ਕਨਵੈਨਸ਼ਨ ’ਚ ਸ਼ਾਮਲ ਹੋਈ ਪੈਨਸ਼ਨਰ ਐਸੋਸ਼ੀਏਸ਼ਨ ਭੁਲੱਥ
ਪੰਜਾਬ ਸਰਕਾਰ ਖ਼ਿਲਾਫ਼ ਵਿਸ਼ਾਲ ਕਨਵੈਨਸ਼ਨ ਅਤੇ ਰੋਸ ਮੁਜ਼ਾਹਰਾ ਚ ਪੈਨਸ਼ਨਰ ਐਸੋਸ਼ੀਏਸ਼ਨ ਬਲਾਕ ਭੁਲੱਥ ਨੇ ਕੀਤੀ ਸ਼ਮੂਲੀਅਤ
Publish Date: Mon, 18 May 2026 08:48 PM (IST)
Updated Date: Mon, 18 May 2026 08:48 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕ ਵਿਸ਼ਾਲ ਕਨਵੈਨਸ਼ਨ ਤੇ ਰੋਸ ਮੁਜ਼ਾਹਰਾ ਆਯੋਜਿਤ ਕੀਤਾ ਗਿਆ, ਜਿਸ ਵਿਚ ਬਲਾਕ ਭੁਲੱਥ ਸਮੇਤ ਜ਼ਿਲ੍ਹਾ ਕਪੂਰਥਲਾ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਨਾ ਕਰਨ ਤੇ ਕੇਂਦਰ ਸਰਕਾਰ ਦੇ ਬਰਾਬਰ ਮਹਿੰਗਾਈ ਭੱਤਾ ਨਾ ਦੇਣ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟਾਇਆ ਗਿਆ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਭਜਨ ਸਿੰਘ ਗਿੱਲ, ਜ਼ਿਲਾ ਆਗੂ ਮਾਸਟਰ ਗੁਰਦੀਪ ਸਿੰਘ ਤੇ ਜਸਵੰਤ ਵਿਰਲੀ ਆਦਿ ਨੇ ਕਿਹਾ ਕਿ ਜਲੰਧਰ ਕਨਵੈਨਸ਼ਨ ਤੇ ਮਾਰਚ ਨੂੰ ਸਫ਼ਲ ਬਣਾਉਣ ਲਈ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਵਾਲੇ ਸਮੂਹ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਸੰਜ਼ੀਦਗੀ ਤੇ ਸਮਰਪਿਤ ਭਾਵਨਾ ਨਾਲ ਸਾਂਝਾ ਫਰੰਟ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਦਾ ਰਿਹਾ ਤਾਂ ਜਿੱਤ ਲਾਜ਼ਮੀ ਤੌਰ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਹੋਵੇਗੀ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ “ਕੰਧ ’ਤੇ ਲਿਖਿਆ ਪੜ੍ਹ ਲਵੋ, ਨਹੀਂ ਤਾਂ 2027 ਆ ਗਿਆ ਹੈ।” ਉਨ੍ਹਾਂ ਅੱਗੇ ਕਿਹਾ ਕਿ ਮੁਲਾਜ਼ਮ-ਪੈਨਸ਼ਨਰ ਸਾਂਝੇ ਫਰੰਟ ਦੀਆਂ ਜ਼ਿਲ੍ਹਾ ਮੀਟਿੰਗਾਂ ਇਕ-ਦੋ ਦਿਨਾਂ ਵਿਚ ਕਰਕੇ 26 ਤਾਰੀਖ ਤੋਂ ਪਹਿਲਾਂ ਨਗਰ ਨਿਗਮਾਂ, ਨਗਰ ਪਾਲਿਕਾਵਾਂ ਤੇ ਨਗਰ ਪੰਚਾਇਤਾਂ ਵਾਲੇ ਸ਼ਹਿਰਾਂ ਤੇ ਕਸਬਿਆਂ ਵਿਚ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦੇ ਸਾਂਝੇ ਫਰੰਟ ਦੇ ਪ੍ਰੋਗਰਾਮ ਨੂੰ ਲਾਗੂ ਕੀਤਾ ਜਾਵੇਗਾ। ਇਸ ਦੌਰਾਨ ਕਨਵੈਨਸ਼ਨ ਵਿਚ ਸਫ਼ਾਈ ਕਾਮਿਆਂ ਦੇ ਚੱਲ ਰਹੇ ਸੰਘਰਸ਼ ਦੀ ਭਰਪੂਰ ਹਮਾਇਤ ਵੀ ਕੀਤੀ ਗਈ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਸਰਕਾਰ ਤੋਂ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ ਭਰ ਤੋਂ ਪਹੁੰਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਆਉਣ ਵਾਲੀਆਂ ਨਗਰ ਨਿਗਮ ਤੇ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਖ਼ਿਲਾਫ਼ ਵੋਟ ਰਾਹੀਂ ਭੁਗਤਨ ਦਾ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਬਲਾਕ ਭੁਲੱਥ ਤੋਂ ਪ੍ਰਧਾਨ ਗੁਰਬਚਨ ਸਿੰਘ ਚੀਮਾਂ, ਲਖਵੀਰ ਸਿੰਘ, ਸੁਖਦੇਵ ਸਿੰਘ, ਕਰਮ ਸਿੰਘ, ਨਿਰਮਲ ਸਿੰਘ, ਚਰਨਜੀਤ ਸਿੰਘ, ਅਮਰਜੀਤ ਸਿੰਘ ਬੱਲ, ਬਲਵਿੰਦਰ ਸਿੰਘ ਮਸੀਹ, ਮਨਜੀਤ ਸਿੰਘ, ਬਲਕਾਰ ਸਿੰਘ, ਬੀਰ ਸਿੰਘ ਸਿੱਧੂ, ਜਗਮੋਹਣ ਸਿੰਘ ਬਾਗੜੀਆਂ ਅਤੇ ਜਸਵੰਤ ਵਿਰਲੀ ਸਮੇਤ ਹੋਰ ਸਾਥੀ ਹਾਜ਼ਰ ਸਨ।