ਸੁਲਤਾਨਪੁਰ ਲੋਧੀ ’ਚ ਨਗਰ ਕੌਂਸਲ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ
ਸੁਲਤਾਨਪੁਰ ਲੋਧੀ ’ਚ ਨਗਰ ਕੌਂਸਲ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ
Publish Date: Tue, 26 May 2026 07:53 PM (IST)
Updated Date: Wed, 27 May 2026 04:10 AM (IST)

ਗਰਮੀ ਦੇ ਬਾਵਜੂਦ ਲੋਕਾਂ ਵਿਖਾਇਆ ਭਾਰੀ ਉਤਸ਼ਾਹ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਸਮੁੱਚੇ ਪੰਜਾਬ ਅੰਦਰ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀ ਹੋ ਰਹੀ ਫ੍ਹ ਚੋਣ ਦੌਰਾਨ ਅੱਜ ਸੁਲਤਾਨਪੁਰ ਲੋਧੀ ਚ ਵੀ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਤੇ ਸ਼ਾਂਤੀ ਪੂਰਵਕ ਸੰਪੰਨ ਹੋ ਗਿਆ। ਅੱਜ ਸਵੇਰੇ 8 ਵਜੇ ਸ਼ੁਰੂ ਹੋਇਆ ਵੋਟਾਂ ਪਾਉਣ ਦਾ ਸਿਲਸਿਲਾ ਸ਼ੁਰੂਆਤੀ ਸਮੇਂ ਵਿੱਚ ਤੇਜ ਰਿਹਾ ਪ੍ਰੰਤੂ 11 ਵਜੇ ਤੋਂ ਬਾਅਦ ਇਹ ਸਿਲਸਿਲਾ ਗਰਮੀ ਜ਼ਿਆਦਾ ਹੋਣ ਨਾਲ ਘਟਣਾ ਸ਼ੁਰੂ ਹੋ ਗਿਆ ਅਤੇ ਸ਼ਾਮ ਸਮੇਂ ਦੁਬਾਰਾ ਫਿਰ ਲੋਕਾਂ ਵਿਚ ਥੋੜ੍ਹੀ ਤੇਜੀ ਦਰਜ ਕੀਤੀ ਗਈ ਸ਼ਾਮ 5 ਵਜੇ ਤੱਕ 70 ਪ੍ਰਤੀਸ਼ਤ ਪੋਲਿੰਗ ਹੋ ਚੁੱਕੀ ਸੀ। ਨਗਰ ਕੌਂਸਲ ਦੇ 13 ਵਾਰਡਾਂ ਵਾਸਤੇ ਹੋ ਰਹੀ ਕੌਂਸਲਰਾਂ ਦੀ ਚੋਣ ਦੌਰਾਨ ਇਸ ਵਾਰੀ ਮੁਕਾਬਲਾ ਬੇਹੱਦ ਫਸਵਾਂ ਤੇ ਰੋਮਾਂਚਕਾਰੀ ਲੱਗ ਰਿਹਾ ਹੈ। ਜਿੱਤ ਕਿਸ ਨੂੰ ਨਸੀਬ ਹੁੰਦੀ ਹੈ ਇਹ ਤਾਂ 29 ਜੂਨ ਨੂੰ ਨਤੀਜੇ ਆਉਣ ਤੇ ਹੀ ਪਤਾ ਲੱਗੇਗਾ। ਇਸ ਵਾਰ ਵੋਟਰ ਬੇਹੱਦ ਖਾਮੋਸ਼ ਸੀ ਅਤੇ ਕਿਸ ਪਾਰਟੀ ਦੇ ਹੱਕ ’ਚ ਜ਼ਿਆਦਾ ਵੋਟਾਂ ਭੁਗਤੀਆਂ ਇਹ ਤਾਂ ਗਿਣਤੀ ਉਪਰੰਤ ਹੀ ਪਤਾ ਲੱਗੇਗਾ। ਕਾਂਗਰਸ ਪਾਰਟੀ, ਅਜਾਦ ਉਮੀਦਵਾਰ, ਅਕਾਲੀ ਦਲ,ਆਮ ਆਦਮੀ ਪਾਰਟੀ, ਭਾਜਪਾ ਤੇ ਬਸਪਾ ਦੇ ਉਮੀਦਵਾਰ ਆਪੋ ਆਪਣੀ ਜਿੱਤ ਲਈ ਆਸਵੰਦ ਹਨ। ਨਗਰ ਕੌਂਸਲ ਚੋਣਾਂ ਦੌਰਾਨ ਸੁਲਤਾਨਪੁਰ ਲੋਧੀ ਚ ਇਸ ਵਾਰ ਸ਼ਰਾਬ ਤੇ ਪੈਸਾ ਵੰਡਣ ਦੀਆਂ ਅਫਵਾਹਾਂ ਦਾ ਬਜ਼ਾਰ ਪੂਰੀ ਤਰ੍ਹਾਂ ਨਾਲ ਗਰਮ ਰਿਹਾ। ਚੋਣ ਕਮਿਸ਼ਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਚੋਣਾਂ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਤੇ ਹਰ ਪਾਸੇ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਸੀ। 13 ਵਾਰਡਾਂ ਵਿਚ ਹੋਈਆਂ ਚੋਣਾਂ ਦੌਰਾਨ 1-2 ਵਾਰਡਾਂ ਵਿਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਬਾਕੀ ਵਾਰਡਾਂ ਵਿਚ ਮਹੌਲ ਸ਼ਾਂਤਮਈ ਰਿਹਾ। ਨਗਰ ਕੌਂਸਲ ਚੋਣਾਂ ਦੌਰਾਨ ਭਾਰੀ ਗਰਮੀ ਦੇ ਬਾਵਜੂਦ ਵੋਟਾਂ ਪਾਉਣ ਵਿੱਚ ਲੋਕਾਂ ਵੱਲੋਂ ਭਾਰੀ ਉਤਸ਼ਾਹ ਵਿਖਾਇਆ ਗਿਆ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਬਹੁਤ ਖੁਸ਼ ਦਿਖਾਈ ਦੇ ਰਹੇ ਸਨ ਅਤੇ ਨੌਜਵਾਨਾਂ ਨੇ ਕਾਫੀ ਉਤਸ਼ਾਹ ਵਿਖਾਇਆ। ਚੋਣ ਕਮਿਸ਼ਨ ਵੱਲੋਂ ਚੋਣ ਅਮਲਾ, ਸਟਾਫ ਵੱਲੋਂ ਬਾਖੂਬੀ ਡਿਊਟੀ ਨਿਭਾਈ ਗਈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਦਿਵਯਾਂਗ ਨੂੰ ਵੋਟ ਪਾਉਣ ਲਈ ਪ੍ਰਸ਼ਾਸਨ ਵੱਲੋਂ ਪੋਲਿੰਗ ਬੂਥ ਤੇ ਵੀਲ ਚੇਅਰ ਤੇ ਚੋਣ ਸਹਾਇਕਾਂ ਦੀ ਮਦਦ ਨਾਲ ਕੀਤੇ ਗਏ ਪ੍ਰਬੰਧਾਂ ਤੇ ਕਈ ਦਿਵਿਆਗਾਂ ਨੇ ਪੋਲਿੰਗ ਬੂਥ ਤੇ ਜਾ ਕੇ ਵੋਟਾਂ ਪਾਈਆਂ। ਭਾਵੇਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਬਜ਼ੁਰਗਾਂ ਨੂੰ ਘਰ ਤੋਂ ਹੀ ਵੋਟ ਪਾਉਣ ਦੀ ਸਹੂਲਤ ਉਪਲਬਧ ਕਰਵਾਈ ਗਈ ਸੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣ ਅਮਲੇ ਦੀਆਂ ਟੀਮਾਂ ਵੱਲੋਂ ਸ਼ਹਿਰ ਅੰਦਰ ਸਮੂਹ ਵਾਰਡਾਂ ਤੇ ਪੂਰੀ ਮੁਸਤੈਦੀ ਵਿਖਾਈ ਗਈ ਅਤੇ ਸਮੁੱਚੀਆਂ ਟੀਮਾਂ ਪੂਰੇ ਅਲਰਟ ਤੇ ਰਹੀਆ ਫਿਰ ਵੀ ਕੁਝ ਬੂਥਾਂ ਤੇ ਵੋਟਾਂ ਪਾਉਣ ਦੀ ਰਫਤਾਰ ਮੱਠੀ ਰਹੀ ਜਿਸ ਕਾਰਨ ਵੋਟਰਾਂ ਨੂੰ ਭਰ ਗਰਮੀ ਵਿੱਚ ਲੰਮਾ ਇੰਤਜ਼ਾਰ ਕਰਨਾ ਪਿਆ ।