ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣਾਏ ਜਾ ਰਹੇ ਕਾਰਡ ਦੀ ਰਜਿਸਟਰੇਸ਼ਨ ਦੇ ਅਗਲੇ ਪੜਾਅ ਦੀ ਸ਼ੁਰੂਆਤ : ਡਿਪਟੀ ਕਮਿਸ਼ਨਰ

--ਸਾਰੇ ਸੇਵਾ ਕੇਂਦਰਾਂ ਤੇ ਸੀਐੱਚਸੀ ਸੈਂਟਰਾਂ ’ਚ ਬਣਾਏ ਜਾਣਗੇ ਸਿਹਤ ਯੋਜਨਾ ਦੇ ਕਾਰਡ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਵਿਚ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਅਧੀਨ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੇਣ ਲਈ ਸਿਹਤ ਕਾਰਡ ਦੀ ਰਜਿਸਟ੍ਰੇਸ਼ਨ ਦਾ ਅਗਲਾ ਪੜਾਅ ਸ਼ੁਰੂ ਹੋ ਚੁੱਕਾ ਹੈ ਤੇ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਦੇ ਨਾਲ ਨਾਲ ਸੀਐੱਚਸੀ ਸੈਂਟਰ ਦੇ ਵਿਚ ਵੀ ਕਾਰਡ ਬਣਾਏ ਜਾਣਗੇ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਸੂਚੀਬੱਧ ਹਰੇਕ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਵਿਚ ਇਸ ਯੋਜਨਾ ਤਹਿਤ ਮੁਫ਼ਤ ਇਲਾਜ਼ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ 2 ਹਜ਼ਾਰ ਤੋਂ ਵਧੇਰੇ ਸਿਹਤ ਸੇਵਾਵਾਂ ਤੇ ਵੱਡੇ ਆਪ੍ਰੇਸ਼ਨ ਇਸ ਯੋਜਨਾ ਵਿਚ ਕਵਰ ਹੋਣਗੇ। ਉਨ੍ਹਾਂ ਕਿਹਾ ਕਿ ਵੱਡੀਆਂ ਤੇ ਛੋਟੀਆਂ ਬਿਮਾਰੀਆਂ ਲਈ 10 ਲੱਖ ਰੁਪਏ ਤੱਕ ਦੀਆਂ ਸਾਰੀਆਂ ਦਵਾਈਆਂ ਤੇ ਟੈਸਟ ਮੁਫ਼ਤ ਹੋਣਗੇ। ਇਸ ਯੋਜਨਾ ਲਈ ਕੋਈ ਆਮਦਨ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ। ਇਸ ਸਕੀਮ ਵਿਚ 2356 ਤੋਂ ਵੱਧ ਇਲਾਜ ਪੈਕੇਜ ਸ਼ਾਮਲ ਕੀਤੇ ਗਏ ਹਨ। ਇਸ ਸਿਹਤ ਯੋਜਨਾ ਅਧੀਨ ਆਰਥੋਪੀਡਿਕਸ, ਜਨਰਲ ਮੈਡੀਸਨ, ਕਾਰਡੀਓਲੋਜੀ, ਨਿਊਰੋਲੋਜੀ, ਨੈਫਰੋਲੋਜੀ, ਯੂਰੋਲੋਜੀ, ਓਨਕੋਲੋਜੀ ਸਮੇਤ ਹੋਰ ਵਿਸ਼ੇਸ਼ ਇਲਾਜ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਦਿਲ ਨਾਲ ਸਬੰਧਤ ਤੇ ਕੈਂਸਰ ਦੇ ਇਲਾਜ, ਕਿਡਨੀ ਡਾਇਲਸਿਸ ਤੇ ਟ੍ਰਾਂਸਪਲਾਂਟ, ਦਿਮਾਗ ਤੇ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ, ਜਣੇਪਾ ਤੇ ਨਵਜੰਮੇ ਬੱਚਿਆਂ ਦੀ ਦੇਖਭਾਲ, ਦੁਰਘਟਨਾ ਤੇ ਐਮਰਜੈਂਸੀ, ਗੋਡੇ ਤੇ ਚੂਲੇ ਦੀਆਂ ਸਰਜਰੀਆਂ, ਮੋਤੀਆਬਿੰਦ ਸਰਜਰੀ ਤੇ ਹੋਰ ਇਲਾਜ ਸੇਵਾਵਾਂ ਵੀ ਇਸ ਯੋਜਨਾ ਵਿਚ ਸ਼ਾਮਲ ਹਨ। ਹਸਪਤਾਲ ਦੇ ਖਰਚਿਆਂ ਦੇ ਨਾਲ-ਨਾਲ ਡਾਇਗਨੋਸਟਿਕ ਸੇਵਾਵਾਂ ਨੂੰ ਵੀ ਇਸ ਸਕੀਮ ਅਧੀਨ ਸ਼ਾਮਲ ਕੀਤਾ ਗਿਆ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਦੂਜੇ ਪੜਾਅ ਤਹਿਤ ਇਹ ਕੈਂਪ ਭੁਲੱਥ ਦੇ ਮਿਰਜ਼ਾਪੁਰ, ਜਗਜੀਤ ਨਗਰ ਹਮੀਰਾ, ਧਾਲੀਵਾਲ ਬੇਟ, ਖੱਸਣ, ਫਤਿਹਗੜ੍ਹ ਸੀਕਰੀ, ਐੱਸਡੀਐੱਮ ਦਫ਼ਤਰ, ਹੈਬਤਪੁਰ, ਨਰਕਟ ਤੇ ਦਿਆਲਪੁਰ ਵਿਚ ਲਗਾਏ ਜਾਣਗੇ। ਇਸਦੇ ਨਾਲ ਹੀ ਕਪੂਰਥਲਾ ਦੇ ਵਾਰਡ ਨੰਬਰ 2, ਵਾਰਡ ਨੰਬਰ 4, ਵਾਰਡ ਨੰਬਰ 18, ਵਾਰਡ ਨੰਬਰ 37, ਵਾਰਡ ਨੰਬਰ 15, ਦਬੁਰਜੀ, ਨਵਾਂ ਪਿੰਡ ਗੇਟਵਾਲਾ, ਫਿਹਾਲੀ, ਰਜਾਪੁਰ, ਨੂਰਪੁਰ ਦੋਨਾਂ ਵਿਚ ਕੈਂਪ ਲਗਾਏ ਜਾਣਗੇ। ਇਸੇ ਤਰ੍ਹਾਂ ਫਗਵਾੜਾ ਦੇ ਸਪਰੋੜ, ਸੰਗਤਪੁਰਾ, ਬਲਾਲੋ, ਨਵੀਂ ਅਬਾਦੀ, ਵਾਰਡ ਨੰਬਰ 10, ਵਾਰਡ ਨੰਬਰ 26, ਵਾਰਡ ਨੰਬਰ 27, ਵਾਰਡ ਨੰਬਰ 31, ਵਾਰਡ ਨੰਬਰ 39 ਵਿਚ ਕੈਂਪ ਲੱਗਣਗੇ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿਚ ਪ੍ਰਵੇਜ਼ ਨਗਰ, ਆਹਲੀ ਕਲਾਂ, ਬੂੜੇਵਾਲ, ਖੋਖਰ ਜਦੀਦ, ਰੱਤੜਾ, ਮਨਿਆਲਾ, ਭੈਣੀ ਹੂਸੈ ਖਾਂ ਆਦਿ ਇਲਾਕਿਆਂ ਵਿਚ ਕੈਂਪ ਲਗਾਏ ਜਾਣਗੇ।