ਆਜ਼ਾਦ ਯੂਥ ਕਲੱਬ ਫਗਵਾੜਾ ਨੇ ਐੱਮਪੀ ਡਾ. ਚੱਬੇਵਾਲ ਨਾਲ ਕੀਤੀ ਮੁਲਾਕਾਤ
ਆਜ਼ਾਦ ਯੂਥ ਕਲੱਬ ਫਗਵਾੜਾ ਦੇ ਮੈਂਬਰਾਂ ਨਾਲ ਐਮਪੀ ਡਾ. ਰਾਜਕੁਮਾਰ ਚੱਬੇਵਾਲ ਦੀ ਮੁਲਾਕਾਤ
Publish Date: Sat, 09 May 2026 09:59 PM (IST)
Updated Date: Sat, 09 May 2026 10:00 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ ਨੇ ਆਜ਼ਾਦ ਯੂਥ ਕਲੱਬ ਫਗਵਾੜਾ ਦੇ ਮੈਂਬਰਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਕਲੱਬ ਦੇ ਨੌਜਵਾਨਾਂ ਵੱਲੋਂ ਇਲਾਕੇ ਦੇ ਸਮਾਜਿਕ ਤੇ ਵਿਕਾਸ ਦੇ ਮਸਲਿਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਡਾ. ਚੱਬੇਵਾਲ ਨੇ ਨੌਜਵਾਨਾਂ ਦੀ ਭੂਮਿਕਾ ਨੂੰ ਸਮਾਜ ਦੀ ਤਰੱਕੀ ਲਈ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਯੂਥ ਕਲੱਬਾਂ ਵੱਲੋਂ ਕੀਤੀਆਂ ਜਾ ਰਹੀਆਂ ਸਮਾਜ ਸੇਵਾ ਦੀਆਂ ਗਤੀਵਿਧੀਆਂ ਸ਼ਲਾਘਾਯੋਗ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਤੇ ਨਸ਼ਾ ਮੁਕਤੀ ਮੁਹਿੰਮਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਹਲਕੇ ਵਿਚ ਲੋਕ ਭਲਾਈ ਤੇ ਵਿਕਾਸ ਦੇ ਕੰਮਾਂ ਨੂੰ ਲਗਾਤਾਰ ਅੱਗੇ ਵਧਾਉਣ ਲਈ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਪ੍ਰਧਾਨ ਗੁਰਸ਼ਰਨ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਪ੍ਰਧਾਨ ਗੁਰਸ਼ਰਨ ਸਿੰਘ ਨੇ ਕਿਹਾ ਕਿ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਫਗਵਾੜਾ ਹਲਕੇ ਵਿਚ ਸਿੱਖਿਆ, ਸਿਹਤ, ਸੜਕਾਂ ਤੇ ਹੋਰ ਬੁਨਿਆਦੀ ਸਹੂਲਤਾਂ ਲਈ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਾ. ਚੱਬੇਵਾਲ ਹਮੇਸ਼ਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਸੁਣਦੇ ਹਨ ਤੇ ਉਨ੍ਹਾਂ ਦੇ ਹੱਲ ਲਈ ਵਚਨਬੱਧ ਰਹਿੰਦੇ ਹਨ। ਸਮਾਜ ਸੇਵਾ ਪ੍ਰਤੀ ਉਨ੍ਹਾਂ ਦੀ ਲਗਨ ਤੇ ਇਮਾਨਦਾਰ ਕਾਰਜਸ਼ੈਲੀ ਕਰਕੇ ਲੋਕਾਂ ਵਿਚ ਉਨ੍ਹਾਂ ਲਈ ਵੱਡਾ ਸਤਿਕਾਰ ਹੈ। ਇਸ ਮੌਕੇ ਕਲੱਬ ਮੈਂਬਰਾਂ ਨੇ ਕੇਕ ਕੱਟ ਕੇ ਐੱਮਪੀ ਡਾ. ਚੱਬੇਵਾਲ ਦਾ ਜਨਮਦਿਨ ਮਨਾਇਆ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਨੇ ਪ੍ਰਧਾਨ ਗੁਰਸ਼ਰਨ ਸਿੰਘ ਤੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹਲਕੇ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਤੇ ਲੋਕਾਂ ਦੀ ਸੇਵਾ ਨੂੰ ਆਪਣਾ ਫਰਜ਼ ਸਮਝਦੇ ਹਨ। ਇਸ ਮੌਕੇ ਪ੍ਰਧਾਨ ਗੁਰਸ਼ਰਨ ਸਿੰਘ, ਅਮਰ ਬੱਲ, ਸੁਖਦੇਵ ਸਿੰਘ ਗੋਲਡੀ, ਹੈਰੀ, ਦਵਿੰਦਰ ਸਿੰਘ ਲਾਡੀ, ਬਲਜੀਤ ਸਿੰਘ ਬੱਲੀ, ਕਾਕੂ ਸ਼ਰਮਾ, ਅਰਵਿੰਦ, ਡਾ. ਖਲਵਾੜਾ, ਚਰਨਜੀਤ ਸਿੰਘ ਭਾਟੀਆ, ਸਤਨਾਮ ਸਿੰਘ, ਜਤਿੰਦਰ ਸਿੰਘ ਇੰਦਰ ਮੋਟਰ ਗੈਰੇਜ, ਅਮਨ, ਅਮਰ ਸੈਣੀ, ਦਵਿੰਦਰ ਸਿੰਘ ਲਾਡੀ, ਗੈਵਿਨ, ਜਸਪਾਲ ਸਿੰਘ ਆਦਿ ਹਾਜ਼ਰ ਸਨ।