ਜਨਤਕ ਨਾਲਿਆਂ ਨੂੰ ਛੱਤਣ ਜਾਂ ਕਵਰ ਕਰਨ ਵਾਲਿਆਂ ਨੂੰ ਅਲਟੀਮੇਟਮ
ਨਿਗਮ ਕਮਿਸ਼ਨਰ ਨੇ ਜਨਤਕ ਨਾਲਿਆਂ ਨੂੰ ਛੱਤਣ ਜਾਂ ਕਵਰ ਕਰਨ ਵਾਲਿਆਂ ਨੂੰ ਦਿੱਤਾ ਸੱਤ ਦਿਨਾਂ ਦਾ ਅਲਟੀਮੇਟਮ
Publish Date: Sat, 06 Sep 2025 06:45 PM (IST)
Updated Date: Sat, 06 Sep 2025 06:46 PM (IST)

ਵਿਜੇ ਸੋਨੀ ਪੰਜਾਬੀ ਜਾਗਰਣ, ਫਗਵਾੜਾ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਨੇ ਜਨਤਕ ਨਾਲਿਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਛਤਣ ਜਾਂ ਕਵਰ ਕਰਨ ’ਤੇ ਸਖਤ ਨਿਰਦੇਸ਼ ਦਿੰਦਿਆਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਕਵਰ ਕੀਤੇ ਜਨਤਕ ਨਾਲਿਆਂ ਨੂੰ ਖਾਲੀ ਕਰ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਦੁਕਾਨਦਾਰਾਂ ’ਤੇ ਸਖਤ ਕਾਰਵਾਈ ਹੋਵੇਗੀ। ਡਾਕਟਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਬੰਗਾ ਰੋਡ ਤੇ ਸਰਾਏ ਰੋਡ ’ਤੇ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਸਾਹਮਣੇ ਬਣੇ ਜਨਤਕ ਨਾਲਿਆਂ ਨੂੰ ਸਲੈਬਾਂ ਛੱਤਾਂ ਜਾਂ ਹੋਰ ਬਨਾਵਟਾਂ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਕਵਰ ਕੀਤਾ ਹੋਇਆ ਹੈ। ਇਸ ਕਾਰਨ ਸਾਫ ਸਫਾਈ ਦੇ ਕਾਰਜਾਂ ਵਿੱਚ ਕਾਫੀ ਰੁਕਾਵਟ ਪੈਦਾ ਹੋ ਰਹੀ ਹੈ। ਜੇਕਰ ਦੁਕਾਨਦਾਰ ਕਵਰ ਕੀਤੇ ਨਾਲਿਆਂ ਨੂੰ ਨਹੀਂ ਹਟਾਉਂਦੇ ਤਾਂ ਉਨ੍ਹਾਂ ਤੇ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੀਆਂ ਧਾਰਾਵਾਂ 224,214,243, (1) (ਬੀ) 323 ਅਧੀਨ ਕਾਰਵਾਈ ਹੋ ਸਕਦੀ ਹੈ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਨਾਲਿਆਂ ਦੀ ਸਫਾਈ ਅਤੇ ਗੰਦਗੀ ਕੱਢਣ ਦਾ ਕੰਮ ਸਹੀ ਢੰਗ ਨਾਲ ਨਹੀਂ ਹੋ ਸਕਦਾ ਜਦੋਂ ਤੱਕ ਇਹ ਨਾਲੇ ਕਵਰ ਕੀਤੇ ਗਏ ਹਨ। ਬਰਸਾਤ ਦੌਰਾਨ ਕੁਦਰਤੀ ਪਾਣੀ ਦੀ ਨਿਕਾਸੀ ਵਿੱਚ ਵਿਘਨ ਪੈਦਾ ਹੁੰਦਾ ਹੈ ਅਤੇ ਪਾਣੀ ਬਾਹਰ ਸੜਕਾਂ ’ਤੇ ਭਰ ਜਾਂਦਾ ਹੈ। ਸੜਕਾਂ ’ਤੇ ਪਾਣੀ ਭਰਨ ਨਾਲ ਸੜਕਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ ਅਤੇ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਅਕਸ ’ਤੇ ਵੀ ਨਕਰਾਤਮਕ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਸਖਤ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਆਪਣੀਆਂ ਦੁਕਾਨਾਂ ਸਾਹਮਣੇ ਨਾਲਿਆਂ ਉੱਤੇ ਕੀਤੇ ਗਏ ਗੈਰ ਕਾਨੂੰਨੀ ਕਬਰ ਨੂੰ ਸੱਤ ਦਿਨਾਂ ਦੇ ਅੰਦਰ ਹਟਾਓ ਜਾਂ ਠੀਕ ਕਰਵਾਓ ਤਾਂ ਜੋ ਨਗਰ ਨਿਗਮ ਇਨ੍ਹਾਂ ਦੀ ਸਫਾਈ ਅਤੇ ਰੱਖ-ਰਖਾਓ ਨਿਰਵਿਘਨ ਤਰੀਕੇ ਨਾਲ ਕਰ ਸਕੇ। ਉਨ੍ਹਾਂ ਕਿਹਾ ਕਿ ਜੇਕਰ ਨਿਤਧਾਰਿਤ ਸੱਤ ਦਿਨਾਂ ਵਿੱਚ ਦੁਕਾਨਦਾਰਾਂ ਨੇ ਇਨ੍ਹਾਂ ਨਾਲਿਆਂ ਦੇ ਕਵਰ ਨਹੀਂ ਹਟਾਏ ਤਾਂ ਦੁਕਾਨਦਾਰਾਂ ਤੇ ਸਖਤ ਕਾਰਵਾਈ ਕਰਦੇ ਹੋਏ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।