ਦੇਸ਼ ਦੀ ਸੁਰੱਖਿਆ ‘ਤੇ ਸਿਆਸਤ ਪਸੰਦ ਨਹੀਂ ਕਰਨਗੇ ਲੋਕ : ਸਰੋਜ
ਦੇਸ਼ ਦੀ ਸੁਰੱਖਿਆ ਦੇ ਮਸਲੇ ‘ਤੇ ਸਿਆਸਤ ਪਸੰਦ ਨਹੀਂ ਕਰਨਗੇ ਲੋਕ - ਕਮਲ ਸਰੋਜ
Publish Date: Sat, 09 May 2026 07:10 PM (IST)
Updated Date: Sat, 09 May 2026 07:11 PM (IST)

ਫਗਵਾੜਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨੀਂ ਰਾਜਪੁਰਾ ਖੇਤਰ ‘ਚ ਰੇਲਵੇ ਟਰੈਕ ਦੇ ਨਜ਼ਦੀਕ, ਜਲੰਧਰ ਦੇ ਬੀਐੱਸਐੱਫ ਚੌਕ ਨੇੜੇ ਤੇ ਅੰਮ੍ਰਿਤਸਰ ਕੰਟੋਨਮੈਂਟ ਇਲਾਕੇ ਕੋਲ ਹੋਏ ਬੰਬ ਧਮਾਕਿਆਂ ਸਬੰਧੀ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਸੂਬੇ ਦਾ ਮਾਹੌਲ ਖਰਾਬ ਕਰਨ ਦੇ ਲਗਾਏ ਦੋਸ਼ਾਂ ਵਿਚਕਾਰ ਸ਼ਿਵ ਸੈਨਾ ਯੂਬੀਟੀ ਦੇ ਸੂਬਾ ਪ੍ਰੈੱਸ ਸਕੱਤਰ ਕਮਲ ਸਰੋਜ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਮਸਲੇ ‘ਤੇ ਅਜਿਹੀ ਸਿਆਸੀ ਬਿਆਨਬਾਜ਼ੀ ਨੂੰ ਲੋਕ ਬਿਲਕੁਲ ਪਸੰਦ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਸਪਸ਼ਟ ਕਿਹਾ ਹੈ ਕਿ ਮੁਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਦਾ ਧਮਾਕਿਆਂ ਪਿੱਛੇ ਹੱਥ ਹੋ ਸਕਦਾ ਹੈ। ਇਸ ਲਈ ਸੀਐੱਮ ਪੰਜਾਬ ਦੇ ਬਿਆਨ ਨੂੰ ਸਿਆਸਤ ਨਾਲ ਪ੍ਰੇਰਿਤ ਮੰਨਿਆ ਜਾਵੇਗਾ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਦੀ ਹਾਰ ਤੋਂ ਸੀਐੱਮ ਭਗਵੰਤ ਮਾਨ ਨੂੰ ਸਬਕ ਲੈਣਾ ਚਾਹੀਦਾ ਹੈ ਤੇ ਅਜਿਹੇ ਵਿਵਾਦਾਂ ਵਾਲੀ ਸਿਆਸਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਮਲ ਸਰੋਜ ਨੇ ਕਿਹਾ ਕਿ ਅਗਲੇ ਸਾਲ ਪੰਜਾਬ ਵਿਚ ਵਿਧਾਨਸਭਾ ਚੋਣਾਂ ਹੋਣੀਆਂ ਹਨ ਤੇ ਦੇਸ਼ ਦੀ ਸੁਰੱਖਿਆ ਮੁੱਖ ਮੁੱਦਾ ਬਣੇਗਾ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁਰਜ਼ੋਰ ਅਪੀਲ ਹੈ ਕਿ ਪੰਜਾਬ ਵਿਚ ਇਕ ਤੋਂ ਬਾਅਦ ਇਕ ਲਗਾਤਾਰ ਤਿੰਨ ਬੰਬ ਧਮਾਕਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਤੇ ਨਾਲ ਹੀ ਰੋਜ਼ਾਨਾ ਜਨਤਕ ਥਾਵਾਂ ਤੇ ਸਕੂਲਾਂ ‘ਚ ਬੰਬ ਧਮਾਕੇ ਕਰਨ ਦੀਆਂ ਮਿਲ ਰਹੀਆਂ ਧਮਕੀਆਂ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ ਕਿਉਂਕਿ ਦੇਸ਼ ਵਿਰੋਧੀ ਤਾਕਤਾਂ ਹਮੇਸ਼ਾ ਮੌਕੇ ਦੀ ਤਾੜ ਵਿਚ ਰਹਿੰਦੀਆਂ ਹਨ। ਸਿਆਸਤ ਕਰਨ ਦੇ ਲਈ ਹੋਰ ਬਹੁਤ ਸਾਰੇ ਮੁੱਦੇ ਹਨ ਪਰ ਦੇਸ਼ ਦੀ ਸੁਰੱਖਿਆ ਨੂੰ ਬਿਲਕੁਲ ਢਾਲ ਨਾ ਬਣਾਇਆ ਜਾਵੇ। ਕੇਂਦਰੀ ਖੁਫੀਆ ਏਜੰਸੀਆਂ ਤੇ ਗ੍ਰਹਿ ਵਿਭਾਗ ਦੇ ਨਾਲ ਰਾਬਤਾ ਕਰਕੇ ਪੰਜਾਬ ਦੀ ਅਮਨ-ਸ਼ਾਂਤੀ ਦੀ ਰੱਖਿਆ ਕੀਤੀ ਜਾਵੇ। ਨਹੀਂ ਤਾਂ ਇਸ ਦਾ ਖਾਮਿਆਜ਼ਾ ਨਾ ਸਿਰਫ ਪੰਜਾਬ ਦੇ ਲੋਕਾਂ ਨੂੰ ਬਲਕਿ ਅਗਲੀਆਂ ਵਿਧਾਨਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਵੀ ਭੁਗਤਣਾ ਪਵੇਗਾ।