ਚੰਗੀ ਖੇਡ ਕਬੱਡੀ ਖੇਡੀ, ਹੁਣ ਸਿਆਸਤ ਦੇ ਮੈਦਾਨ ਵਿਚ ਰੇਡਾਂ ਪਾਵਾਂਗੇ : ਪਾਲਾ ਜਲਾਲਪੁਰ
ਪਾਲਾ ਜਲਾਲਪੁਰ ਨੇ ਸੰਤ ਸੀਚੇਵਾਲ ਨਾਲ ਕੀਤੀ ਵਿਚਾਰ ਚਰਚਾ
Publish Date: Tue, 05 May 2026 07:57 PM (IST)
Updated Date: Tue, 05 May 2026 07:59 PM (IST)

ਪਾਲਾ ਜਲਾਲਪੁਰ ਨੇ ਸੰਤ ਸੀਚੇਵਾਲ ਨਾਲ ਕੀਤੀ ਵਿਚਾਰ-ਚਰਚਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਵੱਲੋਂ ਸਿਆਸਤ ਵਿਚ ਦਾਖਲੇ ਦੇ ਸੰਕੇਤ ਮਿਲ ਰਹੇ ਹਨ। ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਨੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਵਿਚਾਰ-ਵਟਾਂਦਰਾ ਕੀਤਾ। ਮੁਲਾਕਾਤ ਦੌਰਾਨ ਪਾਲਾ ਜਲਾਲਪੁਰ ਤੇ ਸੰਤ ਸੀਚੇਵਾਲ ਵਿਚਕਾਰ ਹਲਕਾ ਸ਼ਾਹਕੋਟ ਦੇ ਸਿਆਸੀ ਹਾਲਾਤਾਂ ਤੇ ਵਿਕਾਸ ਨਾਲ ਜੁੜੇ ਮਹੱਤਵਪੂਰਨ ਮਸਲਿਆਂ ’ਤੇ ਵੀ ਵਿਸਥਾਰ ਨਾਲ ਗੱਲਬਾਤ ਹੋਈ। ਇਲਾਕੇ ਦੇ ਸਮਾਜਿਕ ਤੇ ਵਾਤਾਵਰਨਕ ਮੁੱਦਿਆਂ ‘ਤੇ ਧਿਆਨ ਦੇਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ। ਪਾਲਾ ਜਲਾਲਪੁਰ ਨੇ ਕਿਹਾ ਕਿ ਉਹ ਕਬੱਡੀ ਦੇ ਮੈਦਾਨ ਵਿਚ ਆਪਣੀ ਖੇਡ ਨਾਲ ਲੋਕਾਂ ਦਾ ਭਰੋਸਾ ਜਿੱਤ ਚੁੱਕੇ ਹਨ ਤੇ ਹੁਣ ਉਹ ਸਮਾਜ ਸੇਵਾ ਤੇ ਲੋਕ ਭਲਾਈ ਲਈ ਸਿਆਸਤ ਦੇ ਮੈਦਾਨ ਵਿਚ ਕਦਮ ਰੱਖਣ ਲਈ ਤਿਆਰ ਹਨ। “ਚੰਗੀ ਖੇਡ ਕਬੱਡੀ ਖੇਡੀ, ਹੁਣ ਸਿਆਸਤ ਦੇ ਮੈਦਾਨ ਵਿਚ ਰੇਡਾਂ ਪਾਵਾਂਗੇ,” ਉਨ੍ਹਾਂ ਦੇ ਇਸ ਬਿਆਨ ਨਾਲ ਸਿਆਸੀ ਗੱਲਬਾਤ ਨੂੰ ਨਵਾਂ ਮੋੜ ਮਿਲਿਆ ਹੈ। ਦੂਜੇ ਪਾਸੇ, ਹਲਕਾ ਸ਼ਾਹਕੋਟ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ ਤੇ ਹਰ ਕਿਸੇ ਦੀਆਂ ਨਜ਼ਰਾਂ ਉਨ੍ਹਾਂ ’ਤੇ ਟਿਕੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪਿੰਦਰ ਪੰਡੋਰੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਸਿਆਸੀ ਮੁਕਾਬਲਾ ਹੋਰ ਵੀ ਰੋਚਕ ਹੋ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਬੱਡੀ ਦੇ ਮੈਦਾਨ ਦਾ ਇਹ ਖਿਡਾਰੀ ਸਿਆਸਤ ਦੇ ਮੈਦਾਨ ਵਿਚ ਕਿੰਨੀ ਮਜ਼ਬੂਤੀ ਨਾਲ ਆਪਣੀ ਪਹਿਚਾਣ ਬਣਾਉਂਦਾ ਹੈ।