'ਕਾਂਗਰਸ ਮੁਕਤ' ਨਹੀਂ, 'ਕਾਂਗਰਸ ਯੁਕਤ ਪਾਰਟੀ' ਬਣੀ ਭਾਜਪਾ : ਧਾਲੀਵਾਲ
ਨਵੇਂ ਪ੍ਰਧਾਨ ਤੇ ਧਾਲੀਵਾਲ ਨੇ ਕੱਸਿਆ ਤੰਜ, ਕਿਹਾ- ਹੁਣ 'ਕਾਂਗਰਸ ਮੁਕਤ' ਨਹੀਂ, ਸਗੋਂ 'ਕਾਂਗਰਸ ਯੁਕਤ ਪਾਰਟੀ' ਬਣੀ ਭਾਜਪਾ
Publish Date: Fri, 29 May 2026 07:55 PM (IST)
Updated Date: Fri, 29 May 2026 07:56 PM (IST)
ਫਗਵਾੜਾ : ਸੇਵਾਮੁਕਤ ਆਈਏਐੱਸ ਅਧਿਕਾਰੀ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਭਾਜਪਾ ਵਿਚ ਹਾਲ ਹੀ ਵਿਚ ਹੋਈ ਲੀਡਰਸ਼ਿਪ ਚੋਣ ਨੂੰ ਲੈ ਕੇ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਤੋਂ ਬਾਅਦ ਸਿਰਫ਼ ਢਿੱਲੋਂ ਵਰਗੇ ਆਗੂਆਂ ਨੂੰ ਤਰੱਕੀ ਦੇਣਾ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਪੰਜਾਬ ਭਾਜਪਾ ਨੂੰ ਹੁਣ ਆਪਣੇ ਆਗੂਆਂ ਦੀ ਲੀਡਰਸ਼ਿਪ ਯੋਗਤਾ 'ਤੇ ਭਰੋਸਾ ਨਹੀਂ ਹੈ। ਇਹੀ ਕਾਰਨ ਹੈ ਕਿ ਅੱਜ ਸਥਿਤੀ 'ਕਾਂਗਰਸ ਮੁਕਤ ਭਾਰਤ' ਨਹੀਂ, ਸਗੋਂ 'ਕਾਂਗਰਸ ਯੁਕਤ ਭਾਜਪਾ' ਬਣ ਗਈ ਹੈ।
ਧਾਲੀਵਾਲ ਨੇ ਦੱਸਿਆ ਕਿ 2014 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਕਾਂਗਰਸ ਮੁਕਤ ਭਾਰਤ' ਦਾ ਨਾਅਰਾ ਦਿੱਤਾ ਸੀ, ਪਰ ਅੱਜ ਹਕੀਕਤ ਇਹ ਹੈ ਕਿ ਭਾਜਪਾ ਕਾਂਗਰਸੀ ਪਿਛੋਕੜ ਵਾਲੇ ਆਗੂਆਂ 'ਤੇ ਨਿਰਭਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸਾਮ ਵਿਚ ਹਿਮੰਤ ਬਿਸਵਾ ਸਰਮਾ ਨੂੰ ਲਿਆਂਦਾ ਗਿਆ ਸੀ, ਜਦੋਂ ਕਿ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਤੋਂ ਸੁਵੇਂਦੂ ਅਧਿਕਾਰੀ ਨੂੰ ਕਾਂਗਰਸ ਦੇ ਹੋਰ ਦਲ ਬਦਲੂਆਂ ਦੇ ਨਾਲ ਅੱਗੇ ਵਧਾਇਆ ਗਿਆ ਸੀ। ਇਸ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦਾ ਸੰਗਠਨਾਤਮਕ ਢਾਂਚਾ ਕਮਜ਼ੋਰ ਹੋ ਗਿਆ ਹੈ। ਹੁਣ ਪੰਜਾਬ ਵਿਚ ਭਾਜਪਾ ਉਸੇ ਰਾਹ 'ਤੇ ਚੱਲ ਰਹੀ ਹੈ। ਪਹਿਲਾਂ ਭਾਜਪਾ ਨੇ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਤੇ ਹੁਣ, ਇਕ ਹੋਰ ਕਾਂਗਰਸੀ ਨੇਤਾ, ਕੇਵਲ ਸਿੰਘ ਢਿੱਲੋਂ ਨੂੰ ਵਾਗਡੋਰ ਸੌਂਪੀ ਗਈ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ ਸਿਰਫ਼ ਖਾਲੀ ਨਾਅਰਿਆਂ ਤੱਕ ਸੀਮਤ ਹਨ, ਜਦੋਂ ਕਿ ਉਨ੍ਹਾਂ ਦੀਆਂ ਨੀਤੀਆਂ ਸਿਰਫ਼ ਅੰਬਾਨੀ ਤੇ ਅਡਾਨੀ ਵਰਗੇ ਵੱਡੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਤਿਆਰ ਕੀਤੀਆਂ ਗਈਆਂ ਹਨ।
ਧਾਲੀਵਾਲ ਨੇ ਕਿਹਾ ਕਿ ਹਾਲ ਹੀ ਵਿਚ ਪ੍ਰੀਖਿਆ ਪੇਪਰ ਲੀਕ ਸਕੈਂਡਲ, ਲਗਾਤਾਰ ਵਧਦੀ ਮਹਿੰਗਾਈ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਤੇ ਭਾਰਤੀ ਰੁਪਏ ਦੇ ਮੁੱਲ ਵਿਚ ਗਿਰਾਵਟ ਨੇ ਕੇਂਦਰ ਸਰਕਾਰ ਦੀਆਂ ਅਸਫਲਤਾਵਾਂ ਨੂੰ ਬੇਨਕਾਬ ਕਰ ਦਿੱਤਾ ਹੈ। ਦੇਸ਼ ਦੇ ਲੋਕ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਦੋਹਰੇ ਮਾਪਦੰਡਾਂ ਨੂੰ ਸਮਝ ਚੁੱਕੇ ਹਨ ਤੇ ਭਾਜਪਾ ਪ੍ਰਤੀ ਜਨਤਾ ਦਾ ਰੋਸ ਲਗਾਤਾਰ ਵਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਭਾਜਪਾ ਨੂੰ ਪੰਜਾਬ ਸਮੇਤ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿਚ ਭਾਰੀ ਜਨਤਕ ਵਿਰੋਧ ਤੇ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਲੋਕ ਹੁਣ ਲੋਕ ਵਿਰੋਧੀ ਨੀਤੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ।