਨਾ, ਪੁਰਾਣੀ ਪੈਂਸ਼ਨ ਬਹਾਲ ਕਰਨਾ, ਕਰਮਚਾਰੀਆਂ ਦੀ ਤਨਖਾਹਾਂ ਵਧਾਉਣਾ, ਸਰਕਾਰ ਦੇ ਹੁਕਮਾਂ ਮੁਤਾਬਿਕ ਪੈਂਡਿੰਗ ਡੀਏ ਤੇ ਉਨ੍ਹਾਂ ਦਾ ਏਰੀਅਰ ਜਲਦ ਤੋਂ ਜਲਦ ਬਹਾਲ ਕਰਨਾ, ਖਾਲੀ ਅਸਾਮੀਆਂ ਦੀ ਪੂਰਤੀ ਤੋਂ ਇਲਾਵਾ ਜਿਨ੍ਹਾਂ ਕਰਮਚਾਈਆਂ ਦੀ ਪੈਂਡਿੰਗ ਇਨਕੁਆਰੀ ਚੱਲ ਰਹੀ ਹੈ, ਉਸ ਸਬੰਧੀ ਇਨਕੁਆਰੀ ਦਾ ਨਿਪਟਾਰਾ ਕਰਕੇ ਕਰਮਚਾਰੀਆਂ ਨੂੰ ਬਣਦਾ ਹੱਕ ਦੇਣਾ, ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਦਾ ਭੁਗਤਾਨ ਆਦਿ ਸ਼ਾਮਲ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ, ਇਹ ਹੜਤਾਲ ਜਾਰੀ ਰਹੇਗੀ ਤੇ ਇਸ ਹੜਤਾਲ ਨਾਲ ਪੈਦਾ ਹੋਣ ਵਾਲੇ ਹਲਾਤਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਲੋਕਲ ਪ੍ਰਸ਼ਾਸਨ ਦੀ ਹੋਵਗੀ। ਇਸ ਮੌਕੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਪਾਲ, ਮੀਤ ਪ੍ਰਧਾਨ ਬਹਾਦਰ ਸਿੰਘ, ਸਕੱਤਰ ਵਿਨੇ ਕੁਮਾਰ, ਜੁਆਇੰਟ ਸਕੱਤਰ ਦੀਪਕ ਕੁਮਾਰ, ਪ੍ਰੈੱਸ ਸਕੱਤਰ ਸੁਨੀਲ ਚੰਦੜ, ਹਰਮਨ ਪਾਲ, ਖਜ਼ਾਨਚੀ ਯੋਗੇਸ਼ ਕੁਮਾਰ, ਧਰਮਿੰਦਰ ਕੁਮਾਰ ਤੋਂ ਇਲਾਵਾ ਸਲਾਹਕਾਰ ਰਵਿੰਦਰ ਸਿੰਘ ਨੇਗੀ, ਬਲਜੀਤ ਸਿੰਘ, ਵਿਪਨ ਕੁਮਾਰ, ਬਬਲੂ ਰਾਜਾ ਤੇ ਦੀਪਕ ਸ਼ਰਮਾ ਆਦਿ ਹਾਜ਼ਰ ਸਨ।