ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ’ਚ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਵਿਚ ਪੇਪਰ ਰੀਡਿੰਗ ਮੁਕਾਬਲਾ ਆਯੋਜਿਤ
Publish Date: Sat, 21 Feb 2026 10:16 PM (IST)
Updated Date: Sat, 21 Feb 2026 10:18 PM (IST)

ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਦੇ ਪੰਜਾਬੀ ਵਿਭਾਗ ਵੱਲੋਂ ਵਿਦਿਆਰਥਣਾਂ ਦੀ ਭਾਸ਼ਾਈ ਨਿਪੁੰਨਤਾ, ਵਿਚਾਰ-ਗਹਿਰਾਈ ਤੇ ਆਤਮ-ਵਿਸ਼ਵਾਸ ਨੂੰ ਉਚਾਈਆਂ ਤੱਕ ਲਿਜਾਣ ਦੇ ਉਦੇਸ਼ ਨਾਲ ਪੇਪਰ ਰੀਡਿੰਗ ਮੁਕਾਬਲਾ ਆਯੋਜਿਤ ਕੀਤਾ ਗਿਆ। ਇਹ ਉਪਰਾਲਾ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਦੀ ਦੂਰਦਰਸ਼ੀ ਅਗਵਾਈ ਹੇਠ ਸੰਪੰਨ ਹੋਇਆ। ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਸੰਦੀਪ ਕੌਰ ਰਹੇ ਤੇ ਪ੍ਰੋ. ਕੁਲਦੀਪ ਕੌਰ ਨੇ ਸੁਚਾਰੂ ਪ੍ਰਬੰਧ ਤੇ ਅਕਾਦਮਿਕ ਮਾਰਗਦਰਸ਼ਨ ਰਾਹੀਂ ਇਸ ਗਤੀਵਿਧੀ ਨੂੰ ਸਫਲ ਬਣਾਇਆ। ਮੁਕਾਬਲੇ ਦੌਰਾਨ ਵਿਦਿਆਰਥਣਾਂ ਨੇ “ਪੰਜਾਬੀ ਲੋਕ ਕਹਾਣੀਆਂ ਦੀ ਰਸ ਭਰੀ ਦੁਨੀਆਂ” ਵਿਸ਼ੇ ਰਾਹੀਂ ਸਾਡੀ ਲੋਕ-ਵਿਰਾਸਤ ਦੀ ਮਧੁਰਤਾ ਨੂੰ ਉਜਾਗਰ ਕੀਤਾ। “ਅੰਮ੍ਰਿਤਾ ਪ੍ਰੀਤਮ ਤੇ ਵੰਡ ਦਾ ਦਰਦ” ਵਿਚ ਇਤਿਹਾਸਕ ਸੰਵੇਦਨਸ਼ੀਲਤਾ ਤੇ ਮਨੁੱਖੀ ਪੀੜਾ ਦੀ ਗਹਿਰਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਇਆ ਗਿਆ। “ਪੰਜਾਬੀ ਮੁਹਾਵਰਿਆਂ ਵਿਚ ਜੀਵਨ ਦਰਸ਼ਨ” ਨੇ ਭਾਸ਼ਾ ਦੇ ਅੰਤਰਲੇਖੀ ਗਿਆਨ ਤੇ ਜੀਵਨ-ਮੁੱਲਾਂ ਨੂੰ ਰੋਸ਼ਨ ਕੀਤਾ, ਜਦਕਿ “ਏਆਈ ਦਾ ਪੰਜਾਬੀ ਸਾਹਿਤ ਤੇ ਭਾਸ਼ਾ ’ਤੇ ਪ੍ਰਭਾਵ” ਨੇ ਆਧੁਨਿਕ ਤਕਨਾਲੋਜੀ ਦੇ ਸੰਦਰਭ ਵਿਚ ਨਵੇਂ ਵਿਚਾਰਾਂ ਨੂੰ ਜਨਮ ਦਿੱਤਾ। ਨਤੀਜਿਆਂ ਅਨੁਸਾਰ ਸੁਖਮਨਪ੍ਰੀਤ ਕੌਰ (ਬੀ.ਏ. ਭਾਗ ਦੂਜਾ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅਮਨਦੀਪ ਕੌਰ (ਬੀ.ਏ. ਭਾਗ ਤੀਜਾ) ਨੇ ਦੂਜਾ ਸਥਾਨ ਹਾਸਲ ਕੀਤਾ ਤੇ ਮਹਕਪ੍ਰੀਤ ਕੌਰ (ਬੀ.ਏ. ਭਾਗ ਦੂਜਾ) ਤੀਜੇ ਸਥਾਨ ’ਤੇ ਰਹੀ। ਜੇਤੂਆਂ ਨੂੰ ਸਨਮਾਨ-ਚਿੰਨ੍ਹ ਤੇ ਪ੍ਰਮਾਣ ਪੱਤਰਾਂ ਨਾਲ ਨਵਾਜਿਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਸਾਹਿਤਕ ਮੰਚ ਵਿਦਿਆਰਥੀਆਂ ਦੀ ਵਿਚਾਰਕ ਸੋਚ ਨੂੰ ਮਜ਼ਬੂਤ ਕਰਦੇ ਹਨ ਤੇ ਉਨ੍ਹਾਂ ਵਿਚ ਰਚਨਾਤਮਕਤਾ ਦੀ ਨਵੀਂ ਚੇਤਨਾ ਪੈਦਾ ਕਰਦੇ ਹਨ। ਅੰਤ ਵਿਚ ਪੰਜਾਬੀ ਵਿਭਾਗ ਵੱਲੋਂ ਸਭ ਮਹਿਮਾਨਾਂ, ਜੱਜ ਸਾਹਿਬਾਨ ਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਗਿਆ। ਇਹ ਪ੍ਰੋਗਰਾਮ ਕਾਲਜ ਦੀਆਂ ਅਕਾਦਮਿਕ ਗਤੀਵਿਧੀਆਂ ਵਿਚ ਇਕ ਪ੍ਰੇਰਕ ਤੇ ਯਾਦਗਾਰ ਅਧਿਆਇ ਵਜੋਂ ਦਰਜ ਹੋਇਆ।