ਪੀ. ਐਮ. ਸ਼੍ਰੀ. ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ 'ਰਾਸ਼ਟਰੀ ਤਕਨਾਲੋਜੀ ਦਿਵਸ ' ਮਨਾਇਆ

ਕੈਪਸ਼ਨ-11ਪੀਐਚਜੀ5 ਸਮਾਗਮ ਦੌਰਾਨ ਸਮੂਹ ਪ੍ਰਬੰਧਕ ਤੇ ਵਿਿਦਆਰਥੀਆਂ ਦੀ ਤਸਵੀਰ।
ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ‘ਰਾਸ਼ਟਰੀ ਤਕਨਾਲੋਜੀ ਦਿਵਸ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅਧਿਆਪਕ ਸਹਿਬਾਨ ਵੱਲੋਂ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਸਹੀ ਤੇ ਸੁਰੱਖਿਅਤ ਉਪਯੋਗ ਲਈ ਪ੍ਰੇਰਿਤ ਕੀਤਾ ਗਿਆ ਤੇ ਮੈਡਮ ਗੁਰਪ੍ਰੀਤ ਕੌਰ ਵੱਲੋਂ ਸਮੂਹ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਸਾਈਬਰ ਸੁਰੱਖਿਆ ਸਬੰਧੀ ਸਹੁੰ ਵੀ ਚੁਕਵਾਈ ਗਈ। ਸਮਾਗਮ ਸਕੂਲ ਇੰਚਾਰਜ ਰਾਜੀਵ ਸੋਨੀ ਦੀ ਅਗਵਾਈ ਹੇਠ ਕੰਪਿਊਟਰ ਅਧਿਆਪਕਾ ਮੈਡਮ ਹਰਮੀਤ ਕੌਰ ਤੇ ਮੈਡਮ ਨਿਸ਼ੀ ਸੈਣੀ ਦੀ ਦੇਖਰੇਖ ਵਿਚ ਕਰਵਾਇਆ ਗਿਆ। ਸਵੇਰ ਦੀ ਵਿਸ਼ੇਸ਼ ਸਭਾ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਹਰ ਸਾਲ 11 ਮਈ ਨੂੰ ਭਾਰਤ ਦੀਆਂ ਵਿਗਿਆਨ ਤੇ ਤਕਨਾਲੋਜੀ ਖੇਤਰ ਸਬੰਧੀ ਉਪਲਬਧੀਆਂ ਨੂੰ ਸਮਰਪਿਤ ਕਰਦਿਆਂ ‘ਨੈਸ਼ਨਲ ਤਕਨਾਲੋਜੀ ਡੇਅ’ ਮਨਾਇਆ ਜਾਂਦਾ ਹੈ। ਅਧਿਆਪਕਾਂ ਵੱਲੋਂ ਸਾਇੰਸ, ਆਈਟੀ, ਸਪੇਸ ਸਾਇੰਸ, ਆਰਟੀਫ਼ਿਸ਼ੀਅਲ ਇੰਟੈਲੀਜੈਂਸ ਤੇ ਸਾਈਬਰ ਸੁਰੱਖਿਆ ਦੇ ਖੇਤਰਾਂ ਵਿਚ ਹੋ ਰਹੀ ਤਰੱਕੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।
ਸਕੂਲ ਇੰਚਾਰਜ ਰਾਜੀਵ ਸੋਨੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਧੁਨਿਕ ਤਕਨਾਲੋਜੀ ਨੇ ਮਨੁੱਖੀ ਜੀਵਨ ਨੂੰ ਬਹੁਤ ਆਸਾਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਕੰਪਿਊਟਰ ਸਿਰਫ਼ ਨਵੀਂ ਤਕਨਾਲੋਜੀ ਵਜੋਂ ਜਾਣੇ ਜਾਂਦੇ ਸਨ, ਪਰ ਅੱਜ ਦੇ ਬੱਚੇ ਜਨਮ ਤੋਂ ਹੀ ਡਿਜੀਟਲ ਯੁੱਗ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਤੇ ਡਿਜੀਟਲ ਟੂਲਜ਼ ਨੇ ਪੜ੍ਹਾਈ, ਸਿੱਖਿਆ ਤੇ ਰੋਜ਼ਾਨਾ ਦੇ ਕੰਮਾਂ ਨੂੰ ਬਹੁਤ ਸੁਖਾਲਾ ਬਣਾਇਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਫ਼ਾਇਦਿਆਂ ਦੇ ਨਾਲ-ਨਾਲ ਇਸ ਦੇ ਨੁਕਸਾਨਾਂ ਬਾਰੇ ਵੀ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਤਕਨਾਲੋਜੀ ਦਾ ਸਹੀ ਤੇ ਸੰਤੁਲਿਤ ਉਪਯੋਗ ਹੀ ਮਨੁੱਖਤਾ ਲਈ ਲਾਹੇਵੰਦ ਹੈ।
ਸਾਇੰਸ ਮਾਸਟਰ ਅਮਨਦੀਪ ਸਿੰਘ ਨੇ ‘ਨੈਸ਼ਨਲ ਤਕਨਾਲੋਜੀ ਡੇਅ’ ਦੇ ਇਤਿਹਾਸ, ਭਾਰਤ ਦੀਆਂ ਤਕਨਾਲੋਜੀ ਖੇਤਰ ਵਿਚ ਪ੍ਰਾਪਤੀਆਂ ਤੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁੱਲ ਕਲਾਮ ਦੇ ਯੋਗਦਾਨ ਬਾਰੇ ਬਹੁਤ ਹੀ ਦਿਲਚਸਪ ਢੰਗ ਨਾਲ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਤਕਨਾਲੋਜੀ ਦੀ ਸੂਝਬੂਝ ਨਾਲ ਵਰਤੋਂ ਕਰਨ ਤੇ ਸਾਈਬਰ ਜਾਗਰੂਕਤਾ ਅਪਣਾਉਣ ਲਈ ਪ੍ਰੇਰਿਤ ਕੀਤਾ। ਜਾਣਕਾਰੀ ਸੈਸ਼ਨ ਦੇ ਅੰਤ ਵਿਚ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਤਕਨਾਲੋਜੀ ਦੇ ਜ਼ਿੰਮੇਵਾਰਾਨਾ ਉਪਯੋਗ ਤੇ ਸਾਈਬਰ ਸੁਰੱਖਿਆ ਸਬੰਧੀ ਸਹੁੰ ਚੁੱਕੀ ਗਈ। ਇਸ ਤੋਂ ਇਲਾਵਾ ਰਾਸ਼ਟਰੀ ਪੱਧਰ ‘ਤੇ ਕਰਵਾਈ ਗਈ ਤਕਨਾਲੋਜੀ ਤੇ ਸਾਈਬਰ ਜਾਗਰੂਕਤਾ ਕੁਇਜ਼ ਵਿਚ ਵੀ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰ ਕੇ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਸੋਨੀਆ, ਗੁਰਪ੍ਰੀਤ ਕੌਰ, ਨਵਜੋਤ ਕਿਰਨ, ਸਤਨਾਮ ਕੌਰ, ਅਨੁਰਾਧਾ ਮੰਡਵਾਲ, ਮਨਪ੍ਰੀਤ ਕੌਰ, ਹਰਸ਼ਵਰਧਨ, ਰਣਬੀਰ ਸਿੰਘ, ਧੀਰਜ ਸ਼ਰਮਾ, ਕਮਲੇਸ਼ ਸੰਧੂ ਤੋਂ ਇਲਾਵਾ ਸਮੂਹ ਸਟਾਫ਼ ਵੀ ਹਾਜ਼ਰ ਸੀ।