‘ਸੀਐੱਮ ਦੀ ਯੋਗਸ਼ਾਲਾ’ ਤਹਿਤ 264 ਕਲਾਸਾਂ ਲੱਗ ਰਹੀਆਂ : ਡੀਸੀ
ਜ਼ਿਲ੍ਹੇ ’ਚ ‘ਸੀ.ਐਮ. ਦੀ ਯੋਗਸ਼ਾਲਾ’ ਤਹਿਤ 264 ਕਲਾਸਾਂ ਰਾਹੀਂ ਲੋਕ ਹੋ ਰਹੇ ਸਿਹਤਮੰਦ: ਡਿਪਟੀ ਕਮਿਸ਼ਨਰ
Publish Date: Thu, 07 May 2026 08:09 PM (IST)
Updated Date: Thu, 07 May 2026 08:11 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਤੇ ਤਣਾਅ-ਮੁਕਤ ਜੀਵਨ ਸ਼ੈਲੀ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ ਸੀਐੱਮ ਦੀ ਯੋਗਸ਼ਾਲਾ ਮੁਹਿੰਮ ਕਪੂਰਥਲਾ ਜ਼ਿਲ੍ਹੇ ਵਿਚ ਸਫਲਤਾਪੂਰਵਕ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਯੋਗ ਦੇ ਸਰੀਰਕ ਤੇ ਮਾਨਸਿਕ ਲਾਭਾਂ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਹੈ ਤਾਂ ਜੋ ਰੰਗਲਾ ਪੰਜਾਬ ਦੇ ਸੰਕਲਪ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਸ਼ਹਿਰੀ ਵਾਰਡਾਂ ਤੇ ਪਾਰਕਾਂ ਵਿਚ ਕੁੱਲ 264 ਮੁਫ਼ਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਮਾਹਿਰ ਟ੍ਰੇਨਰਾਂ ਦੀ ਦੇਖ-ਰੇਖ ਹੇਠ ਔਰਤਾਂ, ਨੌਜਵਾਨਾਂ, ਬਜ਼ੁਰਗਾਂ ਤੇ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ਵਿਚ ਹਿੱਸਾ ਲਿਆ ਜਾ ਰਿਹਾ ਹੈ। ਇਨ੍ਹਾਂ ਕੇਂਦਰਾਂ ਵਿਚ ਯੋਗ ਅਭਿਆਸ ਦੇ ਨਾਲ-ਨਾਲ ਸਿਹਤਮੰਦ ਜੀਵਨ ਜਿਊਣ ਤੇ ਮਾਨਸਿਕ ਤਣਾਅ ਘਟਾਉਣ ਦੇ ਨੁਕਤੇ ਵੀ ਸਾਂਝੇ ਕੀਤੇ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਆਪਣੇ ਨੇੜਲੇ ਯੋਗ ਕੇਂਦਰਾਂ ਨਾਲ ਜੁੜ ਕੇ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣ।