ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਜੈਵ ਵਿਭਿੰਨਤਾ ਦਿਵਸ
ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਜੈਵ ਵਿਿਭੰਨਤਾ ਦਿਵਸ
Publish Date: Fri, 22 May 2026 09:28 PM (IST)
Updated Date: Fri, 22 May 2026 09:31 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਵੱਲੋਂ ਪ੍ਰਧਾਨ ਕੇਕੇ ਸਰਦਾਨਾ ਦੀ ਅਗਵਾਈ ਤੇ ਸਕੱਤਰ ਮਲਕੀਅਤ ਸਿੰਘ ਰਗਬੋਤਰਾ ਦੇ ਯਤਨਾਂ ਸਦਕਾ ਵਿਸ਼ਵ ਜੈਵ ਵਿਭਿੰਨਤਾ ਦਿਵਸ ਹਰ ਸਾਲ ਦੀ ਤਰ੍ਹਾਂ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਮਨਾਇਆ ਗਿਆ। ਮੁੱਖ ਬੁਲਾਰਿਆਂ ਵਜੋਂ ਰਿਟਾ. ਹੈੱਡਮਾਸਟਰ ਨਰੇਸ਼ ਕੋਹਲੀ ਤੇ ਨੈਸ਼ਨਲ ਐਵਾਰਡੀ ਮਾਸਟਰ ਤੇ ਵਾਤਾਵਰਣ ਪ੍ਰੇਮੀ ਗੁਰਮੀਤ ਸਿੰਘ ਨੇ ਸ਼ਿਰਕਤ ਕੀਤੀ। ਮਾਸਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਜੈਵਿਕ ਵਿਭਿੰਨਤਾ ਕੀ ਹੈ ਤੇ ਇਸ ਦਾ ਸਾਡੇ ਜੀਵਨ ’ਤੇ ਕੀ ਪ੍ਰਭਾਵ ਪੈਂਦਾ ਹੈ। ਇਸ ਦੌਰਾਨ ਉਨ੍ਹਾਂ ਮਨੁੱਖ ਵੱਲੋਂ ਕੁਦਰਤ ਨਾਲ ਖਿਲਵਾੜ ਕਰਨ ਤੇ ਲੋਪ ਹੋ ਰਹੇ ਜੀਵਾਂ ਕਾਰਨ ਧਰਤੀ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਮਧੂਮੱਖੀਆਂ ਦੇ ਸਾਡੇ ਜੀਵਨ ’ਤੇ ਪੈਣ ਵਾਲੇ ਪ੍ਰਭਾਵਾਂ ਦਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਵਰਣਨ ਕੀਤਾ ਤੇ ਹੈਰਾਨੀਜਨਕ ਤੱਥ ਪੇਸ਼ ਕੀਤੇ ਕਿ ਜੇਕਰ ਮਧੂਮੱਖੀਆਂ ਨਾ ਹੁੰਦੀਆਂ ਤਾਂ ਸੰਸਾਰ ਵਿਚ ਭੁੱਖਮਰੀ ਹੋ ਸਕਦੀ ਸੀ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮਕਸਦ ਧਰਤੀ ਦੇ ਸਥਾਈ ਵਿਕਾਸ ਲਈ ਪ੍ਰਕਿਰਤੀ ਦੇ ਨਾਲ ਹਰ ਤਰ੍ਹਾਂ ਦੇ ਜੀਵਾਂ ਦਾ ਸੰਤੁਲਨ ਬਰਕਰਾਰ ਰੱਖਣ ਦਾ ਸੰਦੇਸ਼ ਦੇਣਾ ਹੈ। ਰਿਟਾ. ਹੈੱਡਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਜੈਵਿਕ ਵਿਭਿੰਨਤਾ ਨਾ ਸਿਰਫ ਜੰਗਲੀ ਜੀਵਾਂ ਬਲਕਿ ਮਨੁੱਖਤਾ ਲਈ ਵੀ ਖਤਰਾ ਹੈ। ਸਮਾਗਮ ਦੌਰਾਨ ਬੁਲਾਰਿਆਂ ਨੇ ਜੰਗਲਾਂ ਦੀ ਕਟਾਈ ਨਾਲ ਕੁਦਰਤ ’ਤੇ ਪੈ ਰਹੇ ਮਾੜੇ ਅਸਰ ਬਾਰੇ ਵੀ ਪ੍ਰਭਾਵਸ਼ਾਲੀ ਢੰਗ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ ਜਿਥੇ ਗਲੋਬਲ ਵਾਰਮਿੰਗ ਘਟੇਗੀ, ਉੱਥੇ ਹੀ ਜੀਵ ਵਿਭਿੰਨਤਾ ਦਾ ਖ਼ਤਰਾ ਵੀ ਟਲੇਗਾ। ਮਾਸਟਰ ਗੁਰਮੀਤ ਸਿੰਘ ਨੇ ਵੀ ਦੱਸਿਆ ਕਿ 20 ਮਈ ਨੂੰ ਮਧੂਮੱਖੀ ਦਿਵਸ ਮਨਾਇਆ ਜਾਂਦਾ ਹੈ ਤੇ 22 ਮਈ ਨੂੰ ਜੈਵ ਵਿਭਿੰਨਤਾ ਦਿਵਸ ਯੂਐੱਨਓ ਵੱਲੋਂ ਐਲਾਨਿਆ ਗਿਆ ਹੈ। ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ ਦੀ ਅਗਵਾਈ ਹੇਠ ਸਰਕਾਰੀ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਨੇ ਵੀ ਉਤਸ਼ਾਹ ਨਾਲ ਸਮਾਗਮ ਵਿਚ ਹਿੱਸਾ ਲਿਆ। ਬੁਲਾਰਿਆਂ ਵੱਲੋਂ ਵਿਦਿਆਰਥੀਆਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ ਗਏ। ਅਖੀਰ ਵਿਚ ਤਾਰਾ ਚੰਦ ਚੁੰਬਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਮੋਹਨ ਲਾਲ ਤਨੇਜਾ, ਸਵੱਛ ਭਾਰਤ ਮਿਸ਼ਨ ਦੇ ਨੁਮਾਇੰਦੇ ਸੁਨੀਤਾ ਸ਼ਰਮਾ ਤੇ ਆਸ਼ਾ ਰਾਣੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।