ਭਗਵੰਤ ਮਾਨ ਨੂੰ ਹਾਰਨ ਤੋਂ ਹੁਣ ਕੋਈ ਨਹੀਂ ਬਚਾ ਸਕਦਾ
ਭਗਵੰਤ ਮਾਨ ਸਰਕਾਰ ਨੂੰ ਹਾਰਨ ਤੋਂ ਨਹੀਂ ਬਚਾ ਸਕਦੀ- ਸਾਂਝਾ ਅਧਿਆਪਕ ਮੋਰਚਾ
Publish Date: Sat, 02 May 2026 07:37 PM (IST)
Updated Date: Sat, 02 May 2026 07:38 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਵਿਧਾਨ ਸਭਾ ਦੀਆਂ ਚੋਣਾਂ ਦਾ ਆਖਰੀ ਸਾਲ ਚਲ ਰਿਹਾ ਹੈ। ਸੱਤਾ ਦਾ ਨਸ਼ਾ ਇਸ ਤਰ੍ਹਾਂ ਬਰਕਰਾਰ ਹੈ ਜਿਵੇਂ ਸੱਤਾ ਦੀ ਚਾਬੀ ਫਿਰ ਉਨ੍ਹਾਂ ਦੇ ਹੱਥ ਲੱਗਣ ਵਾਲੀ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਾਂਝਾ ਅਧਿਆਪਕ ਫਗਵਾੜਾ ਦੇ ਆਗੂ ਗਣੇਸ਼ ਭਗਤ, ਜਸਬੀਰ ਸਿੰਘ ਸੈਣੀ, ਜਸਵੀਰ ਭੰਗੂ, ਦਲਜੀਤ ਸਿੰਘ ਸੈਣੀ, ਸਤਵਿੰਦਰ ਸਿੰਘ ਤੂਰਾਂ, ਪਰਵਿੰਦਰ ਸਿੰਘ, ਗੁਰਮੁਖ ਸਿੰਘ, ਗੌਰਵ ਰਾਠੌਰ, ਸੁਰਿੰਦਰ ਰਾਮ ਨੇ ਦੱਸਿਆ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਨੂੰ ਪੰਜਾਬ ਭਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਭਾਰੀ ਗਿਣਤੀ ਵਿਚ ਵੋਟਾਂ ਪਾ ਕੇ ਸੱਤਾ ਤੱਕ ਪਹੁੰਚਾਇਆ ਸੀ ਪਰ ਭਗਵੰਤ ਮਾਨ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 18 ਪ੍ਰਤੀਸ਼ਤ ਡੀਏ ਦੀਆਂ ਕਿਸ਼ਤਾਂ ਨਾ ਦੇ ਕੇ ਵੱਡਾ ਧ੍ਰੋਹ ਕਮਾਇਆ ਹੈ। ਇਸ ਸਮੇਂ ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 60 ਪ੍ਰਤੀਸ਼ਤ ਡੀਏ ਦੇ ਕੇ ਉਨ੍ਹਾਂ ਦੀ ਸਾਰ ਲੈ ਰਹੀ ਹੈ। ਸਾਡੇ ਗੁਆਂਢੀ ਰਾਜ ਹਰਿਆਣਾ ਤੋਂ ਇਲਾਵਾ ਬਹੁਤ ਸਾਰੀਆਂ ਸਟੇਟਾਂ ਨੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਰਾਹਤ ਦਿੱਤੀ ਹੈ। ਅਧਿਆਪਕਾਂ ਆਗੂਆਂ ਕਿਹਾ ਕਿ ਮਜ਼ਦੂਰ ਦਿਵਸ ’ਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ ਤੇ ਪੰਜਾਬ ਭਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਮੀਦ ਸੀ ਕਿ ਸ਼ਾਇਦ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਦੇਣ ਦਾ ਐਲਾਨ ਕੀਤਾ ਜਾਵੇ। ਦੂਸਰੇ ਪਾਸੇ ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਵੀ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਗਈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਨ੍ਹਾਂ ਦਾ ਬਕਾਇਆ ਦਿੱਤਾ ਜਾਵੇ ਪਰ ਨਾ ਤਾਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਤੇ ਵਿਧਾਨ ਸਭਾ ਵਿਚ ਬੈਠੇ ਆਮ ਪਾਰਟੀ ਦੇ 88 ਵਿਧਾਇਕਾਂ ਦੇ ਕੰਨਾਂ ’ਤੇ ਜੂੰ ਸਿਰਕੀ। ਇਸ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਅਸਲੀ ਚੇਹਰਾ ਸਾਹਮਣੇ ਆ ਗਿਆ ਹੈ। ਸ਼ਾਇਦ ਪੰਜਾਬ ਸਰਕਾਰ ਭੁੱਲ ਗਈ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਨੂੰ ਇਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਇਸ ਹਾਲਤ ਵਿਚ 2 ਲੱਖ ਤੋਂ ਵੱਧ ਮੁਲਾਜ਼ਮ ਤੇ ਉਨ੍ਹਾਂ ਦੇ ਪਰਿਵਾਰ ਭਗਵੰਤ ਮਾਨ ਸਰਕਾਰ ਦੇ ਖਿਲਾਫ ਵੋਟਾਂ ਪਾ ਆਪਣਾ ਫ਼ਤਵਾ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਮੁਲਾਜ਼ਮ ਤੇ ਪੈਨਸ਼ਨਰ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਵੋਟਾਂ ਪਾਉਣਗੇ ਕਿਉਂਕਿ ਉਹ ਪੰਜਾਬ ਸਰਕਾਰ ਨੂੰ ਬਖ਼ਸ਼ਣ ਦੇ ਮੂੜ ਵਿਚ ਨਹੀਂ ਹਨ।