ਨਗਰ ਨਿਗਮ ਦੀ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਹੋ ਰਹੀ ਫੇਲ੍ਹ : ਰਮਨ ਸ਼ਰਮਾ
ਨਗਰ ਨਿਗਮ ਦੀ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਹੋ ਰਹੀ ਫੇਲ : ਰਮਨ ਸ਼ਰਮਾ
Publish Date: Wed, 29 Apr 2026 07:29 PM (IST)
Updated Date: Thu, 30 Apr 2026 04:14 AM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਫਗਵਾੜਾ ਨਗਰ ਨਿਗਮ ਦੀ ਨਾਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਨੂੰ ਪੂਰੀ ਤਰ੍ਹਾਂ ਅਸਫਲ ਕਰਾਰ ਦਿੰਦੇ ਹੋਏ, ਸ਼ਿਵ ਸੈਨਾ ਯੂਬੀਟੀ ਸ਼ਹਿਰ ਦੇ ਪ੍ਰਧਾਨ ਰਮਨ ਸ਼ਰਮਾ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਇਸ ਮੁਹਿੰਮ ਦਾ ਜ਼ਮੀਨ ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਦੇ ਆਧਾਰ ਤੇ, ਨਗਰ ਨਿਗਮ ਦੇ ਅਧਿਕਾਰੀ ਕਦੇ-ਕਦੇ ਕੁਝ ਦੁਕਾਨਦਾਰਾਂ ਅਤੇ ਫੇਰੀਆਂ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਨਜਰ ਆਉਂਦੇ ਹਨ, ਜਦੋਂ ਕਿ ਉਨ੍ਹਾਂ ਵਲੋਂ ਆਪਣੇ ਚਹੇਤਿਆਂ ਨੂੰ ਬਖਸ਼ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਵਿੱਚ ਨੈਸ਼ਨਲ ਹਾਈਵੇਅ ਤੇ ਪੁਲ ਦੇ ਹੇਠਾਂ ਬੱਸ ਸਟੈਂਡ ਦੇ ਸਾਹਮਣੇ ਵੱਖ-ਵੱਖ ਲੋਕਾਂ ਵੱਲੋਂ ਤੇਜ਼ ਰਫ਼ਤਾਰ ਨਾਲ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ, ਜਦੋਂ ਕਿ ਪ੍ਰਸ਼ਾਸਨ ਕੁੰਭਕਰਨ ਵਾਂਗ ਸੁੱਤਾ ਪਿਆ ਹੈ। ਬੱਸ ਸਟੈਂਡ ਤੋਂ ਗੋਲ ਚੌਕ ਤੱਕ, ਲੋਕਾਂ ਨੇ ਪੁਲ ਦੇ ਹੇਠਾਂ ਜ਼ਮੀਨ ਤੇ ਨਾਜਾਇਜ਼ ਕਬਜ਼ੇ ਕੀਤੇ ਹਨ, ਜਿਸ ਨਾਲ ਉੱਥੇ ਇੱਕ ਬਾਜ਼ਾਰ ਬਣ ਗਿਆ ਹੈ। ਇਸ ਤੋਂ ਇਲਾਵਾ, ਥ੍ਰੀ-ਵ੍ਹੀਲਰ ਅਤੇ ਟੈਕਸੀ ਡਰਾਈਵਰਾਂ ਨੇ ਵੀ ਵੱਖ-ਵੱਖ ਥਾਵਾਂ ਤੇ ਆਪਣੇ ਸਾਈਨਬੋਰਡ ਲਗਾ ਕੇ ਸਟੈਂਡ ਬਣਾਏ ਹਨ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਾਰਨ ਕਰੋੜਾਂ ਰੁਪਏ ਦੀ ਲਾਗਤ ਨਾਲ ਪੁਲ ਦੇ ਹੇਠਾਂ ਬਣੀ ਹਰੀ ਪੱਟੀ ਨੂੰ ਵੀ ਢਾਹਿਆ ਜਾ ਰਿਹਾ ਹੈ। ਗੋਲ ਚੌਕ ਤੇ ਪੁਲ ਦੇ ਹੇਠਾਂ ਮੁੱਖ ਚੌਰਾਹੇ ਤੇ ਵੀ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਇਹ ਨਾਜਾਇਜ਼ ਕਬਜ਼ੇ ਸਮਾਜ ਵਿਰੋਧੀ ਤੱਤਾਂ ਨੂੰ ਆਸਾਨੀ ਨਾਲ ਕੋਈ ਵੀ ਗ਼ੈਰ-ਕਾਨੂੰਨੀ ਗਤੀਵਿਧੀ ਕਰਨ ਵਿੱਚ ਸਹਿਯੋਗ ਦਿੰਦੇ ਹਨ। ਉਨ੍ਹਾਂ ਨਿਗਮ ਦੇ ਅਧਿਕਾਰੀਆਂ ਤੇ ਮੇਅਰ ਤੋਂ ਮੰਗ ਕੀਤੀ ਹੈ ਕਿ ਸਾਰੇ ਬਾਜ਼ਾਰਾਂ ’ਚ ਪੀਲੀਆਂ ਲਾਈਨਾਂ ਖਿੱਚੀਆਂ ਜਾਣ ਤੇ ਪੀਲੀਆਂ ਲਾਈਨਾਂ ਦੀ ਪਾਲਣਾ ਨਾ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਰਾਤ ਨੂੰ ਕੰਮ ਕਰਨ ਵਾਲੇ ਦੁਕਾਨਦਾਰਾਂ ਦੀ ਜਾਂਚ ਕੀਤੀ ਜਾਵੇ ਕਿ ਕੀ ਉਨ੍ਹਾਂ ਕੋਲ ਰਾਤ ਨੂੰ ਕੰਮ ਕਰਨ ਦਾ ਲਾਇਸੈਂਸ ਹੈ।