ਇਕ ਮਜ਼ਬੂਤ ਸਮਾਜ ਲਈ ਔਰਤਾਂ ਦੀ ਤਾਕਤ ਜ਼ਰੂਰੀ : ਚੰਦੀ
ਮਹਿਲਾ ਦਿਵਸ ’ਤੇ ਆਪ ਹਲਕਾ ਇੰਚਾਰਜ ਐਡਵੋਕੇਟ ਚੰਦੀ ਨੇ ਕਿਹਾ, ਇੱਕ ਮਜ਼ਬੂਤ ਸਮਾਜ ਲਈ ਔਰਤਾਂ ਦੀ ਤਾਕਤ ਜ਼ਰੂਰੀ ਹੈ
Publish Date: Mon, 09 Mar 2026 09:26 PM (IST)
Updated Date: Mon, 09 Mar 2026 09:30 PM (IST)

ਮਹਿਲਾ ਦਿਵਸ 2026 ਦੇ ਮੌਕੇ ਤੇ ਆਪ ਹਲਕਾ ਇੰਚਾਰਜ ਐਡਵੋਕੇਟ ਚੰਦੀ ਦੇ ਦਫ਼ਤਰ ’ਚ ਵਿਧਾਨ ਸਭਾ ਦੇ ਸੈਸ਼ਨ ਨੂੰ ਲਾਈਵ ਦਿਖਾਇਆ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਆਮ ਆਦਮੀ ਪਾਰਟੀ ਨੇ ਆਪਣੇ ਜ਼ਿਲ੍ਹਾ ਦਫ਼ਤਰ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਹਿੱਸਾ ਲਿਆ। ਇਸ ਦੌਰਾਨ ਹਾਜ਼ਰ ਇਕੱਠ ਨੂੰ ਵਿਧਾਨ ਸਭਾ ਦੇ ਸੈਸ਼ਨ ਦਾ ਲਾਈਵ ਪ੍ਰਸਾਰਣ ਦਿਖਾਉਣ ਲਈ ਇਕ ਵੱਡੀ ਐੱਲਈਡੀ ਸਕ੍ਰੀਨ ਲਗਾਈ ਗਈ ਸੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਕਿਹਾ ਕਿ ਆਪ ਸਰਕਾਰ ਨੇ ਔਰਤਾਂ ਨੂੰ ਸਸ਼ਕਤ ਬਣਾਉਣ ਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਕਈ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਹਨ। ਇਨ੍ਹਾਂ ਵਿਚ ਔਰਤਾਂ ਲਈ ਮੁਫ਼ਤ ਬੱਸ ਯਾਤਰਾ, ਸਿੱਖਿਆ ਬਜਟ ਵਿਚ 7% ਵਾਧਾ ਤੇ ਪੰਜਾਬ ਵਿਚ ਔਰਤਾਂ ਨੂੰ ਪ੍ਰਤੀ ਮਹੀਨਾ ₹1,000 ਤੋਂ ₹1,500 ਦੀ ਵਿੱਤੀ ਸਹਾਇਤਾ (ਮੁੱਖ ਮੰਤਰੀ ਦੀ ਮਾਵਨ-ਧਿਆ ਦਾ ਸਤਿਕਾਰ ਯੋਜਨਾ) ਸ਼ਾਮਲ ਹਨ। ਇਨ੍ਹਾਂ ਯੋਜਨਾਵਾਂ ਦਾ ਉਦੇਸ਼ ਔਰਤਾਂ ਨੂੰ ਵਿੱਤੀ ਸੁਤੰਤਰਤਾ ਪ੍ਰਦਾਨ ਕਰਨਾ ਤੇ ਸਮਾਜ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਹੈ। ਐਡਵੋਕੇਟ ਚੰਦੀ ਨੇ ਕਿਹਾ ਕਿ ਔਰਤਾਂ ਤਰੱਕੀ ਦੇ ਪਿੱਛੇ ਚਾਲਕ ਸ਼ਕਤੀ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਰਦ ਤੇ ਔਰਤਾਂ ਸਮਾਜ ਦੇ ਦੋ ਪਹੀਏ ਹਨ। ਔਰਤਾਂ ਤੋਂ ਬਿਨਾਂ ਮਰਦ ਅਧੂਰੇ ਹਨ। ਜਦੋਂ ਤੱਕ ਔਰਤਾਂ ਸਸ਼ਕਤ ਨਹੀਂ ਹੁੰਦੀਆਂ, ਪਰਿਵਾਰ ਅਧੂਰੇ ਰਹਿਣਗੇ ਤੇ ਸਮਾਜ ਮਜ਼ਬੂਤ ਨਹੀਂ ਹੋ ਸਕਦਾ। ਇਸ ਸੋਚ ਨੂੰ ਧਿਆਨ ਵਿਚ ਰੱਖਦੇ ਹੋਏ ਰਾਜ ਸਰਕਾਰ ਨੇ ਔਰਤਾਂ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ। ਇਨ੍ਹਾਂ ਦਾ ਉਦੇਸ਼ ਉਨ੍ਹਾਂ ਨੂੰ ਆਰਥਿਕ ਤੇ ਸਮਾਜਿਕ ਤੌਰ ’ਤੇ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦਾ ਸਤਿਕਾਰ ਤੇ ਅਧਿਕਾਰ ਸਿਰਫ਼ ਇਕ ਦਿਨ ਦੀ ਗੱਲ ਨਹੀਂ ਹੈ, ਸਗੋਂ ਅਸਲ ਵਿਚ ਹਰ ਦਿਨ ਔਰਤਾਂ ਦਾ ਹੈ। ਹਾਲਾਂਕਿ ਮਹਿਲਾ ਦਿਵਸ ਖਾਸ ਤੌਰ ’ਤੇ ਔਰਤਾਂ ਦੇ ਯੋਗਦਾਨ ਤੇ ਸ਼ਕਤੀ ਨੂੰ ਯਾਦ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਤਿਹਾਸਕ ਨਾਇਕਾ ਪੰਨਾ ਢਾਏ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਪਰੰਪਰਾ ਵਿਚ ਔਰਤਾਂ ਨੇ ਹਮੇਸ਼ਾ ਹਿੰਮਤ, ਕੁਰਬਾਨੀ ਤੇ ਅਗਵਾਈ ਦੀਆਂ ਉਦਾਹਰਣਾਂ ਕਾਇਮ ਕੀਤੀਆਂ ਹਨ। ਅੱਜ ਔਰਤਾਂ ਦੇਸ਼ ਤੇ ਰਾਜ ਦੀ ਆਰਥਿਕਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੋਚ ਦਰਸਾਉਂਦੀ ਹੈ ਕਿ ਔਰਤਾਂ ਨੂੰ ਅਗਵਾਈ ਤੇ ਮੌਕੇ ਦੋਵੇਂ ਦਿੱਤੇ ਜਾਣੇ ਚਾਹੀਦੇ ਹਨ।