ਖਰਬੂਜੇ ਤੇ ਹਦਵਾਣੇ ਦੀ ਫਸਲ ਨੂੰ ਸਾਂਭ-ਸੰਭਾਲ ਦੀ ਲੋੜ : ਡਾ. ਗਿੱਲ
ਮੌਸਮੀ ਤਬਦੀਲੀ ਦੇ ਮੱਦੇਨਜ਼ਰ ਖਰਬੂਜੇ ਅਤੇ ਹਦਵਾਣੇ ਦੀ ਫਸਲ ਦੀ ਸਾਂਭ-ਸੰਭਾਲ ਦੀ ਲੋੜ - ਡਿਪਟੀ ਡਾਇਰੈਕਟਰ ਡਾ. ਗਿੱਲ
Publish Date: Sat, 09 May 2026 09:42 PM (IST)
Updated Date: Sat, 09 May 2026 09:44 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਦਲਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਮੌਸਮੀ ਬਦਲਾਅ ਦੇ ਮੱਦੇਨਜ਼ਰ ਖਰਬੂਜੇ ਤੇ ਹਦਵਾਣੇ ਦੀ ਫਸਲ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਜ਼ਿਲ੍ਹੇ ਵਿਚ ਫਸਲ ਦੀ ਸਥਿਤੀ ਤਸੱਲੀਬਖਸ਼ ਹੈ, ਪਰ ਕੁਝ ਥਾਵਾਂ ਤੇ ਪੀਲੇ ਧੱਬਿਆਂ/ਬਲਾਈਟ ਆਦਿ ਦੇ ਰੋਗ ਤੋਂ ਬਚਾਅ ਕਰਨ ਲਈ ਫਸਲ ਨੂੰ 300 ਤੋਂ 600 ਗ੍ਰਾਮ ਇੰਡੋਫਿਲ ਐੱਮ-45 ਜਾਂ ਕਵਚ ਦਵਾਈ ਨੂੰ 100-200 ਲਿਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਤੇ ਛਿੜਕਾਅ ਕਰਨ। ਜੇਕਰ ਬਿਮਾਰੀ ਦਾ ਪ੍ਰਭਾਵ ਜ਼ਿਆਦਾ ਹੋਵੇ, ਤਾਂ 500 ਗ੍ਰਾਮ ਰਿਡੋਮਿਲ ਐੱਮ-ਜ਼ੈੱਡ ਜਾਂ 600 ਗ੍ਰਾਮ ਐਲੀਏਟ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨਾਂ ਦੇ ਵਕਫ਼ੇ ਤੇ ਦੋ ਛਿੜਕਾਅ ਕੀਤੇ ਜਾਣ। ਉਨ੍ਹਾਂ ਸਪੱਸ਼ਟ ਕੀਤਾ ਕਿ ਰਿਡੋਮਿਲ ਦਾ ਛਿੜਕਾਅ ਐੱਮ-45 ਦੀ ਸਪਰੇਅ ਤੋਂ ਬਾਅਦ ਤੀਜੇ ਜਾਂ ਚੌਥੇ ਨੰਬਰ ਤੇ ਹੋਣਾ ਚਾਹੀਦਾ ਹੈ ਤੇ ਇਸ ਦੀ ਵਰਤੋਂ ਫਸਲ ਦੇ ਬਿਲਕੁਲ ਸ਼ੁਰੂਆਤ ਜਾਂ ਅਖੀਰ ਵਿਚ ਨਹੀਂ ਕਰਨੀ ਚਾਹੀਦੀ। ਡਾ. ਗਿੱਲ ਨੇ ਅੱਗੇ ਸਲਾਹ ਦਿੱਤੀ ਕਿ ਕਿਸਾਨ ਫਸਲ ਨੂੰ ਬਹੁਤ ਭਰ ਕੇ ਪਾਣੀ ਨਾ ਲਗਾਉਣ ਤੇ ਪੱਕੇ ਹੋਏ ਫਲਾਂ ਦੀ ਤੁੜਾਈ ਵਿਚ ਬਿਲਕੁਲ ਦੇਰੀ ਨਾ ਕਰਨ। ਜੇਕਰ ਖੇਤ ਵਿਚ ਫਲਾਂ ਦੇ ਫਟਣ (ਕਰੈਕਿੰਗ) ਦੀ ਸਮੱਸਿਆ ਨਜ਼ਰ ਆਵੇ, ਤਾਂ 1 ਗ੍ਰਾਮ ਬੋਰੇਨ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕੀਤੀ ਜਾ ਸਕਦੀ ਹੈ।