ਫਗਵਾੜਾ ’ਚ ਅਣਪਛਾਤੇ ਪ੍ਰਵਾਸੀਆਂ ਤੇ ਸ਼ੱਕੀਆਂ ਦੀ ਵਧਦੀ ਗਿਣਤੀ ਚਿੰਤਾਜਨਕ : ਰਮਨ ਸ਼ਰਮਾ
ਫਗਵਾੜਾ ਵਿੱਚ ਅਣਪਛਾਤੇ ਪ੍ਰਵਾਸੀਆਂ ਅਤੇ ਸ਼ੱਕੀ ਘੁਸਪੈਠੀਆਂ ਦੀ ਵਧਦੀ ਗਿਣਤੀ ਚਿੰਤਾਜਨਕ ਹੈ : ਰਮਨ ਸ਼ਰਮਾ
Publish Date: Sat, 07 Mar 2026 08:38 PM (IST)
Updated Date: Sat, 07 Mar 2026 08:39 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਸ਼ਿਵ ਸੈਨਾ ਯੂਬੀਟੀ ਦੇ ਸ਼ਹਿਰੀ ਪ੍ਰਧਾਨ ਰਮਨ ਸ਼ਰਮਾ ਨੇ ਫਗਵਾੜਾ ਵਿਚ ਅਣਪਛਾਤੇ ਪ੍ਰਵਾਸੀਆਂ ਤੇ ਸ਼ੱਕੀ ਘੁਸਪੈਠੀਆਂ ਦੀ ਵੱਧਦੀ ਗਿਣਤੀ ਤੇ ਚਿੰਤਾ ਪ੍ਰਗਟ ਕੀਤੀ। ਪ੍ਰੈੱਸ ਨੂੰ ਜਾਰੀ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਫਗਵਾੜਾ ਤੇ ਆਸਪਾਸ ਦੇ ਇਲਾਕਿਆਂ ਤੋਂ ਗਊ ਤਸਕਰਾਂ ਦੀਆਂ ਹਾਲ ਹੀ ਵਿਚ ਹੋਈਆਂ ਗ੍ਰਿਫ਼ਤਾਰੀਆਂ ਸਪੱਸ਼ਟ ਤੌਰ ਤੇ ਇਸ ਖੇਤਰ ਵਿਚ ਉਨ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਤੇਜ਼ੀ ਨਾਲ ਵਾਧਾ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਫਗਵਾੜਾ ਦੇ ਨੇੜੇ ਕੋਟ ਗਰੇਵਾਲ ਪਿੰਡ ਦੀ ਹੱਡਾ ਰੋੜੀ ਤੋਂ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਵਿਚੋਂ ਇਕ ਨੇ ਮੰਨਿਆ ਸੀ ਕਿ ਜੇਕਰ ਉਸ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ, ਤਾਂ ਉਹ ਫਗਵਾੜਾ ਵਿਚ ਰਹਿਣ ਵਾਲੇ 25 ਬੰਗਲਾਦੇਸ਼ੀ ਮੁਸਲਮਾਨਾਂ ਨੂੰ ਫੜਨ ਵਿਚ ਪੁਲਿਸ ਦੀ ਮਦਦ ਕਰੇਗਾ। ਇਸ ਘਟਨਾ ਤੋਂ ਸਪੱਸ਼ਟ ਹੁੰਦਾ ਹੈ ਕਿ ਫਗਵਾੜਾ ਵਿਚ ਗੈਰ-ਕਾਨੂੰਨੀ ਤੌਰ ਤੇ ਵਸੇ ਰੋਹਿੰਗਿਆ ਤੇ ਬੰਗਲਾਦੇਸ਼ੀ ਮੁਸਲਮਾਨਾਂ ਨੇ ਵੱਖ-ਵੱਖ ਥਾਵਾਂ ਤੇ ਅੱਡੇ ਸਥਾਪਿਤ ਕਰ ਲਏ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਰਮਨ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਵਿਅਕਤੀ ਸ਼ੱਕੀ ਹਨ ਜੋ ਭਾਰਤੀ ਨਾਗਰਿਕ ਵੀ ਨਹੀਂ ਹਨ। ਭਾਰਤੀ ਨਾਗਰਿਕਤਾ ਐਕਟ 1955 ਦੇ ਅਨੁਸਾਰ, ਇਨ੍ਹਾਂ ਸ਼ੱਕੀਆਂ ਤੋਂ ਨਾਗਰਿਕਤਾ ਦੇ ਠੋਸ ਸਬੂਤ ਪ੍ਰਾਪਤ ਕਰਨ ਤੇ ਇਸਨੂੰ ਰਿਕਾਰਡ ਤੇ ਲਿਆਉਣ ਦੀ ਸਖ਼ਤ ਜ਼ਰੂਰਤ ਹੈ। ਮਾਣਯੋਗ ਹਾਈ ਕੋਰਟ ਤੇ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਰਮਨ ਸ਼ਰਮਾ ਨੇ ਬੰਗਲਾਦੇਸ਼ੀ ਰੋਹਿੰਗਿਆ ਤੇ ਹੋਰ ਅਣਪਛਾਤੇ ਸ਼ੱਕੀਆਂ ਦੀ ਤਸਦੀਕ ਕਰਨ ਦੀ ਮੰਗ ਕੀਤੀ। ਇਸ ਮੁੱਦੇ ਤੇ ਪੁਲਿਸ ਪ੍ਰਸ਼ਾਸਨ ਤੋਂ ਠੋਸ ਕਾਰਵਾਈ ਦੀ ਮੰਗ ਕਰਦੇ ਹੋਏ, ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਰੋਹਿੰਗਿਆ ਤੇ ਬੰਗਲਾਦੇਸ਼ੀ ਮੁਸਲਮਾਨਾਂ ਦੀ ਵੱਧ ਰਹੀ ਆਮਦ ਨੂੰ ਨਹੀਂ ਰੋਕਦਾ ਤੇ ਫਗਵਾੜਾ ਵਿਚ ਪਹਿਲਾਂ ਹੀ ਘੁਸਪੈਠ ਕਰ ਚੁੱਕੇ ਬੰਗਲਾਦੇਸ਼ੀ ਤੇ ਰੋਹਿੰਗਿਆ ਮੁਸਲਮਾਨਾਂ ਦੀ ਪਛਾਣ ਨਹੀਂ ਕਰਦਾ ਤੇ ਉਨ੍ਹਾਂ ਨੂੰ ਬਾਹਰ ਨਹੀਂ ਕੱਢਦਾ, ਤਾਂ ਸ਼ਿਵ ਸੈਨਾ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।