ਫਗਵਾੜਾ ਵਾਸੀਆਂ ਦੀ ਕੋਈ ਵੀ ਮੰਗ ਨਹੀਂ ਹੋਈ ਪੂਰੀ
ਫਗਵਾੜਾ ਵਾਸੀਆਂ ਦੀ ਕੋਈ ਮੰੰਗ ਵੀ ਨਹੀ ਹੋਈ ਪੂਰੀ,ਬੰਟੀ ਵਾਲੀਆ
Publish Date: Thu, 07 May 2026 10:21 PM (IST)
Updated Date: Thu, 07 May 2026 10:23 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਨਾ ਜ਼ਿਲ੍ਹਾ ਬਣਿਆ, ਨਾ ਸਿਵਲ ਹਸਪਤਾਲ ਮਲਟੀ ਸਪੈਸ਼ਲਿਟੀ ਸਹੂਲਤਾਂ ਨਾਲ ਲੈਸ ਹੋਇਆ ਤੇ ਹੁਣ ਸਰਕਾਰ ਦੇ ਜਾਣ ਵਿਚ ਸਿਰਫ ਚਾਰ-ਪੰਜ ਮਹੀਨਿਆਂ ਦਾ ਸਮਾਂ ਹੀ ਬਾਕੀ ਬਚਿਆ ਹੈ। ਇਸ ਦੇ ਨਾਲ ਹੀ ਜੇਸੀਟੀ ਮਿੱਲ ਦੇ ਚੱਲਣ ਦੀ ਉਮੀਦ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫਗਵਾੜਾ ਵਾਸੀਆਂ ਨਾਲ ਮਾਰੀਆਂ ਗੱਪਾਂ ਵਿਚੋਂ ਇਕ ਗੱਪ ਹੀ ਸਾਬਿਤ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਤੇ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ, ਸ਼ਰਨਜੀਤ ਸਿੰਘ, ਮੀਡੀਆ ਕੋਆਰਡੀਨੇਟਰ ਸੌਰਵ ਸ਼ਰਮਾ, ਅਮਿਤ ਅਰੋੜਾ ਨੇ ਕਿਹਾ ਕਿ ਫਗਵਾੜਾ ਵਾਸੀਆਂ ਨੂੰ ਹਮੇਸ਼ਾ ਹੀ ਆਮ ਆਦਮੀ ਪਾਰਟੀ ਸਰਕਾਰ ਕੋਲੋਂ ਨਮੋਸ਼ੀ ਹੀ ਹੱਥ ਲੱਗੀ ਹੈ। ਮੁੱਖ ਮੰਤਰੀ ਸਾਹਿਬ ਸ਼ੁਕਰਾਨਾ ਸਮਾਗਮ ਤਾਂ ਫਗਵਾੜਾ ਵਿਚ ਕਰ ਗਏ ਪਰ ਜਿਹੜੀਆਂ ਸੜਕਾਂ ਤੋਂ ਉਨ੍ਹਾਂ ਨੇ ਲੰਘਣਾ ਸੀ ਉੱਥੇ ਤਾਂ ਮਾੜੀ ਮੋਟੀ ਲੀਪਾਪੋਤੀ ਕਰ ਦਿੱਤੀ ਗਈ ਪਰ ਬਾਕੀ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਇਕ ਪਾਸੇ ਮੁੱਖ ਮੰਤਰੀ ਸਾਹਿਬ ਕਹਿੰਦੇ ਹਨ ਕਿ ਉਨ੍ਹਾਂ ਨੇ ਚਾਰ ਸਾਲਾਂ ਵਿਚ ਸਾਰੇ ਵਾਅਦੇ ਪੂਰੇ ਕਰ ਲਏ ਹਨ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਫਗਵਾੜਾ ਸ਼ਹਿਰ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ। ਛੋਟੇ ਜਿਹੇ ਐਕਸੀਡੈਂਟ ਤੋਂ ਬਾਅਦ ਵੀ ਮਰੀਜ਼ਾਂ ਨੂੰ ਜਲੰਧਰ, ਲੁਧਿਆਣਾ ਰੈਫਰ ਕਰ ਦਿੱਤਾ ਜਾਂਦਾ ਹੈ। ਸਿਵਲ ਹਸਪਤਾਲ ਵਿਚ ਸਹੂਲਤਾਂ ਦੀ ਵੱਡੀ ਘਾਟ ਹੈ। ਮਸ਼ੀਨਾਂ ਦੀ ਘਾਟ ਹੈ ਪਰ ਇਸ ਦੇ ਬਾਵਜੂਦ ਵੀ ਮੁੱਖ ਮੰਤਰੀ ਸਾਹਿਬ ਕਹਿ ਰਹੇ ਹਨ ਕਿ ਉਨ੍ਹਾਂ ਨੇ ਚਾਰ ਸਾਲਾਂ ਵਿਚ ਸਾਰੇ ਵਾਅਦੇ ਪੂਰੇ ਕਰ ਲਏ ਪਰ ਫਗਵਾੜਾ ਵਾਸੀਆਂ ਨਾਲ ਕੀਤਾ ਤਾਂ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ ਤਾਂ ਫਿਰ ਫਗਵਾੜਾ ਵਾਸੀ ਮੁੱਖ ਮੰਤਰੀ ਸਾਹਿਬ ਦਾ ਸ਼ੁਕਰਾਨਾ ਸਵੀਕਾਰ ਕਿਵੇਂ ਕਰ ਸਕਦੇ ਹਨ। ਆਗੂਆਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ 2027 ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇਗਾ।