ਮਾਤਾ ਭੱਦਰਕਾਲੀ ਮੇਲੇ ਦੀ ਸ਼ੋਭਾ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਸਰਗਰਮ
79ਵੇਂ ਮਾਤਾ ਭੱਦਰਕਾਲੀ ਮੇਲੇ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਸਰਗਰਮ, ਸ਼ੋਭਾ ਯਾਤਰਾ ਮਾਰਗ ਤੋਂ ਚੁਕਵਾਇਆ ਗਿਆ ਕੂੜਾ
Publish Date: Mon, 11 May 2026 09:58 PM (IST)
Updated Date: Mon, 11 May 2026 10:00 PM (IST)

ਸ਼ਰਧਾਲੂਆਂ ਦੀ ਸਹੂਲਤ ਤੇ ਸਫ਼ਾਈ ਸਾਡੀ ਪਹਿਲ : ਕਮਿਸ਼ਨਰ ਸ਼ੋਭਾ ਯਾਤਰਾ ਮਾਰਗ ਤੋਂ ਚੁਕਵਾਇਆ ਗਿਆ ਕੂੜਾ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : 79ਵੇਂ ਸਲਾਨਾ ਮਾਤਾ ਭੱਦਰਕਾਲੀ ਮੇਲੇ ਤੇ 12 ਮਈ ਨੂੰ ਨਿਕਲਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਇਆ। ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਦੀ ਪਹਿਲ ’ਤੇ ਸੋਮਵਾਰ ਨੂੰ ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਪ੍ਰਧਾਨ ਗੋਪਾਲ ਥਾਪਰ ਦੀ ਸਹਿਮਤੀ ਨਾਲ ਸ਼ੋਭਾ ਯਾਤਰਾ ਮਾਰਗ ’ਤੇ ਕਈ ਦਿਨਾਂ ਤੋਂ ਪਏ ਕੂੜੇ ਦੇ ਢੇਰਾਂ ਨੂੰ ਵਿਸ਼ੇਸ਼ ਮੁਹਿੰਮ ਚਲਾ ਕੇ ਚੁਕਵਾਇਆ ਗਿਆ। ਨਗਰ ਨਿਗਮ ਦੀਆਂ ਟੀਮਾਂ ਵੱਲੋਂ ਸਵੇਰੇ ਤੋਂ ਹੀ ਸ਼ਹਿਰ ਦੇ ਮੁੱਖ ਮਾਰਗਾਂ ਸ਼ਾਲੀਮਾਰ ਬਾਗ ਰੋਡ, ਸਤਿਆ ਨਾਰਾਇਣ ਬਾਜ਼ਾਰ, ਭਗਤ ਸਿੰਘ ਚੌਂਕ, ਪੁਰਾਣੀ ਕਚਹਿਰੀ ਚੌਂਕ, ਚਾਰਬੱਤੀ ਚੌਂਕ, ਮਸਜਿਦ ਚੌਂਕ ਤੇ ਹੋਰ ਇਲਾਕਿਆਂ ਵਿਚ ਸਫ਼ਾਈ ਮੁਹਿੰਮ ਚਲਾਈ ਗਈ। ਸਫ਼ਾਈ ਕਰਮਚਾਰੀਆਂ ਵੱਲੋਂ ਸੜਕਾਂ ਦੇ ਕਿਨਾਰੇ ਪਿਆ ਕੂੜਾ ਚੁੱਕਿਆ ਗਿਆ ਤੇ ਸ਼ੋਭਾ ਯਾਤਰਾ ਮਾਰਗ ਨੂੰ ਸਾਫ਼-ਸੁਥਰਾ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਕਿਹਾ ਕਿ ਮਾਤਾ ਭੱਦਰਕਾਲੀ ਦਾ ਇਤਿਹਾਸਕ ਮੇਲਾ ਸ਼ਹਿਰ ਦੀ ਧਾਰਮਿਕ ਤੇ ਸੱਭਿਆਚਾਰਕ ਪਹਿਚਾਣ ਹੈ ਤੇ ਮੇਲੇ ਨੂੰ ਸ਼ਾਂਤੀਪੂਰਨ, ਸਾਫ਼-ਸੁਥਰੇ ਤੇ ਸੁਚੱਜੇ ਢੰਗ ਨਾਲ ਸੰਪੰਨ ਕਰਵਾਉਣਾ ਪ੍ਰਸ਼ਾਸਨ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਲੱਖਾਂ ਸ਼ਰਧਾਲੂ ਮਾਤਾ ਰਾਣੀ ਦੇ ਦਰਸ਼ਨਾਂ ਲਈ ਪਹੁੰਚਦੇ ਹਨ, ਇਸ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ, ਇਸ ਲਈ ਨਿਗਮ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਨਿਗਮ ਦੀਆਂ ਟੀਮਾਂ ਮੇਲੇ ਦੌਰਾਨ ਲਗਾਤਾਰ ਫੀਲਡ ਵਿਚ ਮੌਜੂਦ ਰਹਿਣਗੀਆਂ ਤੇ ਲੋੜ ਪੈਣ ’ਤੇ ਵਾਧੂ ਕਰਮਚਾਰੀ ਵੀ ਤਾਇਨਾਤ ਕੀਤੇ ਜਾਣਗੇ। ਕਮਿਸ਼ਨਰ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਦੀ ਮਰਿਆਦਾ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਤੇ ਸ਼ਹਿਰ ਨੂੰ ਸਾਫ਼ ਰੱਖਣਾ ਵੀ ਉਤਨਾ ਹੀ ਜ਼ਰੂਰੀ ਹੈ। ਇਸ ਦੌਰਾਨ ਕਮਿਸ਼ਨਰ ਨੇ ਮੇਲੇ ਵਿਚ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਤੇ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਲਾਸਟਿਕ ਦੇ ਬਰਤਨਾਂ ਤੇ ਡਿਸਪੋਜ਼ੇਬਲ ਸਮੱਗਰੀ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਪੱਤਲਾਂ ਤੇ ਵਾਤਾਵਰਣ ਅਨੁਕੂਲ ਸਮੱਗਰੀ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਮੇਲੇ ਦੌਰਾਨ ਸਫ਼ਾਈ ਬਣੀ ਰਹੇ ਤੇ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤੇ ਮੇਲੇ ਦੌਰਾਨ ਸਫ਼ਾਈ ਪ੍ਰਬੰਧ ਬਣਾਈ ਰੱਖਣ ਲਈ ਵਿਸ਼ੇਸ਼ ਨਿਗਰਾਨੀ ਕੀਤੀ ਜਾਵੇਗੀ। ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਪ੍ਰਧਾਨ ਗੋਪਾਲ ਥਾਪਰ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਦੀ ਮਹੱਤਤਾ ਨੂੰ ਦੇਖਦਿਆਂ ਸਫ਼ਾਈ ਕਰਮਚਾਰੀਆਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ, ਤਾਂ ਜੋ ਸ਼ਹਿਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਪੀਏ ਟੂ ਕਮਿਸ਼ਨਰ ਪੁਨੀਤ ਧਵਨ, ਐੱਸਓ ਤਰਲੋਚਨ ਸਿੰਘ ਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।