ਨਿਕਾਈ ਚੋਣਾਂ ਤੋਂ ਪਹਿਲਾਂ ਉੱਠੀ ਲੋਕਾਂ ਦੀ ਆਵਾਜ਼, ਬੁਨਿਆਦੀ ਸੁਵਿਧਾਵਾਂ ‘ਤੇ ਵੱਡਾ ਸਵਾਲ

ਸਥਾਨਕ ਚੋਣਾਂ ਤੋਂ ਪਹਿਲਾਂ ਉੱਠਿਆ ਬੁਨਿਆਦੀ ਸਹੂਲਤਾਂ ‘ਤੇ ਸਵਾਲ
-ਕੂੜਾ ਪ੍ਰਬੰਧਨ, ਸੜਕਾਂ ਤੇ ਪੀਣ ਵਾਲੇ ਪਾਣੀ ਨੇ ਵਧਾਈ ਨਾਰਾਜ਼ਗੀ
ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ
ਕਪੂਰਥਲਾ : ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਲੋਕਾਂ ਦੀ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਆਮ ਵੋਟਰਾਂ ਦਾ ਕਹਿਣਾ ਹੈ ਕਿ ਬੁਨਿਆਦੀ ਸੁਵਿਧਾਵਾਂ ਅਜੇ ਵੀ ਸਭ ਤੋਂ ਵੱਡਾ ਮੁੱਦਾ ਬਣੀਆਂ ਹੋਈਆਂ ਹਨ। ਮਲਕਾਣਾ ਮੁਹੱਲਾ, ਲਾਹੌਰੀ ਗੇਟ, ਰਾਇਕਾ ਮੁਹੱਲਾ, ਜਲੋਖਾਨਾ ਸਮੇਤ ਲਗਭਗ ਸਾਰੇ ਸ਼ਹਿਰ ’ਚ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਹੈ। ਵਿਰਾਸਤੀ ਸ਼ਹਿਰ ਦੀਆ ਸੜਕਾਂ ਦਾ ਵੀ ਬਹੁਤ ਹੀ ਬੁਰਾ ਹਾਲ ਹੈ। ਮਾਲ ਰੋਡ, ਪੈਲੇਸ ਰੋਡ, ਸੰਤਪੁਰਾ ਮਾਰਕਫੈੱਡ ਰੋਡ, ਕਾਇਮ ਪੁਰਾ ਨੂੰ ਜਾਣ ਵਾਲੀ ਸੜਕ, ਮਲਕਾਣਾ ਮੁਹੱਲਾ, ਜੱਟਪੁਰਾ ਮੁਹੱਲਾ, ਜਾਨਕੀ ਦਾਸ ਮੁਹੱਲਾ, ਮਾਡਲ ਟਾਉਨ, ਸ਼ਾਲਮਾਰ ਬਾਗ ਸਮੇਤ ਲਗਭਗ ਅੱਧੇ ਤੋ ਜ਼ਿਆਦਾ ਸ਼ਹਿਰ ਪਾਣੀ ਦੇ ਪਾਈਪ ਪਾਉਣ ਲਈ ਪੱਟਿਆ ਹੋਇਆ ਹੈ। “ਸਾਡੇ ਮੁਹੱਲੇ ‘ਚ ਪਾਣੀ ਨਾ ਸਾਫ਼ ਆਉਂਦਾ ਹੈ ਤੇ ਨਾ ਹੀ ਸਮੇਂ ‘ਤੇ। ਮੁਹੱਲਾ ਕਾਜ਼ੀ ਬਾਗ ਤੇ ਪ੍ਰੀਤ ਨਗਰ ’ਚ ਸੀਵਰੇਜ ਦੀ ਮਾੜੀ ਹਾਲਤ ਲੋਕਾਂ ਲਈ ਵੱਡੀ ਮੁਸ਼ਕਲ ਬਣੀ ਹੋਈ ਹੈ। “ਨਾਲੀਆਂ ਹਰ ਵੇਲੇ ਓਵਰਫਲੋ ਰਹਿੰਦੀਆਂ ਹਨ। ਗਲੀ ‘ਚ ਖੜ੍ਹੇ ਪਾਣੀ ਕਰਕੇ ਬੱਚਿਆਂ ਨੂੰ ਬਾਹਰ ਖੇਡਣ ਨਹੀਂ ਦੇ ਸਕਦੇ,” ਪ੍ਰੀਤ ਨਗਰ ਦੇ ਰਹਿਣ ਵਾਲੇ ਇਮਰਾਨ ਨੇ ਦੱਸਿਆ। ਕੂੜਾ ਪ੍ਰਬੰਧਨ ਦੇ ਮਾਮਲੇ ’ਚ ਤਾਂ ਨਗਰ ਨਿਗਮ ਜ਼ਿਆਦਾਤਰ ਨਾਕਾਮ ਹੀ ਰਿਹਾ ਹੈ। ਕੂੜਾ ਸੁੱਟਣ ਲਈ ਨਿਗਮ ਪਾਸ ਕੋਈ ਪੱਕੀ ਜਗ੍ਹਾ ਹੀ ਨਹੀਂ ਹੈ। ਇਸਦੇ ਨਾਲ ਹੀ ਸਫਾਈ ਕਰਮਚਾਰੀਆ ਦੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਵੀ ਸ਼ਹਿਰ ’ਚ ਜਗ੍ਹਾ-ਜਗ੍ਹਾ ਕੂੜਾ ਜਮਾਂ ਹੋਣ ਦਾ ਕਾਰਣ ਬਣ ਜਾਦੀਆਂ ਹਨ। ਰਾਜਨੀਤਿਕ ਤੇ ਪ੍ਰਸ਼ਾਸਨਿਕ ਲੋਕ ਵਿਚ ਪੈ ਕੇ ਕੁਝ ਸਮੇਂ ਲਈ ਸਫਾਈ ਕਰਮਚਾਰੀਆ ਦੀ ਹੜਤਾਲ ਖੁਲ੍ਹਵਾ ਦਿੰਦੇ ਹਨ ਪਰ ਮੰਗਾਂ ਪੂਰੀਆਂ ਨਾ ਹੋਣ ’ਤੇ ਮਜਬੂਰਨ ਉਨ੍ਹਾਂ ਨੂੰ ਫਿਰ ਹੜਤਾਲ ’ਤੇ ਜਾਣਾ ਪੈਂਦਾ ਹੈ। ਇਸ ਕਰਕੇ ਕਈ ਵਾਰ ਤਾਂ ਸ਼ਹਿਰ ’ਚ 15 ਦਿਨਾਂ ਤੋਂ ਲੈ ਕੇ ਇਕ ਮਹੀਨੇ ਤਕ ਸ਼ਹਿਰ ’ਚ ਕੂੜੇ ਦੇ ਅੰਬਾਰ ਲੱਗੇ ਰਹੇ ਹਨ। ਸ਼ਹਿਰ ਨਿਵਾਸੀ ਅਜੇਦੀਪ ਪਾਧੀ ਦਾ ਕਹਿਣਾ ਹੈ ਕਿ “ਜਦੋਂ ਕਈ-ਕਈ ਦਿਨਾਂ ਤੱਕ ਕੂੜਾ ਨਹੀਂ ਚੁੱਕਿਆ ਜਾਂਦਾ, ਉਸ ਵੇਲੇ ਗੰਦਗੀ ਤੇ ਬਦਬੂ ਨਾਲ ਜੀਣਾ ਔਖਾ ਹੋ ਜਾਂਦਾ ਹੈ। ਸ਼ਹਿਰ ਦੀਆਂ ਸੜਕਾਂ ਦੀ ਖਰਾਬ ਹਾਲਤ ਵੀ ਚੋਣ ਮੁੱਦਾ ਬਣੀ ਹੋਈ ਹੈ। “ਖੱਡਿਆਂ ਕਰਕੇ ਹਰ ਰੋਜ਼ ਜਾਮ ਲੱਗਦਾ ਹੈ। ਗਾਹਕ ਦੁਕਾਨਾਂ ਤੱਕ ਪਹੁੰਚਣ ਤੋਂ ਵੀ ਕਤਰਾਉਂਦੇ ਹਨ,” ਪੁਰਾਣਾ ਹਸਪਤਾਲ ਨਿਵਾਸੀ ਪੱਪੂ ਸੱਗੜ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸੜਕਾਂ ਦਾ ਬਹੁਤ ਹੀ ਮਾੜਾ ਹਾਲ ਹੈ। ਡੀਸੀ ਚੌਕ ਤੋਂ ਸੈਨਿਕ ਸਕੂਲ ਨੂੰ ਜਾਣ ਵਾਲੀ ਸੜਕ ਤੇ ਗਰਾਰੀ ਚੌਕ ਦੇ ਆਲੇ-ਦੁਆਲੇ ਹਾਲਾਤ ਬਹੁਤ ਹੀ ਬੁਰੇ ਹਨ।
--ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਕਿਸੇ ਸਮੇਂ ਕਪੂਰਥਲਾ ਨੂੰ ਪੰਜਾਬ ਦਾ ਪੈਲੇਸ ਕਿਹਾ ਜਾਂਦਾ ਸੀ ਪਰ ਹੁਣ ਇਸਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ। ਨਾ ਸ਼ਹਿਰ ’ਚ ਠੀਕ ਢੰਗ ਨਾਲ ਪਾਣੀ ਦੀ ਸਪਲਾਈ ਹੈ ਤੇ ਨਾ ਹੀ ਕੋਈ ਸਾਫ਼-ਸਫ਼ਾਈ ਹੈ। ਸੜਕਾਂ ਦੀ ਹਾਲਤ ਬੇਹਦ ਘਟਿਆ ਹੈ। ਸ਼ਾਲਾਮਾਰ ਬਾਗ ਦੀ ਹਾਲਤ ਵੀ ਦੇਖਣ ਯੋਗ ਨਹੀ।
ਐਡਵੋਕੇਟ ਮੁਕੇਸ਼ ਗੁਪਤਾ ਦਾ ਕਹਿਣਾ ਹੈ ਕਿ ਸ਼ਹਿਰ ‘ਚ ਪਾਣੀ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਕਈ ਮੁਹੱਲਿਆ ਦੀਆਂ “ਨਾਲੀਆਂ ਅਕਸਰ ਓਵਰਫਲੋ ਰਹਿੰਦੀਆਂ ਹਨ। ਇਹ ਬੱਚਿਆਂ ਦੀ ਸਿਹਤ ਲਈ ਵੀ ਖਤਰਾ ਬਣਿਆ ਰਹਿੰਦਾ ਹੈ।” ਸ਼ਾਲਾਮਾਰ ਬਾਗ ਸ਼ਹਿਰ ਵਾਸੀਆਂ ਲਈ ਸੈਰਗਾਹ ਸੀ ਪਰ ਲੰਬੇ ਸਮੇਂ ਤੋਂ ਸ਼ਾਲਾਮਾਰ ਬਾਗ ਪੁੱਟਿਆ ਹੋਇਆ ਹੈ ਤੇ ਹਰ ਪਾਸੇ ਮਿੱਟੀ ਖਿਲਰੀ ਪਈ ਹੈ ਤੇ ਖੱਡੇ ਪਏ ਹੋਏ ਹਨ। ਸੜਕਾਂ ਦੀ ਹਾਲਤ ਕਾਰੋਬਾਰ ‘ਤੇ ਸਿੱਧਾ ਅਸਰ ਪਾ ਰਹੀ ਹੈ।”
ਅਤੁਲ ਗਰਗ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਤੇ ਮੰਦੀ ਦਾ ਅਸਰ ਵੀ ਸ਼ਹਿਰ ਦੇ ਨੌਜਵਾਨਾਂ ਤੇ ਵਪਾਰੀਆਂ ‘ਤੇ ਸਾਫ਼ ਦਿਖ ਰਿਹਾ ਹੈ। ਕਾਰੋਬਾਰ ਚੌਪਟ ਹੋ ਰਹੇ ਹਨ। “ਡਿਗਰੀਆਂ ਹੋਣ ਦੇ ਬਾਵਜੂਦ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਸਰਕਾਰ ਨੂੰ ਨੌਜਵਾਨਾਂ ਲਈ ਕੁਝ ਠੋਸ ਕਰਨਾ ਚਾਹੀਦਾ ਹੈ,”। ਉਨ੍ਹਾਂ ਕਿਹਾ ਕਿ “ਕਾਰੋਬਾਰ ਪਹਿਲਾਂ ਨਾਲੋਂ ਕਾਫੀ ਘਟ ਗਿਆ ਹੈ। ਖਰਚੇ ਵਧ ਰਹੇ ਹਨ, ਪਰ ਆਮਦਨ ਨਹੀਂ,”।
ਕੁੱਲ ਮਿਲਾ ਕੇ ਨਿਗਰ ਨਿਗਮ ਦੇ ਵੋਟਰਾਂ ਦਾ ਮੂਡ ਸਾਫ਼ ਹੈ। ਇਸ ਵਾਰ ਉਹ ਵਾਅਦਿਆਂ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਕੰਮ ਨੂੰ ਆਧਾਰ ਬਣਾ ਕੇ ਆਪਣਾ ਫੈਸਲਾ ਕਰਨਗੇ। ਲੋਕ ਉਹੀ ਨੁਮਾਇੰਦੇ ਚਾਹੁੰਦੇ ਹਨ ਜੋ ਇਨ੍ਹਾਂ ਬੁਨਿਆਦੀ ਮੁੱਦਿਆਂ ਦਾ ਹੱਲ ਕਰ ਸਕਣ। ਨਗਰ ਨਿਗਮ ਚੋਣਾਂ ਦੇ ਨਜ਼ਦੀਕ ਆਉਂਦੇ ਹੀ ਸ਼ਹਿਰ ਵਿਚ ਵੋਟਰਾਂ ਦਾ ਮੂਡ ਸਾਫ਼ ਦਿਖਾਈ ਦੇਣ ਲੱਗ ਪਿਆ ਹੈ। ਵੱਖ-ਵੱਖ ਇਲਾਕਿਆਂ ‘ਚ ਕੀਤੀ ਗਈ ਗ੍ਰਾਊਂਡ ਰਿਪੋਰਟਿੰਗ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਵਾਰ ਚੋਣਾਂ ਵਿਚ ਮੁੱਖ ਮੁੱਦਾ ਸਿਰਫ਼ ਇਕ ਹੈ, ਬੁਨਿਆਦੀ ਸੁਵਿਧਾਵਾਂ ਦੀ ਘਾਟ।
--5 ਵੱਡੇ ਚੋਣ ਮੁੱਦੇ--
-ਪੀਣ ਵਾਲੇ ਸਾਫ਼ ਪਾਣੀ ਦੀ ਕਮੀ
-ਸੀਵਰੇਜ ਪ੍ਰਣਾਲੀ ਦੀ ਨਾਕਾਮੀ
-ਟੁੱਟੀਆਂ ਸੜਕਾਂ ਅਤੇ ਖੱਡੇ
-ਕੂੜਾ ਪ੍ਰਬੰਧਨ ਦੀ ਸਮੱਸਿਆ
-ਬੇਰੁਜ਼ਗਾਰੀ ਅਤੇ ਮੰਦਗੀ
ਲੋਕਾਂ ਦੀ ਸਿੱਧੀ ਗੱਲ
“ਪਾਣੀ ਲਈ ਪੈਸੇ ਖਰਚਣੇ ਪੈਂਦੇ ਹਨ”
“ਗੰਦਗੀ ਨਾਲ ਬਿਮਾਰੀਆਂ ਦਾ ਡਰ”
“ਸੜਕਾਂ ਕਾਰਨ ਕਾਰੋਬਾਰ ਪ੍ਰਭਾਵਿਤ”
“ਸਫ਼ਾਈ ਸਿਰਫ਼ ਕਾਗਜ਼ਾਂ ‘ਚ
--ਨੌਜਵਾਨਾਂ ਦੀ ਚਿੰਤਾ--
-ਨੌਕਰੀਆਂ ਦੀ ਘਾਟ
-ਸਕਿਲ ਦੇ ਬਾਵਜੂਦ ਮੌਕੇ ਘੱਟ
-ਸਰਕਾਰੀ ਯੋਜਨਾਵਾਂ ਦੀ ਕਮੀ
-ਵਪਾਰੀਆਂ ਦੀ ਪਰੇਸ਼ਾਨੀ--
-ਘਟਦਾ ਕਾਰੋਬਾਰ
-ਵਧਦੇ ਖਰਚੇ
-ਗਾਹਕਾਂ ਦੀ ਕਮੀ