ਐੱਨਐੱਸਐੱਸ ਤੇ ਈਕੋ ਕਲੱਬ ਨੇ ਇਕ ਰੋਜ਼ਾ ਕੈਂਪ ਲਗਾਇਆ
ਯੂਨੀਵਰਸਿਟੀ ਕਾਲਜ ਫੱਤੂਢੀਂਗਾ ਵਿਖੇ ਐੱਨ. ਐੱਸ. ਐੱਸ ਅਤੇ ਈਕੋ ਕਲੱਬ ਵੱਲੋਂ ਸਾਂਝੇ ਤੌਰ ‘ਤੇ ਇੱਕ ਰੋਜ਼ਾ ਕੈਂਪ ਦਾ ਆਯੋਜਨ
Publish Date: Tue, 17 Mar 2026 10:05 PM (IST)
Updated Date: Tue, 17 Mar 2026 10:07 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ), ਫੱਤੂਢੀਂਗਾ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਦੀ ਦੂਰਦਰਸ਼ੀ ਤੇ ਯੋਗ ਅਗਵਾਈ ਹੇਠ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਤੇ ਈਕੋ ਕਲੱਬ ਵੱਲੋਂ ਸਾਂਝੇ ਤੌਰ ‘ਤੇ ਇਕ ਰੋਜ਼ਾ ਕੈਂਪ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਕੈਂਪ ਵਿਦਿਆਰਥੀਆਂ ਵਿਚ ਸਮਾਜ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਸੂਝ ਪੈਦਾ ਕਰਨ ਵੱਲ ਇਕ ਮਹੱਤਵਪੂਰਨ ਕਦਮ ਰਿਹਾ। ਕੈਂਪ ਦੌਰਾਨ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਕਾਲਜ ਵਿਚ ਸਫਾਈ ਮੁਹਿੰਮ ਚਲਾਈ। ਇਸ ਦੇ ਨਾਲ-ਨਾਲ ਵੱਖ-ਵੱਖ ਕਿਸਮਾਂ ਦੇ ਛਾਂਦਾਰ ਬੂਟੇ ਲਗਾ ਕੇ ਕਾਲਜ ਨੂੰ ਹੋਰ ਹਰਿਆ-ਭਰਿਆ ਬਣਾਉਣ ਵੱਲ ਯੋਗਦਾਨ ਪਾਇਆ ਗਿਆ। ਇਸ ਮੌਕੇ ਐੱਨਐੱਸਐੱਸ ਕਲੱਬ ਦੇ ਇੰਚਾਰਜ ਪ੍ਰੋਫੈਸਰ ਕੁਲਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਸੇਵਾ ਯੋਜਨਾ ਦੇ ਮੂਲ ਸਿਧਾਂਤਾਂ ‘ਤੇ ਚਾਨਣ ਪਾਇਆ। ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਹੀ ਅਸਲ ਮਨੁੱਖਤਾ ਦੀ ਪਹਿਚਾਣ ਹੈ ਤੇ ਵਿਦਿਆਰਥੀਆਂ ਨੂੰ ਸਮਾਜਕ ਜ਼ਿੰਮੇਵਾਰੀਆਂ ਨਿਭਾਉਣ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਵਾਤਾਵਰਣ ਸੰਭਾਲ ਦੀ ਅਹਿਮੀਅਤ ‘ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਕੁਦਰਤ ਦੀ ਰੱਖਿਆ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਨਾ ਸਿਰਫ਼ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵਿਚ ਸਹਾਇਕ ਹੁੰਦੇ ਹਨ, ਸਗੋਂ ਉਨ੍ਹਾਂ ਵਿਚ ਅਨੁਸ਼ਾਸਨ, ਸਹਿਯੋਗ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਕੈਂਪ ਦੇ ਸਮਾਪਤੀ ‘ਤੇ ਵਿਦਿਆਰਥੀਆਂ ਤੇ ਸਟਾਫ ਦੀ ਸਰਗਰਮ ਤੇ ਜ਼ਿੰਮੇਵਾਰ ਭਾਗੀਦਾਰੀ ਨੇ ਇਸ ਆਯੋਜਨ ਨੂੰ ਬੇਹੱਦ ਸਫਲ ਬਣਾਇਆ।