ਡਾ. ਚੱਬੇਵਾਲ ਨੇ ਫਗਵਾੜਾ ਵਿਚ ਦੋ ਇਤਿਹਾਸਿਕ ਸੜਕਾਂ ਦਾ ਰੱਖਿਆ ਨੀਂਹ ਪੱਥਰ
*ਸੰਸਦ ਡਾ. ਰਾਜ ਨੇ ਫਗਵਾੜਾ ਵਿਚ ਦੋ ਇਤਿਹਾਸਿਕ ਸੜਕਾਂ ਦਾ ਰੱਖਿਆ ਨੀਂਹ ਪੱਥਰ*
Publish Date: Sat, 04 Apr 2026 10:03 PM (IST)
Updated Date: Sat, 04 Apr 2026 10:07 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਦੇ ਲੋਕ ਸਭਾ ਵਿਚ ਉਪ ਆਗੂ ਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਅਥਕ ਯਤਨਾਂ ਤੇ ਮਿਹਨਤ ਨਾਲ ਫਗਵਾੜਾ ਵਿਧਾਨ ਸਭਾ ਹਲਕੇ ਵਿਚ ਲੰਬੇ ਸਮੇਂ ਤੋਂ ਲੰਬਿਤ ਦੋ ਇਤਿਹਾਸਿਕ ਮਹੱਤਵ ਵਾਲੀਆਂ ਸੜਕਾਂ ਦਾ ਨਿਰਮਾਣ ਹੁਣ ਬਹੁਤ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਡਾ. ਰਾਜ ਨੇ ਇਨ੍ਹਾਂ ਸੜਕਾਂ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਲਈ ਨੀਂਹ ਪੱਥਰ ਰੱਖਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਤੇ ਆਪ ਦੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਵੀ ਖਾਸ ਤੌਰ ’ਤੇ ਹਾਜ਼ਰ ਸਨ। ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਨ੍ਹਾਂ ਦੋਵਾਂ ਗ੍ਰਾਮੀਣ ਸੜਕਾਂ ਦੇ ਨਿਰਮਾਣ ਕੰਮ ’ਤੇ 9.45 ਕਰੋੜ ਰੁਪਏ ਖਰਚ ਹੋਣਗੇ ਤੇ ਇਨ੍ਹਾਂ ਸੜਕਾਂ ਦਾ ਕੰਮ ਸ਼ੁਰੂ ਕਰਕੇ ਜਲਦ ਤੋਂ ਜਲਦ ਮੁਕੰਮਲ ਕਰ ਦਿੱਤਾ ਜਾਵੇਗਾ। ਸੰਸਦ ਡਾ. ਰਾਜ ਨੇ ਦੱਸਿਆ ਕਿ ਪਹਿਲੀ ਸੜਕ ਪਿੰਡ ਮੌਲੀ ਤੋਂ ਪੰਡਵਾ ਤੇ ਜਗਤਪੁਰ ਜੱਟਾ ਹੁੰਦੀ ਹੋਈ ਫਗਵਾੜਾ-ਨਕੋਦਰ ਰੋਡ ਨਾਲ ਮਿਲੇਗੀ। ਸੰਤ ਮਹਾਪੁਰਖਾਂ ਦੀ ਮੰਗ ’ਤੇ ਬਣ ਰਹੀ ਇਸ ਸੜਕ ਦਾ ਨਾਮ ਸੰਤ ਦਲੇਲ ਸਿੰਘ ਮਾਰਗ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ 9.30 ਕਿਲੋਮੀਟਰ ਹੈ ਤੇ ਚੌੜਾਈ 18 ਫੁੱਟ ਰਹੇਗੀ। ਇਸ ਸੜਕ ਦੇ ਨਿਰਮਾਣ ’ਤੇ ਲਗਭਗ 4 ਕਰੋੜ 15 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਦੂਜੀ ਸੜਕ ਪਿੰਡ ਪੰਡਵਾ ਤੋਂ ਘੁੜਕਾ ਹੁੰਦੀ ਹੋਈ ਜ਼ਿਲ੍ਹਾ ਜਲੰਧਰ ਵਿਚ ਪੈਂਦੇ ਰੁੜਕਾ ਕਲਾਂ ਤੱਕ ਬਣੇਗੀ। ਇਸ ਸੜਕ ਦੀ ਲੰਬਾਈ 7 ਕਿਲੋਮੀਟਰ ਹੈ ਤੇ ਚੌੜਾਈ 18 ਫੁੱਟ ਹੋਵੇਗੀ। ਇਸ ਸੜਕ ਦੇ ਨਿਰਮਾਣ ’ਤੇ 5 ਕਰੋੜ 30 ਲੱਖ ਰੁਪਏ ਖਰਚ ਹੋਣਗੇ। ਸੰਸਦ ਡਾ. ਰਾਜ ਨੇ ਕਿਹਾ ਕਿ ਇਹ ਦੋਵੇਂ ਗ੍ਰਾਮੀਣ ਖੇਤਰਾਂ ਦੀਆਂ ਸੜਕਾਂ ਅਨੇਕਾਂ ਧਾਰਮਿਕ ਸਥਾਨਾਂ ਨਾਲ ਜੁੜਦੀਆਂ ਹਨ। ਇਸ ਲਈ ਇਨ੍ਹਾਂ ਸੜਕਾਂ ਦਾ ਨਿਰਮਾਣ ਕੰਮ ਸਭ ਤੋਂ ਪਹਿਲਾਂ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਫਗਵਾੜਾ ਦੇ ਵਿਕਾਸ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਸੰਸਦ ਡਾ. ਰਾਜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਚੱਬੇਵਾਲ ਤੇ ਫਗਵਾੜਾ ਵਿਧਾਨ ਸਭਾ ਹਲਕੇ ਸਮੇਤ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਪੈਂਦੇ ਸਾਰੇ ਹਲਕਿਆਂ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਵਿਕਾਸ ਨਾਲ ਜੁੜੀ ਲੋਕਾਂ ਦੀ ਹਰ ਮੰਗ ਨੂੰ ਪੂਰਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫਗਵਾੜਾ ਵਿਚ ਲਗਭਗ ਸਾਰੇ ਗ੍ਰਾਮੀਣ ਖੇਤਰਾਂ ਵਿਚ 10 ਫੁੱਟ ਚੌੜੀਆਂ ਸੜਕਾਂ ਬਣੀਆਂ ਹੋਈਆਂ ਹਨ। ਇਹ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋ ਰਿਹਾ ਹੈ ਕਿ ਡਾ. ਰਾਜ ਦੀ ਬਦੌਲਤ ਹੁਣ ਪਿੰਡ ਦੀਆਂ 10 ਫੁੱਟ ਚੌੜੀਆਂ ਸੜਕਾਂ ਨੂੰ 18 ਫੁੱਟ ਚੌੜਾ ਬਣਾਇਆ ਜਾ ਰਿਹਾ ਹੈ।