12 ਨੂੰ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ
ਮਾਤਾ ਭੱਦਰਕਾਲੀ ਜੀ ਦੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ 12 ਮਈ ਨੂੰ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ
Publish Date: Fri, 08 May 2026 08:58 PM (IST)
Updated Date: Fri, 08 May 2026 08:59 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼ੇਖੂਪੁਰ ਵਿਖੇ ਮਾਤਾ ਭੱਦਰਕਾਲੀ ਜੀ ਦਾ 79ਵਾਂ ਇਤਿਹਾਸਕ ਮੇਲਾ 13 ਮਈ 2026 ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ 12 ਮਈ 2026 (ਦਿਨ ਮੰਗਲਵਾਰ) ਨੂੰ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਮੂਲੀਅਤ ਕਰਨਗੇ। ਇਸ ਇਤਿਹਾਸਕ ਮੇਲੇ ਤੇ ਸ਼ੋਭਾ ਯਾਤਰਾ ਦੀ ਧਾਰਮਿਕ ਮਹੱਤਤਾ ਨੂੰ ਮੁੱਖ ਰੱਖਦੇ ਹੋਏ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸਕੱਤਰ ਸਿੰਘ ਬੱਲ ਵੱਲੋਂ 12 ਮਈ ਨੂੰ ਸਬ-ਡਿਵੀਜ਼ਨ ਕਪੂਰਥਲਾ ਵਿਖੇ ਸ਼ੋਭਾ ਯਾਤਰਾ ਦੇ ਪੂਰੇ ਰੂਟ ਤੇ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤੇ ਪੰਜਾਬ ਲਿਕਰ ਲਾਇਸੈਂਸ ਰੂਲਜ਼, 1956 ਦੇ ਨਿਯਮ 37(9) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਸਪੱਸ਼ਟ ਕੀਤਾ ਹੈ ਕਿ ਇਹ ਹੁਕਮ ਸ਼ੋਭਾ ਯਾਤਰਾ ਦੌਰਾਨ ਅਮਨ-ਸ਼ਾਂਤੀ ਤੇ ਧਾਰਮਿਕ ਮਰਯਾਦਾ ਨੂੰ ਬਰਕਰਾਰ ਰੱਖਣ ਲਈ ਲਾਗੂ ਕੀਤੇ ਗਏ ਹਨ। ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਤੇ ਸਹਾਇਕ ਕਮਿਸ਼ਨਰ (ਆਬਕਾਰੀ) ਕਪੂਰਥਲਾ ਰੇਂਜ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।