ਸਕੂਲਾਂ ਦਾ ਨਾਂਹਪੱਖੀ ਮਾਹੌਲ ਬਣਦਾ ਹੈ ਆਤਮ ਹੱਤਿਆ ਦਾ ਕਾਰਨ
ਸਕੂਲਾਂ ਦਾ ਨਾਕਾਰਾਤਮਕ ਮਾਹੌਲ ਬਣਦਾ ਹੈ ਬੱਚਿਆਂ ਦੀਆਂ ਆਤਮ ਹੱਤਿਆਵਾਂ ਦਾ ਕਾਰਨ
Publish Date: Thu, 07 May 2026 07:56 PM (IST)
Updated Date: Thu, 07 May 2026 07:56 PM (IST)

--ਮਾਪਿਆਂ ਦੀਆਂ ਬੱਚਿਆਂ ਉੱਤੇ ਠੋਸੀਆਂ ਉਮੀਦਾਂ ਵੀ ਬਣਦੀਆ ਹਨ ਗ਼ਲਤ ਫ਼ੈਸਲੇ ਲੈਣ ਦਾ ਕਾਰਨ ਰੌਸ਼ਨ ਖੈੜਾ, ਪੰਜਾਬੀ ਜਾਗਰਣ ਕਪੂਰਥਲਾ : ਅਧਿਆਪਕ ਉਸ ਮਹਾਨ ਮੂਰਤੀਘਾੜੇ ਵਰਗਾ ਹੁੰਦਾ ਹੈ ਜੋ ਆਪਣੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਖ਼ਾਰਨ ਤੇ ਸੰਵਾਰਨ ਲਈ ਉਸਦੇ ਅੰਦਰ ਬੈਠੇ ਇਨਸਾਨ ਨੂੰ ਪਿਆਰ, ਹਲੀਮੀ ਤੇ ਸਖ਼ਤੀ ਨਾਲ ਵਰਤਾਓ ਕਰਕੇ ਉਸਦੇ ਅੰਤਰੀਵ ਸਰੂਪ ਨੂੰ ਸੰਵਾਰਦਾ ਹੈ। ਜਿਹੜਾ ਵਿਦਿਆਰਥੀ ਆਪਣੇ ਅਧਿਆਪਕ ਦੇ ਡਰ ਤੇ ਸਤਿਕਾਰ ਨੂੰ ਸਾਵਾਂ ਰੱਖਦੇ ਹੋਏ ਉਸ ਕੋਲੋਂ ਨਿਸ ਦਿਨ ਨਵਾਂ ਜਾਨਣ ਲਈ ਪ੍ਰਬਲ ਰਹਿੰਦਾ ਹੈ, ਉਹੀ ਵਿਦਿਆਰਥੀ ਆਪਣੀ ਛੁਪੀ ਪ੍ਰਤਿਭਾ ਦੀ ਪਛਾਣ ਕਰਕੇ ਜ਼ਿੰਦਗੀ ਦੇ ਨਵੇਂ ਦਿਸਹੱਦੇ ਸਿਰਜਣ ਲਈ ਕਮਰਕੱਸਾ ਕਰਦਾ ਹੈ। ਅਧਿਆਪਕ ਦੇ ਹੱਥ ਫੜੀ ਸੋਟੀ ਹੀ ਵਿਦਿਆਰਥੀ ਨੂੰ ਸਵੈ-ਪੜਚੋਲ, ਸਵੈ-ਅਨੁਸ਼ਾਸਣ, ਸਵੈ-ਪ੍ਰਗਟਾਵੇ ਤੇ ਨਿਸ਼ਾਨੇ ਮਿੱਥ ਕੇ ਤੁਰਨ ਦਾ ਸਬਕ ਦਿੰਦੀ ਹੋਈ ਸੰਜ਼ੀਦਾ ਤੇ ਸੁਹਿਰਦ ਵਿਦਿਆਰਥੀ ਬਣਾਉਂਦੀ ਹੈ, ਪਰ ਜਦੋਂ ਅਧਿਆਪਕ ਹੱਥੋਂ ਸੋਟੀ ਹੀ ਖੋਹ ਲਈ ਜਾਵੇ ਤਾਂ ਉਹੀ ਵਿਦਿਆਰਥੀ ਸੁਸਤੀ, ਲਾਪ੍ਰਵਾਹੀ ਤੇ ਵਿਵੇਕਹੀਣਤਾ ਦਾ ਸ਼ਿਕਾਰ ਹੋ ਕੇ ਕੁਦਰਤੀ ਵਿਵੇਕ ਵੀ ਗੁਆ ਲੈਂਦਾ ਹੈ। ਨਿੱਜੀ ਸਕੂਲਾਂ ਵਿਚ ਅੰਕਾਂ ਦੀ ਦੌੜ ਨੇ ਵਿਦਿਆਰਥੀਆਂ ਨੂੰ ਕਿਤਾਬੀ ਕੀੜਾ ਬਣਾ ਕੇ ਰੱਖ ਦਿੱਤਾ ਹੈ, ਬੱਚਿਆਂ ਵਿਚ ਸ਼ਖ਼ਸੀਅਤ ਨੂੰ ਨਿਖ਼ਾਰਨ ਲਈ ਸੰਪੂਰਨ ਸਿਖਿਆ ਗਾਇਬ ਹੋ ਜਾਣ ਕਾਰਣ ਸਹਿਨਸ਼ੀਲਤਾ, ਸਵੀਕਾਰਨਾ, ਹੌਸਲਾ ਤੇ ਧੀਰਜ ਗੁਆਚ ਜਾਣ ਕਰਕੇ ਥੋੜੀ ਜਿਹੀ ਵੀ ਝਿੜਕ ਜਾਂ ਸਖ਼ਤੀ ਨਹੀਂ ਸਹਾਰਦੇ, ਨਲਾਇਕ ਹਊਮੈ ਦਾ ਸ਼ਿਕਾਰ ਹੋ ਕੇ ਹਰ ਝਿੜਕ ਨੂੰ ਮਨ ਨੂੰ ਲਾ ਬੈਠਦੇ ਹਨ, ਅਜਿਹੀ ਕਮਜ਼ੋਰ ਤੇ ਉਦੇਸ਼ਹੀਣ ਮਾਨਸਿਕਤਾ ਦੇ ਕਾਰਣ ਆਤਮ ਹੱਤਿਆ ਕਰਕੇ ਜੀਵਨ ਦੇ ਰੰਗਾਂ ਤੋਂ ਹੱਥ ਧੋਅ ਬੈਠਦੇ ਹਨ। ਸੋ ਅੱਜ ਦੇ ਇਸ ਗੰਭੀਰ ਮੁੱਦਿਆਂ ਦੀ ਗੰਭੀਰਤਾ ਦੇ ਪਰਿਪੇਖ ਵਿਚ ਵਿਦਿਆਰਥੀਆਂ ਦੀਆਂ ਹੋ ਰਹੀਆਂ ਆਤਮ ਹੱਤਿਆਵਾਂ ਦੇ ਕਾਰਣ ਤੇ ਪ੍ਰਭਾਵ ਦੇ ਸਿਧਾਂਤ ਅਨੁਸਾਰ ਕੁਝ ਇਕ ਸਿਖਿਆ ਸ਼ਾਸਤਰੀਆਂ ਨਾਲ ਪੰਜਾਬੀ ਜਾਗਰਣ ਦੇ ਸੁਹਿਰਦ ਪਾਠਕਾਂ ਲਈ ਵਿਚਾਰ ਚਰਚਾ ਕੀਤੀ ਗਈ ਹੈ। --ਬੇਲੋੜਾ ਅਨੁਸ਼ਾਸਨ ਬੱਚੇ ਦੇ ਸਵੈ-ਪ੍ਰਗਟਾਵੇ ਨੂੰ ਰੋਕਦਾ : ਲਾਸਾਨੀ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਸਿੰਘ ਲਾਸਾਨੀ ਨੇ ਦੱਸਿਆ ਕਿ ਬੱਚਿਆਂ ਵੱਲੋਂ ਕੀਤੀਆਂ ਜਾ ਰਹੀਆਂ ਆਤਮਹੱਤਿਆਵਾਂ ਜ਼ਿਆਦਾਤਰ ਨਿੱਜੀ ਸਕੂਲਾਂ ਵਿਚ ਬੇਲੋੜਾ ਅਨੁਸ਼ਾਸਨ ਬਣਾ ਕੇ ਰੱਖਣਾ ਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਨਾਂ ਦੀ ਪ੍ਰਤਿਭਾ ਅਨੁਸਾਰ ਕਿਰਿਆਵਾਂ ਨਾ ਕਰਵਾਉਣਾ, ਬੱਚਿਆਂ ਉੱਤੇ ਅੰਕ ਹਾਸਲ ਕਰਨ ਦਾ ਮਾਨਸਿਕ ਬੋਝ ਪਾਉਣਾ, ਬਚਪਨ ਬਚਾਉਣ ਲਈ ਸਰੀਰਕ, ਮਾਨਸਿਕ ਤੇ ਸੰਵੇਗ ਆਤਮਿਕ ਵਿਕਾਸ ਲਈ ਖੇਡ ਗਤੀਵਿਧੀਆਂ ਦਾ ਬਿਲਕੁਲ ਨਾ ਹੋਣ ਕਰਕੇ ਬੱਚਿਆਂ ਦੇ ਸੁਭਾਅ ਚ ਚਿੜਚਿੜਾਪਨ ਆ ਜਾਣ ਕਰਕੇ ਕਿਸੇ ਵੀ ਅਧਿਆਪਕ, ਮਾਪੇ ਜਾਂ ਸਹਿਪਾਠੀ ਵੀ ਹੋਵੇ, ਦੀ ਗੱਲ ਨਾ ਸਹਾਰਨਾ ਵੀ ਵਿਦਿਆਰਥੀ ਨੂੰ ਅਜਿਹੇ ਆਪਾ ਵਿਰੋਧੀ ਕਦਮ ਚੁੱਕਣ ਲਈ ਮਜਬੂਰ ਕਰਦਾ ਹੈ। -ਬੱਚੇ ਦੀ ਰੁਚੀ ਅਨੁਸਾਰ ਹੀ ਉਸ ਨੂੰ ਮੌਕਾ ਮਿਲੇ : ਗਿੱਲ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦੀਪ ਸਿੰਘ ਗਿੱਲ ਸਟੇਟ ਐਵਾਰਡੀ ਨੇ ਦੱਸਿਆ ਕਿ ਮਾਪੇ ਬੱਚਿਆਂ ਦੀ ਪ੍ਰਤਿਭਾ ਤੇ ਰੁਚੀ ਨੂੰ ਦੇਖਣ ਪਰਖਣ ਤੋਂ ਬਿਨਾਂ ਉਹ ਕੁਝ ਬਨਾਉਣਾ ਚਾਹੁੰਦੇ ਹਨ, ਜਿਸਦੇ ਉਹ ਯੋਗ ਨਹੀਂ ਹੁੰਦੇ। ਅਜਿਹੇ ਬੱਚੇ ਨੂੰ ਉਨ੍ਹਾਂ ਉਮੀਦਾਂ ਉੱਤੇ ਉਤਰਨ ਲਈ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ, ਮਾਨਸਿਕ ਤਣਾਅ ਦੇ ਕਾਰਣ ਬੱਚਾ ਚਿੜਚਿੜਾ ਹੋ ਜਾਂਦਾ ਹੈ, ਸਕੂਲ ਸੰਸਥਾ ਵਿਚ ਉਸਦਾ ਦਿਲ ਨਹੀਂ ਲਗਦਾ, ਕਿਉਂਕਿ ਹੀਣਭਾਵਨਾ ਦੇ ਕਾਰਣ ਉਹ ਆਪਣੀ ਹਾਰ ਦੇ ਜ਼ਿਮੇਵਾਰ ਆਪਣੇ ਅਧਿਆਪਕਾਂ ਤੇ ਮਾਪਿਆਂ ਕੋਲੋਂ ਨਾਕਾਰਤਮਕ ਹਮਦਰਦੀ ਹਾਸਲ ਕਰਦਾ ਰਹਿੰਦਾ ਹੈ। ਅਸਲ ਵਿਚ ਉਸਦੀ ਰੁੱਚੀ ਜਾਂ ਦਿਲਚਸਪੀ ਮੁਤਾਬਕ ਉਸਦਾ ਵਿਕਾਸ ਨਹੀਂ ਹੁੰਦਾ ਤਾਂ ਅਨੁਸ਼ਾਸਨਹੀਣਤਾ ਦਾ ਮਾਹੌਲ ਪੈਦਾ ਕਰਕੇ ਉਹ ਆਪਣਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਕੁਝ ਵੱਖਰਾ ਹੀ ਹੈ। ਜਦੋਂ ਉਹ ਕਿਸੇ ਪਾਸੇ ਜੋਗਾ ਨਹੀਂ ਰਿਹਾ ਤਾਂ ਉਹ ਆਪਣੀ ਜੀਵਨ ਲੀਲਾ ਖਤਮ ਕਰ ਲੈਂਦਾ ਹੈ। ---ਅਨੁਸ਼ਾਸਨ ਸਿੱਖਿਆ ਸੰਸਥਾਵਾਂ ਦੀ ਰੀੜ ਦੀ ਹੱਡੀ ਹੁੰਦੀ ਹੈ, ਉਸ ਦਾ ਪਾਲਣ ਜ਼ਰੂਰੀ : ਡਾ. ਘੁੰਮਣ ਉੱਘੇ ਵਿਦਵਾਨ ਡਾ. ਆਸਾ ਸਿੰਘ ਘੁੰਮਣ ਨੇ ਕਿਹਾ ਕਿ ਅਨੁਸ਼ਾਸਨ ਸਿਖਿਆ ਸੰਸਥਾਵਾਂ ਦੀ ਹੀ ਨਹੀਂ ਬਲਕਿ ਸਮਾਜ ਜਾਂ ਦੇਸ਼ ਦੇ ਵਿਕਾਸ ਦੀ ਰੀੜ ਦੀ ਹੱਡੀ ਹੁੰਦੀ ਹੈ। ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਵਾਂਗ ਸੰਸਥਾਵਾਂ ਮੁਤਾਬਕ ਮਿੱਥੇ ਉਦੇਸ਼ਾਂ ਦੀ ਪੂਰਤੀ ਵੀ ਸਥਾਪਿਤ ਅਨੁਸ਼ਾਸਨ ਦੀ ਪਾਲਣਾ ਕਰਨ ਵਿਚ ਹੀ ਹੁੰਦੀ ਹੈ। ਸਿਖਿਆ ਸੰਸਥਾਵਾਂ ਵਿਚ ਸਥਾਪਤ ਅਨੁਸ਼ਾਸਨ ਨੂੰ ਵਿਦਿਆਰਥੀਆਂ ਦੇ ਅਨੁਸ਼ਾਸਨ ਚ ਰਹਿਣ ਲਈ ਅਨੁਸ਼ਾਸਿਤ ਤੇ ਆਦਰਸ਼ਕ ਅਧਿਆਪਕਾਂ ਦੀ ਜ਼ਰੂਰਤ ਹੁੰਦੀ ਹੈ, ਜੋ ਵਿਦਿਆਰਥੀਆਂ ਦੀਆਂ ਸਮਾਜਿਕ, ਧਾਰਮਿਕ ਤੇ ਮਨੋਵਿਗਿਆਨਕ ਸਮਸਿਆਵਾਂ ਨੂੰ ਸਮਝ ਕੇ ਉਨ੍ਹਾਂ ਦਾ ਮਾਰਗਦਰਸ਼ਨ ਕਰਦਾ ਹੈ। ਜਦੋਂ ਅਧਿਆਪਕ ਵਿਦਿਆਰਥੀ ਦੇ ਮਾਨਸਿਕ ਪੱਧਰ ਉੱਤੇ ਪਹੁੰਚ ਕੇ ਅਪਣਤ ਨਾਲ ਸਮਝਾਉਂਦਾ ਹੈ ਤਾਂ ਵਿਦਿਆਰਥੀ ਦਾ ਮਨੋਬਲ ਨਹੀਂ ਡਿੱਗਦਾ। ਓਹੀ ਬੱਚਾ ਨਿਰਾਸ਼ਾ ਦੇ ਆਲਮ ਵਿਚੋਂ ਨਿੱਕਲ ਕੇ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਸਮਰਪਿਤ ਹੋ ਜਾਂਦਾ ਹੈ। --ਬੱਚਿਆਂ ਦਾ ਘਰੇਲੂ ਖੁਸ਼ਗਵਾਰ ਮਾਹੌਲ ਨਾ ਹੋਣਾ ਵੀ ਵੱਡਾ ਕਾਰਨ ਹੈ : ਰੂਪ ਲਾਲ ਉੱਘੇ ਸਾਹਿਤਕਾਰ ਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪ ਲਾਲ ਰੂਪ ਸਟੇਟ ਐਵਾਰਡੀ ਨੇ ਕਿਹਾ ਕਿ ਸਕੂਲਾਂ ਤੇ ਘਰਾਂ ਦਾ ਖੁਸ਼ਗਵਾਰ ਵਾਤਾਵਰਨ ਨਾ ਹੋਣਾ ਵੀ ਬੱਚੇ ਦੇ ਜਿਥੇ ਬੌਧਿਕ ਵਿਕਾਸ ਵਿਚ ਵੱਡੀ ਰੁਕਾਵਟ ਹੁੰਦਾ ਹੈ ਉਥੇ ਇਕਹਿਰੇ ਪਰਿਵਾਰਾਂ ਵਿਚ ਕੰਮਕਾਜੀ ਮਾਪੇ ਬੱਚਿਆਂ ਨੂੰ ਸਮਾਂ ਹੀ ਨਹੀਂ ਦੇ ਪਾਉਂਦੇ। ਸਕੂਲਾਂ ਵਿਚ ਬੱਚਿਆਂ ਦੇ ਸਰਵਪੱਖੀ ਵਿਕਾਸ ਦਾ ਮਾਹੌਲ ਨਾ ਹੋਣਾ ਵੀ ਬੱਚੇ ਦੇ ਵਿਕਾਸ ਲਈ ਵੱਡਾ ਅੜਿੱਕਾ ਬਣ ਜਾਂਦਾ ਹੈ। ਉਨਾਂ ਕਿਹਾ ਕਿ ਸਕੂਲਾਂ ਵਿਚ ਬਾਲ ਸਭਾਵਾਂ ਦਾ ਬੰਦ ਹੋ ਜਾਣਾ, ਲਾਇਬ੍ਰੇਰੀ ਤੇ ਸਪੋਰਟਸ ਕਲਚਰ ਨਾ ਰਹਿਣ ਦੇ ਕਾਰਨ ਵੀ ਬੱਚਿਆਂ ਨੂੰ ਜਦੋਂ ਆਪਣੀ ਛੁਪੀ ਪ੍ਰਤਿਭਾ ਨੂੰ ਨਿਖਾਰਨ ਲਈ ਮੰਚ ਤੇ ਮੌਕੇ ਨਹੀਂ ਮਿਲਦੇ ਤਾਂ ਉਹ ਵਿਹਲੇ ਗ਼ਲਤ ਸੰਗਤ ਜਾਂ ਅਪਰਾਧ ਜਗਤ ਦਾ ਹੀ ਸ਼ਿਕਾਰ ਹੋ ਜਾਂਦੇ ਹਨ, ਸੋ ਬੱਚਿਆਂ ਦੇ ਬਿਹਤਰੀਨ ਜਾਂ ਉਜੱਵਲ ਭਵਿੱਖ ਲਈ ਉਨਾਂ ਦਾ ਵਰਤਮਾਨ ਸੰਭਾਲਣਾ ਪਵੇਗਾ। --ਮਾਪੇ ਹੀ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਮਹਿੰਗੇ ਅੰਗਰੇਜ਼ੀ ਮਾਧਿਅਮ ਸਕੂਲ ਚੁਣਦੇ ਹਨ : ਪ੍ਰਭਾਕਰ ਸੇਵਾ ਮੁਕਤ ਲੈਕਚਰਾਰ ਲਖਪਤ ਰਾਏ ਪ੍ਰਭਾਕਰ ਸਟੇਟ ਐਵਾਰਡੀ ਨੇ ਕਿਹਾ ਕਿ ਘਰਾਂ ਵਿਚ ਬੱਚਿਆਂ ਨੂੰ ਧਾਰਮਿਕ ਕਰਮਕਾਂਡ ਤੇ ਫਿਰਕਾਪ੍ਰਸਤੀ ਤੋਂ ਦੂਰ ਰਖਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਸਕੂਲ ਸੰਸਥਾਂ ਵਿਚ ਖੁਲ੍ਹੇ ਮਨ ਨਾਲ ਅਧਿਆਪਕ ਨੂੰ ਤਰਕ ਦੀ ਸਾਣ੍ਹ ਉੱਤੇ ਲਗਾ ਕੇ ਸਮਝ ਸਕੇ। ਸਕੂਲਾਂ ਵਿਚ ਸਿਲੇਬਸ ਅਨੁਸਾਰ ਬੱਚਿਆਂ ਨੂੰ ਹਰ ਧਾਰਮਿਕ, ਸਮਾਜਿਕ ਜਾਂ ਰਾਜਨੀਤਿਕ ਹਸਤੀਆਂ ਬਾਰੇ ਪੜ੍ਹਾਇਆ ਜਾਂਦਾ ਹੈ, ਸੰਪਰਦਾਇਕ ਪਹੁੰਚ ਦੇ ਕਾਰਣ ਕਈ ਵਾਰ ਬੱਚੇ ਘਰੋਂ ਮਿਲੀ ਸਿਖਿਆ ਅਨੁਸਾਰ ਅਸਹਿਮਤੀ ਪ੍ਰਗਟਾਉਂਦੇ ਹੋਏ ਆਪੇ ਤੋਂ ਬਾਹਰ ਵੀ ਹੋ ਸਕਦੇ ਹਨ, ਅਜਿਹੀ ਸਥਿਤੀ ਵਿਚ ਅਧਿਆਪਕ ਦਾ ਵਿਵੇਕ ਤੇ ਗਿਆਨ ਸਥਿਤੀ ਨੂੰ ਕਾਬੂ ਹੀ ਨਹੀਂ ਕਰਦਾ ਬਲਕਿ ਵਿਦਿਆਰਥੀ ਨੂੰ ਸ਼ਾਂਤ ਕਰਕੇ ਹੋਰ ਚੰਗਾ ਸੋਚਣ ਤੇ ਸਮਝਣ ਦੇ ਸਮਰਥ ਬਣਾਉਂਦਾ ਹੈ, ਜੇਕਰ ਅਧਿਆਪਕ ਹੀ ਨਾਂਹਪੱਖੀ ਰਵੱਈਆ ਆਪਣਾ ਕੇ ਵਿਦਿਆਰਥੀ ਨੂੰ ਝਿੜਕਦਾ ਹੈ ਤਾਂ ਸਕੂਲ ਵਿਚ ਫਿਰਕੂ ਤਣਾਅ ਵਧ ਜਾਂਦਾ ਹੈ, ਜਿਸ ਨਾਲ ਧਰਮ ਨਿਰਪੱਖਤਾ ਵਾਲੀ ਸੰਸਥਾ ਇਕ ਅਧਿਆਪਕ ਦੀ ਗਲਤੀ ਕਾਰਣ ਬਦਨਾਮ ਹੋ ਜਾਂਦੀ ਹੈ। ਮਾਪੇ ਹੀ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਮਹਿੰਗੇ ਅੰਗਰੇਜ਼ੀ ਮਾਧਿਅਮ ਸਕੂਲ ਚੁਣਦੇ ਹਨ ਤੇ ਬਾਅਦ ਵਿਚ ਉਸ ਸਕੂਲ ਦੀਆਂ ਫੀਸਾਂ ਤੇ ਪੰਜਾਬੀ ਮਾਧਿਅਮ ਨੂੰ ਨਜ਼ਰਅੰਦਾਜ਼ ਕਰਨ ਦੀਆਂ ਤੋਹਮਤਾਂ ਆਪਾ ਵਿਰੋਧੀ ਹੀ ਸਾਬਤ ਹੁੰਦੀਆਂ ਹਨ।