ਧੋਖੇਬਾਜ਼ਾਂ ਤੇ ਭਾਜਪਾ ਨੂੰ ਮੂੰਹ ਤੋੜ ਜਵਾਬ ਦੇਣਗੇ ਪੰਜਾਬੀ : ਲੱਕੀ ਸਰਵਟਾ
ਧੋਖੇਬਾਜ ਰਾਜ ਸਭਾ ਮੈਂਬਰਾਂ ਤੇ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ ਪੰਜਾਬ ਦੇ ਲੋਕ : ਲੱਕੀ ਸਰਵਟਾ
Publish Date: Sun, 26 Apr 2026 07:37 PM (IST)
Updated Date: Sun, 26 Apr 2026 07:40 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆਪ ਪਾਰਟੀ ਦੇ ਆਗੂ ਲੱਕੀ ਸਰਵਟਾ ਨੇ ਸੱਤ ਰਾਜ ਸਭਾ ਸੰਸਦ ਮੈਂਬਰਾਂ ਦੇ ਪਾਰਟੀ ਛੱਡਣ ਦੇ ਮੁੱਦੇ ’ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਕਦਮ ਪੰਜਾਬ ਦੇ ਲੋਕਾਂ ਨਾਲ ਸਿੱਧਾ ਵਿਸ਼ਵਾਸਘਾਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਪੰਜਾਬ ਵਿਧਾਨ ਸਭਾ ਦੇ ਵਿਧਾਇਕਾਂ ਨੇ ਪੂਰੇ ਵਿਸ਼ਵਾਸ ਤੇ ਉਮੀਦ ਨਾਲ ਰਾਜ ਸਭਾ ਵਿਚ ਭੇਜਿਆ ਸੀ ਕਿ ਉਹ ਪੰਜਾਬ ਤੇ ਪੰਜਾਬੀਆਂ ਦੇ ਮੁੱਦਿਆਂ ਨੂੰ ਰਾਸ਼ਟਰੀ ਪੱਧਰ ’ਤੇ ਜ਼ੋਰਦਾਰ ਢੰਗ ਨਾਲ ਉਠਾਉਣਗੇ ਤੇ ਢੁਕਵੇਂ ਹੱਲ ਕਰਵਾਉਣਗੇ। ਉਨ੍ਹਾਂ ਦੋਸ਼ ਲਾਇਆ ਕਿ ਸੱਤਾ ਤੇ ਨਿੱਜੀ ਲਾਭ ਦੇ ਲਾਲਚ ਵਿਚ, ਇਨ੍ਹਾਂ ਸੰਸਦ ਮੈਂਬਰਾਂ ਨੇ ਹੁਣ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾਇਆ ਹੈ, ਜੋ ਕਿ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਦਾ ਘੋਰ ਅਪਮਾਨ ਹੈ। ਲੱਕੀ ਸਰਵਟਾ ਨੇ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਤੇ ਇਨ੍ਹਾਂ ਆਗੂਆਂ ਨੂੰ ਭਵਿੱਖ ਵਿਚ ਇਸਦਾ ਜਵਾਬ ਦੇਣਾ ਪਵੇਗਾ। ਪੰਜਾਬ ਦੇ ਲੋਕ ਕਦੇ ਵੀ ਧੋਖੇਬਾਜ਼ਾਂ ਨੂੰ ਮੁਆਫ਼ ਨਹੀਂ ਕਰਦੇ। ਲੋਕਤੰਤਰ ਵਿਚ, ਲੋਕ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣਗੇ, ਜਿਨ੍ਹਾਂ ਨੇ ਜਨਤਾ ਦੇ ਵਿਸ਼ਵਾਸ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਸੱਤ ਰਾਜਸਭਾ ਮੈਂਬਰਾਂ ਵਿੱਚੋਂ ਕਿਸੇ ਨੂੰ ਵੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਨਾਮਜ਼ਦ ਕੀਤਾ ਜਾਂਦਾ ਹੈ, ਤਾਂ ਜਨਤਾ ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਏਗੀ। ਪੰਜਾਬ ਦੀ ਰਾਜਨੀਤੀ ਸੇਵਾ ਤੇ ਸਿਧਾਂਤਾਂ ’ਤੇ ਅਧਾਰਤ ਹੈ, ਨਿੱਜੀ ਹਿੱਤ ਜਾਂ ਸੱਤਾ ਦੀ ਪ੍ਰਾਪਤੀ ’ਤੇ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਰਾਜਨੀਤੀ ਵਿਚ ਪਾਰਦਰਸ਼ਤਾ, ਇਮਾਨਦਾਰੀ ਤੇ ਲੋਕ ਹਿੱਤ ਦਾ ਨੂੰ ਤਰਜੀਹ ਦਿੱਤੀ ਹੈ ਤੇ ਅਜਿਹਾ ਕਰਦੀ ਰਹੇਗੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹਰ ਪਿੰਡ ਤੇ ਸ਼ਹਿਰ ਵਿਚ ਜਾ ਕੇ ਲੋਕਾਂ ਨੂੰ ਸੱਚ ਦੱਸਣ ਤੇ ਪੰਜਾਬ ਦੇ ਹੱਕਾਂ ਤੇ ਸੱਚ ਦੀ ਲੜਾਈ ਨੂੰ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ ਹਰ ਜਨਤਕ ਪ੍ਰਤੀਨਿਧੀ ਦਾ ਫਰਜ਼ ਹੈ ਕਿ ਉਹ ਪੰਜਾਬ ਦੇ ਕਿਸਾਨਾਂ, ਨੌਜਵਾਨਾਂ, ਕਾਰੋਬਾਰੀਆਂ ਤੇ ਕਰਮਚਾਰੀਆਂ ਦੇ ਮੁੱਦਿਆਂ ਨੂੰ ਰਾਸ਼ਟਰੀ ਪੱਧਰ ’ਤੇ ਉਠਾਏ, ਪਰ ਜੋ ਲੋਕ ਇਸ ਜ਼ਿੰਮੇਵਾਰੀ ਨੂੰ ਤਿਆਗ ਦਿੰਦੇ ਹਨ, ਉਨ੍ਹਾਂ ਨੂੰ ਇਤਿਹਾਸ ਵਿਚ ਗੱਦਾਰਾਂ ਵਜੋਂ ਯਾਦ ਕੀਤਾ ਜਾਂਦਾ ਹੈ। ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਸਭ ਤੋਂ ਉੱਚਾ ਅਹੁਦਾ ਤੇ ਸਨਮਾਨ ਹੈ ਤੇ ਜੋ ਲੋਕ ਇਸਨੂੰ ਗੁਆ ਦਿੰਦੇ ਹਨ, ਉਨ੍ਹਾਂ ਦੀ ਰਾਜਨੀਤੀ ਵਿਚ ਕੋਈ ਜਗ੍ਹਾ ਨਹੀਂ ਰਹਿੰਦੀ।