ਪਿੰਡ ਜੈਨਪੁਰ ਵਿਚ ਨਾਈਟ ਵਾਲੀਬਾਲ ਤੇ ਕੁਸ਼ਤੀ ਦੰਗਲ ਅੱਜ

ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ
ਕਪੂਰਥਲਾ : ਤਹਿਸੀਲ ਸੁਲਤਾਨਪੁਰ ਲੋਧੀ ਦੇ ਪ੍ਰਸਿੱਧ ਪਿੰਡ ਜੈਨਪੁਰ ਵਿੱਚ 25 ਅਪ੍ਰੈਲ ਨੂੰ ਵਿਸ਼ਾਲ ਖੇਡ ਮੇਲਾ ਲੱਗਣ ਜਾ ਰਿਹਾ ਹੈ, ਜਿਸ ਵਿੱਚ ਨਾਈਟ ਵਾਲੀਬਾਲ ਟੂਰਨਾਮੈਂਟ ਅਤੇ ਰਵਾਇਤੀ ਕੁਸ਼ਤੀ ਦੰਗਲ ਕਰਵਾਏ ਜਾ ਰਹੇ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸਮਰਪਿਤ ਦੂਜਾ ਕੁਸ਼ਤੀ ਦੰਗਲ ਸ਼ਨਿੱਚਰਵਾਰ ਸਵੇਰੇ 9 ਤੋਂ 11 ਵਜੇ ਤੱਕ ਵੱਖ-ਵੱਖ ਭਾਰ ਵਰਗ ਵਿੱਚ ਹੋਵੇਗਾ, ਜਦੋਂਕਿ ਸਵ. ਜਸਪਾਲ ਸਿੰਘ ਖੰਬ ਦੀ ਯਾਦ ਵਿੱਚ ਪਹਿਲਾ ਓਪਨ ਵਾਲੀਬਾਲ ਨਾਈਟ ਟੂਰਨਾਮੈਂਟ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਜੈਨਪੁਰ ਦੇ ਸਰਪੰਚ ਮੇਜਰ ਸਿੰਘ ਅਤੇ ਤਰਸੇਮ ਸਿੰਘ ਵਿੱਕੀ ਨੇ ਦੱਸਿਆ ਕਿ ਇਹ ਸਮਾਗਮ ਪਿੰਡ ਦੀ ਖੇਡ ਪਰੰਪਰਾ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਰਵਾਇਆ ਜਾ ਰਿਹਾ ਹੈ। ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਮਿੱਟੀ ਦੇ ਅਖਾੜੇ ਤੇ ਮੈਟ ਉੱਪਰ ਹੋਣ ਵਾਲੇ ਕੁਸ਼ਤੀ ਮੁਕਾਬਲੇ ਸਵੇਰੇ 9 ਵਜੇ ਸ਼ੁਰੂ ਹੋਣਗੇ ਅਤੇ 11 ਵਜੇ ਤੱਕ ਚੱਲਣਗੇ।
ਇਸ ਮੌਕੇ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਪਹਿਲੇ ਓਪਨ ਨਾਈਟ ਵਾਲੀਬਾਲ ਦੇ ਮੁਕਾਬਲੇ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਸਵ. ਜਸਪਾਲ ਸਿੰਘ ਮਨੀਲਾ ਦੀ ਯਾਦ ਵਿੱਚ ਹੋਣਗੇ। ਇਸ ਟੂਰਨਾਮੈਂਟ ਵਿੱਚ ਸਿਰਫ਼ ਸੱਦੀਆਂ ਹੋਈਆਂ ਚਾਰ ਟੀਮਾਂ ਹੀ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚ ਮਾਤਾ ਪਿਆਰ ਕੌਰ ਸੁਲਤਾਨਪੁਰ ਲੋਧੀ, ਤਲਵੰਡੀ ਚੌਧਰੀਆਂ, ਦੇਸਲ ਕਲੱਬ ਅਤੇ ਆਰਸੀਐੱਫ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਜੇਤੂ ਵਾਲੀਬਾਲ ਟੀਮ ਵਿੱਚ ਨੂੰ 15,000 ਰੁਪਏ ਅਤੇ ਦੂਜੇ ਸਥਾਨ ਵਾਲੀ ਟੀਮ ਨੂੰ 11,000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਹ ਟੂਰਨਾਮੈਂਟ ਦਰਸ਼ਕਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੇਗਾ। ਕੁਸ਼ਤੀ ਦੰਗਲ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਮੇਜਰ ਸਿੰਘ ਤੇ ਤਰਸੇਮ ਸਿੰਘ ਵਿੱਕੀ ਨੇ ਦੱਸਿਆ ਕਿ ਇਸ ਤੋਂ ਪਹਿਲ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸਮਰਪਿਤ ਦੂਜਾ ਕੁਸ਼ਤੀ ਦੰਗਲ ਮੁਕਾਬਲਾ ਕਰਵਾਇਆ ਜਾਵੇਗਾ। ਸਵੇਰੇ 9 ਤੋਂ 11 ਵਜੇ ਤੱਕ ਹੋਣ ਵਾਲੇ ਇਸ ਦੰਗਲ ਵਿੱਚ ਵੱਖ-ਵੱਖ ਵਰਗਾਂ ਵਿੱਚ ਮੁਕਾਬਲੇ ਹੋਣਗੇ, ਜਿਨ੍ਹਾਂ ਵਿੱਚ ਸ਼ੇਰੇ ਪੰਜਾਬ ਅੰਡਰ-13 ਸਾਲ ਦੇ ਲੜਕੇ, ਫ੍ਰੀ ਸਟਾਈਲ ਓਪਨ ਕੁਸ਼ਤੀਆਂ ਅਤੇ ਲੜਕੀਆਂ ਲਈ ਪੰਜਾਬ ਕੌਰ ਵਰਗ ਸ਼ਾਮਲ ਹਨ। ਵਿੱਕੀ ਨੇ ਦੱਸਿਆ ਕਿ ਫ੍ਰੀ ਸਟਾਈਲ ਕੁਸ਼ਤੀਆਂ ਵਿੱਚ ਵੱਡੇ ਇਨਾਮ ਰੱਖੇ ਗਏ ਹਨ, ਜਦਕਿ ਖਾਸ ਪਟਕੇ ਦੀਆਂ ਦੋ ਕੁਸ਼ਤੀਆਂ ਵਿੱਚ ਹਰ ਪਹਿਲਵਾਨ ਨੂੰ 61,000 ਰੁਪਏ ਦੀ ਰਕਮ ਦਿੱਤੀ ਜਾਵੇਗੀ, ਜੋ ਇਸ ਦੰਗਲ ਦੀ ਖਾਸ ਵਿਸ਼ੇਸ਼ਤਾ ਹੋਵੇਗੀ। ਦੰਗਲ ਵਿੱਚ ਸਿਰਫ਼ ਸੱਦੇ ਹੋਏ ਪਹਿਲਵਾਨਾਂ ਨੂੰ ਹੀ ਹਿੱਸਾ ਲੈਣ ਦੀ ਆਗਿਆ ਹੋਵੇਗੀ। ਇਨ੍ਹਾਂ ਦੋਵੇਂ ਸਮਾਗਮਾਂ ਦਾ ਸਿੱਧਾ ਪ੍ਰਸਾਰਨ ਯੂਟਿਊਬ ’ਤੇ ਵੀ ਕੀਤਾ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਖੇਡ ਮੇਲੇ ਦਾ ਅਨੰਦ ਲੈ ਸਕਣ। ਸਰਪੰਚ ਮੇਜਰ ਸਿੰਘ ਅਤੇ ਤਰਸੇਮ ਸਿੰਘ ਵਿੱਕੀ ਨੇ ਇਲਾਕੇ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਅਪੀਲ ਕੀਤੀ ਹੈ।