ਦੇਸ਼ ’ਚ ਪੈਦਾ ਹੋਈ ਹਫੜਾ-ਦਫੜੀ ਲਈ ਮੋਦੀ ਸਰਕਾਰ ਜ਼ਿੰਮੇਵਾਰ : ਖੁਰਾਣਾ
ਵਿਗੜਦੇ ਅੰਤਰ-ਰਾਸ਼ਟਰੀ ਹਾਲਾਤਾਂ ਵਿਚਕਾਰ ਦੇਸ਼ ਅੰਦਰ ਪੈਦਾ ਹੋਈ ਹਫੜਾ-ਦਫੜੀ ਲਈ ਨਰਿੰਦਰ ਮੋਦੀ ਸਰਕਾਰ ਜ਼ਿੰਮੇਵਾਰ - ਰਣਜੀਤ ਸਿੰਘ ਖੁਰਾਣਾ
Publish Date: Sat, 14 Mar 2026 10:16 PM (IST)
Updated Date: Sat, 14 Mar 2026 10:18 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ (ਬ) ਵਿਧਾਨ ਸਭਾ ਹਲਕਾ ਫਗਵਾੜਾ (ਸ਼ਹਿਰੀ) ਦੇ ਇੰਚਾਰਜ ਰਣਜੀਤ ਸਿੰਘ ਖੁਰਾਣਾ ਸਾਬਕਾ ਡਿਪਟੀ ਮੇਅਰ ਫਗਵਾੜਾ ਤੇ ਕੋਰ ਕਮੇਟੀ ਮੈਂਬਰ ਪੰਜਾਬ ਨੇ ਈਰਾਨ, ਇਜ਼ਰਾਈਲ ਤੇ ਅਮਰੀਕਾ ਵਿਚਕਾਰ ਵਧਦੀ ਜੰਗ ਵਿਚਕਾਰ ਦੇਸ਼ ਅੰਦਰ ਪੈਦਾ ਹੋਈ ਹਫੜਾ-ਦਫੜੀ ਲਈ ਨਰਿੰਦਰ ਮੋਦੀ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਨੇ ਆਮ ਲੋਕਾਂ ਦੀ ਸੁਰੱਖਿਆ ਤੇ ਜ਼ਰੂਰੀ ਵਸਤੂਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੋਈ ਠੋਸ ਤਿਆਰੀ ਨਹੀਂ ਕੀਤੀ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਐੱਲਪੀਜੀ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਲੋਕ ਇਸ ਗੱਲ ਤੋਂ ਚਿੰਤਤ ਹਨ ਕਿ ਜੇਕਰ ਜੰਗ ਦੀ ਸਥਿਤੀ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਉਨ੍ਹਾਂ ਦੇ ਚੁੱਲ੍ਹੇ ਕਿਵੇਂ ਬਲਣਗੇ ਤੇ ਉਹ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰਨਗੇ। ਖੁਰਾਣਾ ਨੇ ਕਿਹਾ ਕਿ ਸਰਕਾਰ ਨੂੰ ਕਾਲਾਬਾਜ਼ਾਰੀ ਰੋਕਣ ਤੇ ਗੈਸ ਦੀ ਪੂਰੀ ਤਰ੍ਹਾਂ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਤੁਰੰਤ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਸੰਸਦ ਵਿਚ ਦਿੱਤੇ ਬਿਆਨ ’ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਮੰਤਰੀ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਅਣਜਾਣ ਜਾਪਦੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਬਾਜ਼ਾਰ ਵਿਚ ਗੈਸ ਸਿਲੰਡਰਾਂ ਤੇ ਪੈਟਰੋਲ-ਡੀਜ਼ਲ ਨੂੰ ਲੈ ਕੇ ਜਨਤਾ ਵਿਚ ਭੰਬਲਭੂਸਾ ਹੈ, ਜਦੋਂ ਕਿ ਦੂਜੇ ਪਾਸੇ ਮੰਤਰੀ ਦਾਅਵਾ ਕਰ ਰਹੇ ਹਨ ਕਿ ਦੇਸ਼ ਵਿਚ ਇਨ੍ਹਾਂ ਦਾ ਕਾਫ਼ੀ ਸਟਾਕ ਹੈ। ਖੁਰਾਣਾ ਨੇ ਪੁੱਛਿਆ ਕਿ ਜੇਕਰ ਸੱਚਮੁੱਚ ਕਾਫ਼ੀ ਸਟਾਕ ਹਨ, ਤਾਂ ਬਾਜ਼ਾਰ ਵਿਚ ਕਾਲਾਬਾਜ਼ਾਰੀ ਕਿਉਂ ਹੋ ਰਹੀ ਹੈ ਤੇ ਆਮ ਲੋਕਾਂ ਨੂੰ ਸਮੇਂ ਸਿਰ ਗੈਸ ਕਿਉਂ ਨਹੀਂ ਮਿਲ ਰਹੀ? ਉਨ੍ਹਾਂ ਕਿਹਾ ਕਿ ਪੈਟਰੋਲੀਅਮ ਮੰਤਰੀ ਦਾ ਬਿਆਨ ਪੂਰੀ ਤਰ੍ਹਾਂ ਬੇਤੁਕਾ ਤੇ ਅਸਲ ਸਥਿਤੀ ਤੋਂ ਪਰੇ ਹੈ। ਸਰਕਾਰੀ ਮੰਤਰੀ ਖੁਦ ਅਜਿਹੇ ਬਿਆਨ ਦੇ ਕੇ ਜਨਤਾ ਵਿਚ ਭੰਬਲਭੂਸਾ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅੰਤਰਰਾਸ਼ਟਰੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲਾਂ ਤੋਂ ਹੀ ਇਕ ਠੋਸ ਰਣਨੀਤੀ ਤਿਆਰ ਕਰਨੀ ਚਾਹੀਦੀ ਸੀ, ਤਾਂ ਜੋ ਦੇਸ਼ ਵਿਚ ਬਾਲਣ ਤੇ ਗੈਸ ਵਰਗੀਆਂ ਜ਼ਰੂਰੀ ਵਸਤੂਆਂ ਦੀ ਕੋਈ ਕਮੀ ਨਾ ਹੋਵੇ।